ਇਮਾਰਤ ਦੀ ਉਸਾਰੀ ਪ੍ਰਸ਼ਾਸਨ ਲਈ ਬਣ ਚੁੱਕੀ ਹੈ ਪ੍ਰੇਸ਼ਾਨੀ ਦਾ ਸਬੱਬ

11/16/2017 7:26:17 AM

ਕਪੂਰਥਲਾ, (ਸੇਖੜੀ)- ਸੁਲਤਾਨਪੁਰ ਰੋਡ 'ਤੇ ਸਿਵਲ ਹਸਪਤਾਲ ਨੇੜੇ ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਇਕ ਇਮਾਰਤ ਦੀ ਉਸਾਰੀ ਪ੍ਰਸ਼ਾਸਨ ਅਤੇ ਨਗਰ ਪਾਲਿਕਾ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਚੁੱਕੀ ਹੈ, ਜਦਕਿ ਇਮਾਰਤ ਦਾ ਘਰੇਲੂ ਨਕਸ਼ਾ ਪਾਸ ਹੋ ਚੁੱਕਾ ਹੈ। ਇਕ ਗੁਆਂਢੀ ਨੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ, ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ, ਡਾਇਰੈਕਟਰ ਲੋਕਲ ਬਾਡੀਜ਼ ਚੰਡੀਗੜ੍ਹ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਲਿਖੀਆਂ ਆਪਣੀਆਂ ਸ਼ਿਕਾਇਤਾਂ ਵਿਚ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਸਾਰੇ ਸਰਕਾਰੀ ਨਿਯਮਾਂ ਨੂੰ ਛਿੱਕੇ 'ਤੇ ਟੰਗ ਕੇ ਇਮਾਰਤ ਦੀ ਨਾਜਾਇਜ਼  ਉਸਾਰੀ ਲਗਾਤਾਰ ਜਾਰੀ ਹੈ। 
ਸ਼ਿਕਾਇਤਕਰਤਾ ਨੇ ਦੱਸਿਆ ਕਿ ਨਗਰ ਪਾਲਿਕਾ ਦੇ ਅਧਿਕਾਰੀਆਂ ਨੂੰ ਕਈ ਵਾਰ ਸੂਚਨਾਵਾਂ ਦੇਣ ਦੇ ਬਾਵਜੂਦ ਸਰਕਾਰੀ ਕਾਰਵਾਈ ਬੇਹੱਦ ਢਿੱਲੀ ਰਫਤਾਰ ਨਾਲ ਚੱਲ ਰਹੀ ਹੈ, ਜਿਸ ਕਾਰਨ ਉਸ ਦੀ ਇਮਾਰਤ ਦਾ ਹਿੱਸਾ ਕਾਫੀ ਹੱਦ ਤੱਕ ਲੁਕ ਰਿਹਾ ਹੈ। 
ਇਸ ਸਬੰਧ ਵਿਚ ਨਗਰ ਪਾਲਿਕਾ ਦੇ ਕਾਰਜ ਸਾਧਕ ਅਫਸਰ ਕੁਲਭੂਸ਼ਨ ਗੋਇਲ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਕਤ ਇਮਾਰਤ ਦਾ ਨਕਸ਼ਾ ਪਾਸ ਹੋ ਚੁੱਕਾ ਹੈ। ਇਮਾਰਤ ਦੇ ਅੱਗੇ ਨਾਜਾਇਜ਼ ਢੰਗ ਨਾਲ ਵਾਧਰੇ ਪਾਏ ਜਾ ਰਹੇ ਹਨ। ਗਰਾਊਂਡ ਫਲੋਰ ਦੇ ਵਾਧਰੇ ਨੂੰ ਪਾਉਣ ਤੋਂ ਰੋਕ ਦਿੱਤਾ ਗਿਆ ਸੀ, ਜਦਕਿ ਵਾਧਰੇ ਦਾ ਸਰੀਆ ਅਜੇ ਤੱਕ ਨਹੀਂ ਕੱਟਿਆ ਗਿਆ। ਇਸ ਸਬੰਧ 'ਚ ਉਸ ਨੂੰ ਸੈਕਸ਼ਨ 195 ਡੀ ਦਾ ਨੋਟਿਸ ਵੀ ਦਿੱਤਾ ਜਾ ਚੁੱਕਾ ਹੈ। ਗੋਇਲ ਨੇ ਦੱਸਿਆ ਕਿ ਪਤਾ ਚੱਲਿਆ ਹੈ ਕਿ ਉਕਤ ਇਮਾਰਤ ਦੀ ਉਪਰਲੀ ਮੰਜ਼ਿਲ 'ਤੇ ਵਾਧਰਾ ਪਾ ਲਿਆ ਗਿਆ ਹੈ। ਇਸ ਸਬੰਧ ਵਿਚ ਐੱਮ. ਈ. ਬ੍ਰਾਂਚ ਨੂੰ ਸੈਕਸ਼ਨ 220 ਅਨੁਸਾਰ ਨੋਟਿਸ ਦੇਣ ਲਈ ਕਿਹਾ ਜਾ ਚੁੱਕਾ ਹੈ। ਅੱਜ ਬਾਰਿਸ਼ ਕਾਰਨ ਇਮਾਰਤ ਦੀ ਉਸਾਰੀ ਬੰਦ ਸੀ ਪਰ ਉਥੇ ਮੌਜੂਦ ਇਕ ਵਿਅਕਤੀ ਨੇ ਦੱਸਿਆ ਕਿ ਇਸ ਇਮਾਰਤ ਦਾ ਨਕਸ਼ਾ ਪਾਸ ਹੋ ਚੁੱਕਾ ਹੈ ਪਰ ਫਿਰ ਵੀ ਨਾਜਾਇਜ਼ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਈ. ਓ. ਕੁਲਭੂਸ਼ਨ ਗੋਇਲ ਨੇ ਦੱਸਿਆ ਕਿ ਸ਼ਹਿਰ 'ਚ ਚੱਲ ਰਹੀਆਂ ਸਾਰੀਆਂ ਨਾਜਾਇਜ਼ ਉਸਾਰੀਆਂ 'ਤੇ ਕੁਝ ਦਿਨਾਂ ਵਿਚ ਹੀ ਅਦਾਲਤੀ ਕਾਰਵਾਈ ਸ਼ੁਰੂ ਕਰਵਾਈ ਜਾ ਰਹੀ ਹੈ।


Related News