ਪਤੀ-ਪਤਨੀ ਦੇ ਕਲੇਸ਼ ਵਿਚਾਲੇ ਫਟਿਆ ਸਿਲੰਡਰ, ਜ਼ੋਰਦਾਰ ਧਮਾਕੇ ਨਾਲ ਮਚਿਆ ਚੀਕ-ਚਿਹਾੜਾ (ਵੀਡੀਓ)

Saturday, Dec 23, 2023 - 12:32 PM (IST)

ਲੁਧਿਆਣਾ (ਖੁਰਾਣਾ) : ਪੱਖੋਵਾਲ ਰੋਡ ਸਥਿਤ ਕੀਜ਼ ਹੋਟਲ ਦੀ ਬੈਕ ਸਾਈਡ ’ਤੇ ਪੈਂਦਾ ਦੇਵਨਗਰ ਇਲਾਕਾ ਵੀਰਵਾਰ ਦੀ ਦੇਰ ਰਾਤ ਉਸ ਸਮੇਂ ਦਹਿਲ ਉੱਠਿਆ, ਜਦ ਗੈਸ ਸਿਲੰਡਰ ਫਟਣ ਕਾਰਨ ਹੋਏ ਜ਼ੋਰਦਰ ਧਮਾਕੇ ਨਾਲ ਇਕ ਮਕਾਨ ਦੀ ਛੱਤ ਦਾ ਲੈਂਟਰ ਢਹਿ ਗਿਆ ਅਤੇ ਕੰਧਾਂ ਪੂਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ। ਹਾਦਸੇ ਦੌਰਾਨ ਉੱਠੀਆਂ ਅੱਗ ਦੀਆਂ ਭਿਆਨਕ ਲਪਟਾਂ ’ਚ ਕਈ ਲੋਕਾਂ ਦੇ ਝੁਲਸ ਜਾਣ ਸਮੇਤ 2 ਪੁਲਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਹਾਦਸੇ ਦੌਰਾਨ ਗੈਸ ਸਿਲੰਡਰ ਬਲਾਸਟ ਹੋਣ ਕਾਰਨ ਹੋਏ ਧਮਾਕੇ ਨਾਲ ਪੂਰੇ ਇਲਾਕੇ ’ਚ ਦਹਿਸ਼ਤ ਫੈਲ ਗਈ ਅਤੇ ਮੌਕੇ ’ਤੇ ਚੀਕਾਂ ਗੂੰਜਣ ਲੱਗੀਆਂ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ’ਚ ਅੱਜ ਹੋਣਗੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ

ਦੱਸਿਆ ਜਾ ਰਿਹਾ ਹੈ ਕਿ ਮੌਜੂਦ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਕਈ ਵਿਅਕਤੀ ਅੱਗ ਦੀ ਲਪੇਟ ਵਿਚ ਆ ਕੇ ਬੁਰੀ ਤਰਾਂ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਫਿਰੋਜ਼ਪੁਰ ਰੋਡ ਸਥਿਤ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ. ਇੰਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਲਾਕੇ ’ਚ ਕਿਰਾਏ ਦੇ ਮਕਾਨ ’ਤੇ ਰਹਿਣ ਵਾਲੇ ਪਤੀ-ਪਤਨੀ ਦਾ ਆਪਸ ’ਚ ਝਗੜਾ ਚੱਲ ਰਿਹਾ ਸੀ, ਜਿਸ ਵਿਚ ਪਤੀ ਸੁਸ਼ੀਲ ਕੁਮਾਰ ਨੇ ਕਲੇਸ਼ ਤੋਂ ਬਾਅਦ ਪਤਨੀ ਨੂੰ ਡਰਾਉਣ ਦੇ ਮਕਸਦ ਨਾਲ ਖ਼ੁਦ ਨੂੰ ਕਮਰੇ ’ਚ ਬੰਦ ਕਰ ਕੇ ਗੈਸ ਸਿਲੰਡਰ ਦੀ ਪਾਈਪ ਰੈਗੂਲੇਟਰ ਤੋਂ ਬਾਹਰ ਕੱਢ ਕੇ ਅੱਗ ਲਗਾਉਣ ਦੀ ਧਮਕੀ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਦੌਰਾਨ ਵਿਦਿਆਰਥੀਆਂ ਲਈ ਵੱਡੀ ਖ਼ਬਰ, ਜਾਰੀ ਹੋਏ ਇਹ ਹੁਕਮ
ਇੰਸਪੈਕਟਰ ਨੇ ਦਾਅਵਾ ਕੀਤਾ ਕਿ ਇਸ ਦੌਰਾਨ ਗੈਸ ਲੀਕ ਹੋਣ ਨਾਲ ਪ੍ਰੈਸ਼ਰ ਲਗਾਤਾਰ ਵੱਧਦਾ ਗਿਆ, ਜਿਸ ਕਾਰਨ ਅੱਗ ਲੱਗ ਗਈ। ਉਨ੍ਹਾਂ ਦਾਅਵਾ ਕੀਤਾ ਕਿ ਅੱਗ ਦੀਆਂ ਲਪਟਾਂ ਕਾਰਨ ਮਕਾਨ ਦਾ ਲੈਟਰ ਡਿੱਗ ਗਿਆ ਅਤੇ ਕੰਧਾਂ ਨੁਕਸਾਨੀਆਂ ਗਈਆਂ। ਇੰਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਪਿੱਛੇ ਜ਼ਮੀਨੀ ਸੱਚਾਈ ਜਾਣਨ ਲਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਗ ’ਚ ਝੁਲਸੇ ਵਿਅਕਤੀਆਂ ਦੇ ਬਿਆਨ ਲੈਣ ਲਈ ਪੁਲਸ ਮੁਲਾਜ਼ਮ ਪੁਲਸ ਹਸਪਤਾਲ ਗਏ ਸਨ ਪਰ ਡਾਕਟਰ ਨੇ ਜ਼ਖਮੀਆਂ ਦੇ ਫਿਲਹਾਲ ਫਿੱਟ ਨਾ ਹੋਣ ਕਰਨ ਬਿਆਨ ਦਰਜ ਨਹੀਂ ਹੋ ਸਕੇ। ਗੁਰਪ੍ਰੀਤ ਨੇ ਕਿਹਾ ਕਿ ਬਿਆਨਾਂ ਤੋਂ ਬਾਅਦ ਹੀ ਸਾਰੀ ਸਥਿਤੀ ਸਾਫ਼ ਹੋ ਸਕੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News