ਮੁੱਖ ਮੰਤਰੀ ਦੀ ਚੰਨੀ ਨੂੰ ਦਿੱਤੀ ਸਮਾਂ ਸੀਮਾ ਖ਼ਤਮ, ਅੱਜ ਕਰਨਗੇ ਪ੍ਰੈੱਸ ਕਾਨਫੰਰਸ
Wednesday, May 31, 2023 - 12:08 PM (IST)
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੇ ਅਲਟੀਮੇਟਮ ਦਾ ਸਮਾਂ ਅੱਜ ਖ਼ਤਮ ਹੋ ਰਿਹਾ ਹੈ। ਇਸ ਦੇ ਬਾਅਦ ਅੱਜ ਮੁੱਖ ਮੰਤਰੀ ਮਾਨ ਪ੍ਰੈੱਸ ਕਾਨਫੰਰਸ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਚੰਨੀ ਨੂੰ ਸਿੱਧੀ ਚੇਤਾਵਨੀ ਦਿੰਦੇ ਹੋਏ 31 ਮਈ ਤੱਕ ਦਾ ਅਲਟੀਮੇਟਮ ਦਿੱਤਾ ਸੀ ਤਾਂ ਜੋ ਆਪਣੇ ਭਤੀਜੇ ਵੱਲੋਂ ਖਿਡਾਰੀ ਤੋਂ ਨੌਕਰੀ ਦੇ ਬਦਲੇ ਰਿਸ਼ਵਤ ਮੰਗਣ ਸਬੰਧਤ ਸਾਰੀ ਜਾਣਕਾਰੀ ਜਨਤਕ ਕਰ ਦੇਣ। ਉਨ੍ਹਾਂ ਕਿਹਾ ਸੀ ਕਿ ਜੇਕਰ ਚੰਨੀ ਨੇ ਅਜਿਹਾ ਨਹੀਂ ਕੀਤਾ ਤਾਂ ਉਹ 31 ਮਈ ਨੂੰ ਦੁਪਹਿਰ 2 ਵਜੇ ਪ੍ਰੈੱਸ ਕਾਨਫਰੰਸ ਕਰਕੇ ਇਸ ਦਾ ਖ਼ੁਲਾਸਾ ਕਰਨਗੇ।
ਇਹ ਵੀ ਪੜ੍ਹੋ- GNDU ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਯੂਨੀਵਰਸਿਟੀ ਨੇ ਤਬਦੀਲ ਕੀਤੇ ਪ੍ਰੀਖਿਆ ਕੇਂਦਰ
ਚੰਨੀ ਨੇ ਕੀ ਦਿੱਤਾ ਸਪੱਸ਼ਟੀਕਰਨ
ਦੱਸ ਦੇਈਏ ਕਿ ਮੁੱਖ ਮੰਤਰੀ ਵੱਲੋਂ ਲਾਏ ਗਏ ਦੋਸ਼ਾਂ ਨੂੰ ਚਰਨਜੀਤ ਸਿੰਘ ਚੰਨੀ ਨੇ ਨਕਾਰ ਦਿੱਤਾ ਹੈ। ਇੰਨਾ ਹੀ ਨਹੀਂ ਚੰਨੀ ਸਪੱਸ਼ਟੀਕਰਨ ਦੇਣ ਲਈ ਗੁਰਦੁਆਰਾ ਸਾਹਿਬ ਪੁੱਜੇ ਸਨ, ਜਿੱਥੇ ਉਨ੍ਹਾਂ ਨੇ ਅਰਦਾਸ ਕਰਨ ਤੋਂ ਬਾਅਦ ਕਿਹਾ ਸੀ ਕਿ ਪਰਮਾਤਮਾ ਜੇਕਰ ਮੈਂ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਆਪਣੇ ਭਤੀਜੇ ਜਾਂ ਕਿਸੇ ਹੋਰ ਰਿਸ਼ਤੇਦਾਰ ਤੋਂ ਇਕ ਰੁਪਿਆ ਵੀ ਰਿਸ਼ਵਤ ਵਜੋਂ ਲਿਆ ਹੋਵੇ। ਇਸ ਲਈ ਮੈਂ ਮੁਆਫ਼ੀ ਮੰਗਦਾ ਹਾਂ। ਇੰਨੇ ਸਮੇਂ ਤੱਕ ਮੇਰੇ ਭਤੀਜੇ ਨੂੰ ਜੇਲ੍ਹ ਵਿੱਚ ਰੱਖਿਆ ਗਿਆ। ਰਿਮਾਂਡ ਤੋਂ ਬਾਅਦ ਅਜਿਹਾ ਕੁਝ ਸਾਹਮਣੇ ਕਿਉਂ ਨਹੀਂ ਆਇਆ? ਚੰਨੀ ਨੇ ਕਿਹਾ ਕਿ ਮੈਂ ਅੱਜ ਤੱਕ ਕਿਸੇ ਤੋਂ ਇੱਕ ਰੁਪਿਆ ਵੀ ਰਿਸ਼ਵਤ ਨਹੀਂ ਲਈ, ਮੈਂ ਕਿਸੇ ਅਦਾਲਤ ਵਿੱਚ ਨਹੀਂ ਜਾਵਾਂਗਾ, ਕਿਉਂਕਿ ਰੱਬ ਤੋਂ ਵੱਡੀ ਕੋਈ ਅਦਾਲਤ ਨਹੀਂ ਹੋ ਸਕਦੀ। ਮੈਂ ਅਜਿਹੇ ਝੂਠੇ ਇਲਜ਼ਾਮਾਂ ਤੋਂ ਘਬਰਾਉਣ ਵਾਲਾ ਨਹੀਂ ਅਤੇ ਨਾ ਹੀ ਭੱਜਣ ਵਾਲਾ ਹਾਂ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਬਰਫ਼ ਵਾਲਾ ਸੂਆ ਮਾਰ ਵਿਅਕਤੀ ਦਾ ਕਤਲ
ਇਸ ਤੋਂ ਬਾਅਦ ਮੁੱਖ ਮੰਤਰੀ ਨੇ ਚੰਨੀ ਦੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ 2-4 ਦਿਨ ਹੋਰ ਭਤੀਜੇ-ਭਤੀਜਿਆਂ ਤੋਂ ਪੁੱਛ ਲਓ ਕਿਉਂਕਿ ਹੋ ਸਕਦਾ ਹੈ ਉਹ ਚੰਨੀ ਸਾਹਿਬ ਨੂੰ ਪੁੱਛੇ ਬਿਨਾਂ ਹੀ ਕੰਮ ਕਰਦੇ ਹੋਣ, ਨਹੀਂ ਤਾਂ ਉਹ ਖਿਡਾਰੀਆਂ ਨੂੰ ਜਦੋਂ ਸਾਹਮਣੇ ਲੈ ਆਉਣਗੇ ਤਾਂ ਫਿਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲੇਗਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।