ਦਿਨ-ਦਿਹਾੜੇ ਲੁਟੇਰਿਆਂ ਬਜ਼ੁਰਗ ਔਰਤ ਦੇ ਗਲੇ ''ਚੋਂ ਸੋਨੇ ਦੀ ਚੇਨ ਝਪਟੀ
Tuesday, Mar 13, 2018 - 06:11 AM (IST)

ਹੁਸ਼ਿਆਰਪੁਰ, (ਅਮਰਿੰਦਰ)- ਅੱਜ ਸ਼ਹਿਰ ਦੇ ਟੈਗੋਰ ਨਗਰ 'ਚ ਦਿਨ ਦਿਹਾੜੇ ਬਜ਼ੁਰਗ ਔਰਤ ਨੂੰ ਉਸ ਸਮੇਂ ਲੁਟੇਰਿਆਂ ਨੇ ਨਿਸ਼ਾਨਾ ਬਣਾ ਲਿਆ, ਜਦੋਂ ਉਹ ਘਰ ਦੇ ਬਾਹਰ ਖੜ੍ਹੀ ਸੀ।
ਟਾਂਡਾ ਰੋਡ ਨਾਲ ਲੱਗਦੇ ਮੁਹੱਲਾ ਟੈਗੋਰ ਨਗਰ 'ਚ ਸਵੇਰੇ 10 ਵਜੇ ਦੇ ਕਰੀਬ ਗਲੀ ਨੰ. 7 'ਚ ਅਨੀਤਾ ਭਾਟੀਆ ਆਪਣੇ ਘਰ ਦੀ ਸਫ਼ਾਈ ਕਰ ਰਹੀ ਸੀ। ਇਸੇ ਦੌਰਾਨ ਕਾਲੇ ਰੰਗ ਦੀ ਪਲਸਰ ਮੋਟਰਸਾਈਕਲ 'ਤੇ ਸਵਾਰ 2 ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕਣ ਦਾ ਇਸ਼ਾਰਾ ਕਰਕੇ ਕੋਈ ਪਤਾ ਪੁੱਛਣ ਲੱਗੇ। ਇਸ ਦੌਰਾਨ ਦੋਨੋਂ ਹੀ ਨੌਜਵਾਨ ਬੜੀ ਤੇਜ਼ੀ ਨਾਲ ਉਸ ਦੇ ਗਲੇ 'ਚੋਂ 2 ਤੋਲੇ ਦੀ ਸੋਨੇ ਦੀ ਚੈਨ ਝਪਟ ਕੇ ਪਲਕ ਝਪਕਦੇ ਹੀ ਮੌਕੇ ਤੋਂ ਫ਼ਰਾਰ ਹੋ ਗਏ। ਬਜ਼ੁਰਗ ਦੀ ਚੀਕ ਪੁਕਾਰ ਸੁਣ ਕੇ ਜਦੋਂ ਲੋਕ ਘਰੋਂ ਬਾਹਰ ਨਿਕਲੇ ਤਾਂ ਦੋਵੇਂ ਹੀ ਦੋਸ਼ੀ ਫ਼ਰਾਰ ਹੋ ਚੁੱਕੇ ਸੀ।
ਇਸੇ ਦੌਰਾਨ ਲੋਕਾਂ ਵੱਲੋਂ ਦਿੱਤੀ ਸੂਚਨਾ ਦੇ ਮਿਲਦੇ ਹੀ ਥਾਣਾ ਮਾਡਲ ਟਾਊਨ ਪੁਲਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ 'ਚ ਜੁੱਟ ਗਈ। ਪੁਲਸ ਆਸਪਾਸ ਦੇ ਘਰਾਂ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਫੁਟੇਜ ਵੀ ਖੰਗਾਲ ਰਹੀ ਹੈ।