ਦਿ ਕਲਾਸ ਫੋਰ ਯੂਨੀਅਨ ਨੇ ਕਾਂਗਰਸ ਸਰਕਾਰ ਦਾ ਕੀਤਾ ਪਿੱਟ-ਸਿਆਪਾ

Sunday, Jan 28, 2018 - 01:50 PM (IST)

ਦਿ ਕਲਾਸ ਫੋਰ ਯੂਨੀਅਨ ਨੇ ਕਾਂਗਰਸ ਸਰਕਾਰ ਦਾ ਕੀਤਾ ਪਿੱਟ-ਸਿਆਪਾ


ਮੋਗਾ (ਗਰੋਵਰ, ਗੋਪੀ) - ਅੱਜ ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਵੱਲੋਂ ਡੀ. ਸੀ. ਦਫਤਰ ਮੋਗਾ ਦੇ ਸਾਹਮਣੇ ਨੰਗੇ ਧੜ ਖਾਲੀ ਪੀਪੇ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਦੀ ਅਗਵਾਈ ਜ਼ਿਲਾ ਪ੍ਰਧਾਨ ਚਮਨ ਲਾਲ ਸੰਗੇਲੀਆ, ਹਰੀ ਬਹਾਦਰ ਬਿੱਟੂ, ਪ੍ਰਕਾਸ਼ ਚੰਦ ਦੌਲਤਪੁਰਾ ਨੇ ਕੀਤੀ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਬੇਰੁਖੀ ਅਪਣਾ ਰਹੀ ਹੈ। ਚੋਣਾਂ ਮੌਕੇ ਤਾਂ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਹੁਣ ਸਰਕਾਰ ਮੁੱਕਰ ਗਈ ਹੈ। 
ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕੀਤਾ ਜਾਵੇ, ਠੇਕੇ ਅਤੇ ਆਊਟ ਸੋਰਸ 'ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰ ਕੇ ਸਕੇਲ ਦਿੱਤਾ ਜਾਵੇ। ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ 23 ਫੀਸਦੀ ਵਾਧਾ ਹੋ ਚੁੱਕਾ ਹੈ ਪਰ ਪੰਜਾਬ ਸਰਕਾਰ 5 ਫੀਸਦੀ ਅੰਤ੍ਰਿਮ ਰਿਲੀਫ ਦੇ ਕੇ ਚੁੱਪ ਕਰ ਗਈ ਹੈ। ਆਗੂਆਂ ਨੇ ਮੰਗ ਕੀਤੀ ਕਿ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ, ਡੀ. ਏ. ਦੀਆਂ ਕਿਸ਼ਤਾਂ ਦਾ ਬਕਾਇਆ ਅਤੇ ਡੀ. ਏ. ਦੀਆਂ ਕਿਸ਼ਤਾਂ ਤੁਰੰਤ ਦਿੱਤੀਆਂ ਜਾਣ, ਮੁਲਾਜ਼ਮ ਭਲਾਈ ਐਕਟ 2016 ਲਾਗੂ ਕੀਤਾ ਜਾਵੇ, ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਦਾ ਕਾਨੂੰਨ ਲਾਗੂ ਕੀਤਾ ਜਾਵੇ, ਪਾਰਟ ਟਾਈਮ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਆਸ਼ਾ ਵਰਕਰਜ਼, ਆਂਗਣਵਾੜੀ ਵਰਕਰਜ਼ ਅਤੇ ਮਿਡ-ਡੇ-ਮੀਲ ਵਰਕਰਜ਼ ਨੂੰ ਮਿਨੀਮਮ ਵੇਜ ਦੇ ਕਾਨੂੰਨ ਅਨੁਸਾਰ ਰੈਗੂਲਰ ਕਰ ਕੇ ਤਨਖਾਹ ਦਿੱਤੀ ਜਾਵੇ।  ਇਸ ਮੌਕੇ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਸੂਬਾਈ ਸਕੱਤਰ ਜਗਦੀਸ਼ ਸਿੰਘ ਚਾਹਲ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਪ੍ਰਧਾਨ ਬੂਟਾ ਸਿੰਘ ਭੱਟੀ, ਪ. ਸ. ਸ. ਫ. ਦੇ ਪ੍ਰਧਾਨ ਬਚਿੱਤਰ ਸਿੰਘ ਧੋਥੜ ਆਦਿ ਨੇ ਸੰਬੋਧਨ ਕੀਤਾ। ਉਪਰੰਤ ਡਿਪਟੀ ਕਮਿਸ਼ਨਰ ਮੋਗਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ-ਪੱਤਰ ਦਿੱਤਾ।  


Related News