''ਆਪ'' ਵਿਧਾਇਕਾਂ ਨੇ ਮੁੱਖ ਸਕੱਤਰ ਨੂੰ ਮਿਲ ਕੇ ਰਾਣਾ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ

10/14/2017 6:56:35 AM

ਚੰਡੀਗੜ੍ਹ  (ਰਮਨਜੀਤ) - ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ 'ਆਪ' ਵਿਧਾਇਕਾਂ ਦੇ ਇਕ ਵਫਦ ਸਹਿਤ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨਾਲ ਮੁਲਾਕਾਤ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਇਕ ਮੰਗ-ਪੱਤਰ ਸੌਂਪਿਆ।
ਇਸ ਪੱਤਰ ਨਾਲ ਕਈ ਤਰ੍ਹਾਂ ਦੇ ਦਸਤਾਵੇਜ਼ ਪੇਸ਼ ਕਰ ਕੇ ਮੰਗ ਕੀਤੀ ਕਿ ਰੇਤ ਮਾਈਨਿੰਗ ਮਾਮਲੇ 'ਚ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ੀ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਅਹੁਦੇ ਤੋਂ ਤੁਰੰਤ ਹਟਾਇਆ ਜਾਵੇ। ਆਗੂਆਂ ਨੇ ਕਿਹਾ ਕਿ ਅਜਿਹਾ ਨਾ ਹੋਇਆ ਤਾਂ 'ਆਪ' ਇਸ ਮਾਮਲੇ ਨੂੰ ਸੀ. ਬੀ. ਆਈ. ਜਾਂਚ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਏਗੀ। ਖਹਿਰਾ ਨੇ ਕਿਹਾ ਕਿ ਭਾਵੇਂ ਜਸਟਿਸ ਨਾਰੰਗ ਕਮਿਸ਼ਨ ਵੱਲੋਂ ਰਾਣਾ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਪਰ ਉਸੇ ਕਮਿਸ਼ਨ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਆਮ ਆਦਮੀ ਪਾਰਟੀ ਨੇ ਸਾਰੀ ਸਚਾਈ ਦਸਤਾਵੇਜ਼ਾਂ ਦੇ ਜ਼ਰੀਏ ਪੇਸ਼ ਕਰ ਦਿੱੱਤੀ ਹੈ ਕਿ ਅਸਲ 'ਚ ਬੋਲੀ ਦੇਣ ਲਈ ਰਾਣਾ ਗੁਰਜੀਤ ਦਾ ਪੈਸਾ ਲੱਗਾ ਸੀ। ਇਸ ਮੌਕੇ 'ਆਪ' ਵਿਧਾਇਕ ਪ੍ਰਿੰਸੀਪਲ ਬੁਧ ਰਾਮ, ਹਰਪਾਲ ਸਿੰਘ ਚੀਮਾ, ਜਗਦੇਵ ਸਿੰਘ ਤੇ ਹੋਰ ਮੌਜੂਦ ਸਨ।

Related News