ਘਰ ''ਚੋਂ ਸਾਈਕਲ ''ਤੇ ਗੈਸ ਸਿਲੰਡਰ ਲੈ ਕੇ ਭੱਜਿਆ ਚੋਰ ਫੜਿਆ
Friday, Sep 29, 2017 - 05:36 AM (IST)
ਜਲੰਧਰ, (ਮਹੇਸ਼)— ਅਜੀਤ ਨਗਰ ਇਲਾਕੇ ਵਿਚ ਵੀਰਵਾਰ ਸਵੇਰੇ ਇਕ ਘਰ ਵਿਚੋਂ ਸਾਈਕਲ 'ਤੇ ਗੈਸ ਸਿਲੰਡਰ ਲੈ ਕੇ ਭੱਜੇ ਚੋਰ ਨੂੰ ਘਰ ਵਾਲਿਆਂ ਨੇ ਲੋਕਾਂ ਦੀ ਮਦਦ ਨਾਲ ਖੁਦ ਹੀ ਕਾਬੂ ਕਰ ਲਿਆ ਤੇ ਮੌਕੇ 'ਤੇ ਪਹੁੰਚੇ ਥਾਣਾ ਰਾਮਾਮੰਡੀ ਦੇ ਏ. ਐੱਸ. ਆਈ. ਸਤਵਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ। ਅਜੀਤ ਨਗਰ ਵਾਸੀ ਗੁਰਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹ ਘਰ ਵਿਚ ਸੁੱਤੇ ਹੋਏ ਸਨ। ਸਵੇਰ ਤੜਕੇ ਜਦੋਂ ਘਰ ਵਾਲਿਆਂ ਨੇ ਦੁੱਧ ਲੈਣ ਤੋਂ ਬਾਅਦ ਦਰਵਾਜ਼ਾ ਨਾ ਲਾਇਆ ਤਾਂ ਚੋਰ ਨੇ ਹਨੇਰੇ ਦਾ ਫਾਇਦਾ ਚੁੱਕਦਿਆਂ ਘਰ ਦੇ ਵਿਹੜੇ ਵਿਚ ਪਿਆ ਗੈਸ ਸਿਲੰਡਰ ਉਥੇ ਪਏ ਸਾਈਕਲ 'ਤੇ ਰੱਖਿਆ ਤੇ ਲੈ ਕੇ ਫਰਾਰ ਹੋ ਗਿਆ।
ਗੁਰਦੀਪ ਨੇ ਦੱਸਿਆ ਕਿ ਸ਼ੱਕ ਪੈਣ 'ਤੇ ਉਹ ਚੋਰ ਦੇ ਘਰ ਪਹੁੰਚਿਆ ਤੇ ਉਸਨੂੰ ਸਾਈਕਲ ਸਿਲੰਡਰ ਸਣੇ ਰੰਗੇ ਹੱਥੀਂ ਫੜ ਲਿਆ। ਗੁਰਦੀਪ ਅਨੁਸਾਰ ਉਸਨੇ ਉਕਤ ਚੋਰ ਦੇ ਕਬਜ਼ੇ ਵਿਚੋਂ ਪੁਲਸ ਨੂੰ ਇਕ ਮੋਬਾਇਲ ਤੇ ਦੋ ਮੋਟਰਸਾਈਕਲ ਜੋ ਕਿ ਉਸਨੇ ਖਾਲੀ ਪਲਾਟ ਵਿਚ ਖੜ੍ਹੇ ਕੀਤੇ ਸਨ, ਫੜਵਾਏ ਹਨ ਜੋ ਪੁਲਸ ਨੇ ਕਬਜ਼ੇ ਵਿਚ ਲੈ ਲਏ ਹਨ। ਦੋਵੇਂ ਮੋਟਰਸਾਈਕਲਾਂ ਦੀਆਂ ਚਾਬੀਆਂ ਵੀ ਚੋਰ ਦੀ ਜੇਬ ਵਿਚ ਸਨ। ਏ. ਐੱਸ. ਆਈ. ਸਤਵਿੰਦਰ ਸਿੰਘ ਕੋਲੋਂ ਇਸ ਵਾਰਦਾਤ ਸੰਬੰਧੀ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਦੇਰ ਸ਼ਾਮ ਤੱਕ ਪੁਲਸ ਨੇ ਫੜੇ ਗਏ ਚੋਰ 'ਤੇ ਕੋਈ ਕਾਰਵਾਈ ਨਹੀਂ ਕੀਤੀ ਸੀ ਤੇ ਨਾ ਹੀ ਉਸਦਾ ਨਾਂ ਤੇ ਪਤਾ ਦੱਸਿਆ।
