ਸ਼ੱਕੀ ਹਾਲਾਤ ''ਚ ਪੱਖੇ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼

03/02/2018 4:43:49 AM

ਅੰਮ੍ਰਿਤਸਰ,   (ਸੰਜੀਵ)-  ਗਲਿਆਰੇ ਨਾਲ ਲੱਗਦੇ ਬਾਜ਼ਾਰ ਕਾਠੀਆਂ ਗਲੀ ਬੈਂਕ ਵਾਲੀ 'ਚ ਬੰਦ ਪਏ ਇਕ ਘਰ 'ਚੋਂ ਪੁਲਸ ਨੇ ਅੱਜ ਪੱਖੇ ਨਾਲ ਲਟਕ ਰਹੇ 26 ਸਾਲ ਦੇ ਨੌਜਵਾਨ ਵਿਸ਼ਾਲ ਕੁਮਾਰ ਦੀ ਲਾਸ਼ ਬਰਾਮਦ ਕੀਤੀ। ਘਰ ਵਿਚ ਅੱਗ ਲੱਗੀ ਹੋਈ ਸੀ ਅਤੇ ਫਰਨੀਚਰ ਸੜ ਰਿਹਾ ਸੀ, ਜਿਵੇਂ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ ਲਈ ਅੰਦਰ ਦਾਖਲ ਹੋਏ ਤਾਂ ਉਨ੍ਹਾਂ ਨੇ ਨੌਜਵਾਨ ਦੀ ਲਾਸ਼ ਪੱਖੇ ਨਾਲ ਲਟਕਦੀ ਦੇਖੀ, ਜਿਸ 'ਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਸ਼ੱਕੀ ਹਾਲਾਤ 'ਚ ਲਟਕ ਰਹੀ ਲਾਸ਼ ਦਾ ਖੁਲਾਸਾ ਹੱਤਿਆ ਜਾਂ ਆਤਮਹੱਤਿਆ ਪੋਸਟਮਾਰਟਮ ਰਿਪੋਰਟ ਕਰੇਗੀ।
ਦੱਸਣਯੋਗ ਹੈ ਕਿ ਜਿਸ ਘਰੋਂ ਵਿਸ਼ਾਲ ਦੀ ਲਾਸ਼ ਬਰਾਮਦ ਹੋਈ ਉਹ ਪਿਛਲੇ ਲੰਬੇ ਸਮੇਂ ਤੋਂ ਬੰਦ ਪਿਆ ਸੀ ਅਤੇ ਉਸ ਦੇ ਗੇਟ ਨੂੰ ਤਾਲਾ ਲੱਗਾ ਹੋਇਆ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ. ਸੀ. ਪੀ. ਇਨਵੈਸਟੀਗੇਸ਼ਨ ਜਗਮੋਹਨ ਸਿੰਘ ਅਤੇ ਏ. ਡੀ. ਸੀ. ਪੀ. ਜਗਜੀਤ ਸਿੰਘ ਵਾਲੀਆ ਪੁਲਸ ਬਲ ਨਾਲ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਹੇਠਾਂ ਉਤਾਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਲੁਧਿਆਣੇ ਦਾ ਬਰਾਮਦ ਹੋਇਆ ਆਧਾਰ ਕਾਰਡ : ਪੁਲਸ ਵੱਲੋਂ ਲਈ ਗਈ ਤਲਾਸ਼ੀ ਦੌਰਾਨ ਮਰਨ ਵਾਲੇ ਵਿਸ਼ਾਲ ਕੁਮਾਰ ਦੀ ਜੇਬ 'ਚੋਂ ਆਧਾਰ ਕਾਰਡ ਬਰਾਮਦ ਹੋਇਆ, ਜਿਸ 'ਤੇ ਲੁਧਿਆਣੇ ਦਾ ਪਤਾ ਲਿਖਿਆ ਹੋਇਆ ਸੀ। ਪੁਲਸ ਨੇ ਲੁਧਿਆਣਾ ਸਥਿਤ ਡਵੀਜ਼ਨ ਨੰ. 7 ਦੇ ਪੁਲਸ ਕਰਮਚਾਰੀਆਂ ਦੇ ਮਾਧਿਅਮ ਨਾਲ ਮਰਨ ਵਾਲੇ ਵਿਸ਼ਾਲ ਦੇ ਘਰ ਵਾਲਿਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ, ਜਿਨ੍ਹਾਂ ਤੋਂ ਪੁਲਸ ਨੂੰ ਪਤਾ ਲੱਗਾ ਕਿ ਵਿਸ਼ਾਲ ਪਿਛਲੇ 2 ਦਿਨਾਂ ਤੋਂ ਘਰ ਨਹੀਂ ਆਇਆ ਸੀ ਅਤੇ ਉਹ ਵੇਟਰ ਦਾ ਕੰਮ ਕਰਦਾ ਸੀ। ਸੂਚਨਾ ਮਿਲਦੇ ਹੀ ਮ੍ਰਿਤਕ ਦੇ ਘਰ ਵਾਲੇ ਲਾਸ਼ ਦੀ ਪਛਾਣ ਲਈ ਅੰਮ੍ਰਿਤਸਰ ਰਵਾਨਾ ਹੋ ਗਏ।
ਜਾਣਕਾਰੀ ਅਨੁਸਾਰ ਜਿਸ ਘਰੋਂ ਵਿਸ਼ਾਲ ਦੀ ਲਾਸ਼ ਬਰਾਮਦ ਹੋਈ ਉਹ ਰਾਜੇਸ਼ ਕੁਮਾਰ ਮਹਿੰਦਰੂ ਦਾ ਹੈ, ਜੋ ਇਕੱਲਾ ਹੀ ਰਹਿੰਦਾ ਹੈ ਅਤੇ ਕਦੇ-ਕਦੇ ਇਸ ਬੰਦ ਪਏ ਘਰ ਨੂੰ ਦੇਖਣ ਲਈ ਆਉਂਦਾ-ਜਾਂਦਾ ਹੈ। ਘਰ ਦਾ ਮਾਲਕ ਮਹਿੰਦਰੂ ਪਿਛਲੇ 2 ਦਿਨਾਂ ਤੋਂ ਘਰ ਨੂੰ ਤਾਲਾ ਲਾ ਕੇ ਹਰਿਦੁਆਰ ਗਿਆ ਹੋਇਆ ਹੈ। ਅੱਜ ਦੁਪਹਿਰ 3 ਵਜੇ ਦੇ ਕਰੀਬ ਘਰ 'ਚੋਂ ਧੂੰਆਂ ਨਿਕਲਦਾ ਦੇਖ ਕੇ ਆਲੇ-ਦੁਆਲੇ ਦੇ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਵੇਂ ਹੀ ਵਿਭਾਗ ਦੀ ਗੱਡੀ ਅੱਗ ਬੁਝਾਉਣ ਲਈ ਪਹੁੰਚੀ ਅਤੇ ਕਰਮਚਾਰੀ ਘਰ 'ਚ ਦਾਖਲ ਹੋਏ ਤਾਂ ਉਨ੍ਹਾਂ ਨੇ ਦੇਖਿਆ ਕਿ ਨੌਜਵਾਨ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ, ਜਿਸ 'ਤੇ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।
ਕੀ ਕਹਿਣਾ ਹੈ ਪੁਲਸ ਦਾ? : ਏ. ਡੀ. ਸੀ. ਪੀ. ਜਗਜੀਤ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਮਰਨ ਵਾਲਾ ਵਿਸ਼ਾਲ ਕੁਮਾਰ ਨਸ਼ੇ ਦਾ ਆਦੀ ਸੀ ਤੇ ਮਾਨਸਿਕ ਤਣਾਅ ਵਿਚ ਰਹਿੰਦਾ ਸੀ। ਲੱਗ ਰਿਹਾ ਹੈ ਕਿ ਉਹ ਨਸ਼ੇ ਦੀ ਹਾਲਤ ਵਿਚ ਘਰ 'ਚ ਦਾਖਲ ਹੋਇਆ ਅਤੇ ਪੱਖੇ ਨਾਲ ਫਾਹਾ ਲਾ ਕੇ ਆਤਮਹੱਤਿਆ ਕਰ ਲਈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮ੍ਰਿਤਕ ਦੇ ਘਰ ਵਾਲਿਆਂ ਨੂੰ ਜਾਣਕਾਰੀ ਦੇ ਦਿੱਤੀ ਹੈ।


Related News