ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਵੱਲੋਂ ਡਿਫ਼ਾਲਟਰ ਕਰਜ਼ਦਾਰ ਗ੍ਰਿਫ਼ਤਾਰ

Tuesday, Jun 12, 2018 - 04:24 AM (IST)

ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਵੱਲੋਂ ਡਿਫ਼ਾਲਟਰ ਕਰਜ਼ਦਾਰ ਗ੍ਰਿਫ਼ਤਾਰ

ਤਰਨਤਾਰਨ, (ਰਾਜੂ)- ਸੂਬੇ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪ੍ਰਬੰਧ ਨਿਰਦੇਸ਼ਕ ਹਰਿੰਦਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਲੈਂਡ ਮਾਰਟਗੇਜ ਬੈਂਕ) ਵੱਲੋਂ ਵੱਡੇ ਡਿਫਾਲਟਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ ਅੱਜ ਸਹਿਕਾਰੀ ਖੇਤੀ ਵਿਕਾਸ ਬੈਂਕ, ਤਰਨਤਾਰਨ (ਲੈਂਡ ਮਾਰਟਗੇਜ ਬੈਂਕ) ਨੇ ਅਵਤਾਰ ਸਿੰਘ ਵਾਸੀ ਪਿੰਡ ਦੋਦੇ ਨੂੰ ਗ੍ਰਿਫ਼ਤਾਰ ਕਰਕੇ ਮਾਣਯੋਗ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਤਰਨਤਾਰਨ ਰਣਜੀਤ ਕੌਰ ਦੇ ਸਾਹਮਣੇ ਪੇਸ਼ ਕੀਤਾ।
ਬੈਂਕ ਮੈਨੇਜਰ ਵੱਲੋਂ ਦੱਸਿਆ ਗਿਆ ਕਿ ਅਵਤਾਰ ਸਿੰਘ ਨੇ ਸਾਲ 2006 ਵਿਚ ਬੈਂਕ ਦੀਆਂ ਵੱਖ-ਵੱਖ ਸਕੀਮਾਂ ਤਹਿਤ 7.50 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜੋ ਕਿ ਹੁਣ 10.00 ਲੱਖ ਰੁਪਏ ਦੇ ਕਰੀਬ ਭਰਨਯੋਗ ਬਕਾਇਆ ਹੈ ਅਤੇ ਕਰਜ਼ਦਾਰ, ਜੋ ਕਿ ਵਿਲਫੁੱਲ ਡਿਫਾਲਟਰ ਹੈ ਅਤੇ ਜਾਣ-ਬੁੱਝ ਕੇ ਸਭ ਕੁੱਝ ਹੁੰਦੇ ਹੋਏ ਵੀ ਬੈਂਕ ਦੇ ਕਰਜ਼ੇ ਦੀਆਂ ਕਿਸ਼ਤਾਂ ਵਾਪਸ ਨਹੀਂ ਕਰ ਰਿਹਾ। ਉਨ੍ਹਾਂ ਇਹ ਦੱਸਿਆ ਕਿ ਸਬੰਧਤ ਕਰਜ਼ਦਾਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਇਕ ਖਾਤਾ ਬੰਦ ਕਰਵਾ ਦਿੱਤਾ ਗਿਆ ਅਤੇ ਹੋਰ ਬਕਾਇਆ ਰਕਮ ਦੇ ਚੈੱਕ ਦਿੱਤੇ ਗਏ। 
ਖਾਤਾ ਬੰਦ ਹੋਣ ਤੋਂ ਬਾਅਦ ਸਬੰਧਤ ਕਰਜ਼ਦਾਰ ਨੂੰ ਸਹਾਇਕ ਰਜਿਸਟਰਾਰ, ਤਰਨਤਾਰਨ ਦੀ ਅਦਾਲਤ ਤੋਂ ਰਿਹਾਈ ਦੇ ਹੁਕਮ ਦਿੱਤੇ ਗਏ। ਇਸ ਮੌਕੇ ਜ਼ਿਲਾ ਮੈਨੇਜਰ ਰਿਪੂਦਮਨ ਸਿੰਘ ਔਲਖ ਨੇ ਦੱਸਿਆ ਕਿ ਜ਼ਿਲੇ ਦੀਆਂ ਸਾਰੀਆਂ ਹੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕਾਂ, ਤਰਨਤਾਰਨ, ਪੱਟੀ, ਚੋਹਲਾ ਸਾਹਿਬ ਅਤੇ ਭਿੱਖੀਵਿੰਡ ਦੇ ਵੱਡੇ ਅਤੇ ਜਾਣ-ਬੁੱਝ ਕੇ ਕਿਸ਼ਤਾਂ ਨਾ ਭਰਨ ਵਾਲੇ ਡਿਫਾਲਟਰਾਂ ਦੇ ਖ਼ਿਲਾਫ਼ ਮਾਣਯੋਗ ਅਦਾਲਤ ਵੱਲੋਂ ਵਾਰੰਟ ਜਾਰੀ ਕਰ ਦਿੱਤੇ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ 'ਤੇ ਡਿਫਾਲਟਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਜ਼ਿਲੇ ਭਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕਾਂ (ਲੈਂਡ ਮਾਰਟਗੇਜ ਬੈਂਕਾਂ) ਦੀਆਂ ਕਿਸ਼ਤਾਂ 30 ਜੂਨ ਤੋਂ ਪਹਿਲਾਂ-ਪਹਿਲਾਂ ਭਰ ਦੇਣ ਤਾਂ ਕਿ ਚੱਲ ਰਹੀ ਸਖ਼ਤ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕੇ। 


Related News