ਹੋਰ ਕੁਝ ਪਤਾ ਨਹੀਂ ਪਰ ਕਾਂਗਰਸ ਦੀ ਬੇੜੀ ਜ਼ਰੂਰ ਡੋਬਣਗੇ ਕੈਪਟਨ : ਛੋਟੇਪੁਰ

Friday, Dec 10, 2021 - 02:08 AM (IST)

ਹੋਰ ਕੁਝ ਪਤਾ ਨਹੀਂ ਪਰ ਕਾਂਗਰਸ ਦੀ ਬੇੜੀ ਜ਼ਰੂਰ ਡੋਬਣਗੇ ਕੈਪਟਨ : ਛੋਟੇਪੁਰ

ਚੰਡੀਗੜ੍ਹ(ਰਮਨਜੀਤ)- ਪੰਜਾਬ ਦੇ ਸਾਬਕਾ ਮੰਤਰੀ, ਆਮ ਆਦਮੀ ਪਾਰਟੀ ਦੇ ਸਾਬਕਾ ਸੂਬਾ ਸੰਯੋਜਕ ਅਤੇ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਵਲੋਂ 2022 ਦੀਆਂ ਚੋਣਾਂ ਤੋਂ ਪਹਿਲਾਂ ਨਵੇਂ ਸਮੀਕਰਣ ਬਣਾਉਂਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ’ਚ ਸ਼ਾਮਲ ਹੋਣ ਦਾ ਐਲਾਨ ਪੰਜਾਬ ਦੀ ਰਾਜਨੀਤੀ ’ਚ ਕਈ ਮਾਇਨੇ ਰੱਖਦਾ ਹੈ। ਹਾਲਾਂਕਿ ਆਮ ਆਦਮੀ ਪਾਰਟੀ ਦੇ ਸੂਬਾ ਸੰਯੋਜਕ ਅਹੁਦੇ ’ਤੋਂ ਸੁੱਚਾ ਸਿੰਘ ਛੋਟੇਪੁਰ ਨੂੰ ਹਟਾ ਦਿੱਤਾ ਗਿਆ ਸੀ ਅਤੇ 2017 ਦੀਆਂ ਵਿਧਾਨਸਭਾ ਚੋਣਾਂ ’ਚ ਛੋਟੇਪੁਰ ਵਲੋਂ ਆਪਣੀ ਪਾਰਟੀ ਬਣਾ ਕੇ ਚੋਣ ਵੀ ਲੜੀ ਗਈ ਸੀ ਪਰ ਸਫ਼ਲਤਾ ਨਹੀਂ ਮਿਲੀ ਸੀ। ਹੁਣ, ਛੋਟੇਪੁਰ ਫਿਰ ਉਸੇ ਪਾਰਟੀ ’ਚ ਸ਼ਾਮਲ ਹੋ ਗਏ ਹਨ, ਜਿਸ ਦੀ ਸਰਕਾਰ ’ਚ ਕਿਸੇ ਸਮੇਂ ਉਹ ਮੰਤਰੀ ਵੀ ਰਹੇ ਸਨ। ਤਾਜ਼ਾ ਰਾਜਨੀਤਕ ਘਟਨਾਕ੍ਰਮ ਅਤੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤਾਂ ਨੂੰ ਲੈ ਕੇ ‘ਜਗ ਬਾਣੀ’ ਵਲੋਂ ਸੁੱਚਾ ਸਿੰਘ ਛੋਟੇਪੁਰ ਨਾਲ ਗੱਲ ਕੀਤੀ ਗਈ।
ਸਵਾਲ- ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ’ਚ ਰਾਜਨੀਤਕ ਘਟਨਾਕ੍ਰਮ ਫਿਰ ਦੁਹਰਾਇਆ ਜਾ ਰਿਹਾ ਹੈ, 2017 ਦੀਆਂ ਚੋਣਾਂ ਤੋਂ ਪਹਿਲਾਂ ਤੁਸੀਂ ਵੀ ਨਾਰਾਜ਼ ਹੋ ਕੇ ਨਵੀਂ ਪਾਰਟੀ ਬਣਾਈ ਸੀ ਅਤੇ ਇਸ ਵਾਰ ਕੁੱਝ ਅਜਿਹੀ ਹੀ ਸਥਿਤੀ ’ਚ ਕੈਪਟਨ ਅਮਰਿੰਦਰ ਸਿੰਘ ਹਨ। ਕੀ ਕਹਿੰਦੇ ਹੋ?

-ਵੇਖੋ, ਮੈਂ ‘ਆਪਣਾ ਪੰਜਾਬ ਪਾਰਟੀ’ ਇਸ ਲਈ ਬਣਾਈ ਸੀ ਕਿਉਂਕਿ ਆਮ ਆਦਮੀ ਪਾਰਟੀ ਦੇ ਝੂਠ ਨੂੰ ਬੇਨਕਾਬ ਕਰਕੇ ਉਸ ਦੀ ਆਕੜ ਨੂੰ ਤੋੜਨਾ ਚਾਹੁੰਦਾ ਸੀ। ਮੇਰੇ ਕੋਲ ਸਰੋਤਾਂ ਅਤੇ ਸਮੇਂ ਦੀ ਕਮੀ ਸੀ ਪਰ ਉਸ ਦੇ ਬਾਵਜੂਦ ਮੈਂ ਆਪਣੇ ਮਕਸਦ ’ਚ ਕਾਮਯਾਬ ਵੀ ਰਿਹਾ ਕਿਉਂਕਿ ਮਾਝਾ ਇਲਾਕੇ ’ਚ ਆਪ ਦਾ ਉਦੋਂ ਪੂਰਾ ਸਫ਼ਾਇਆ ਹੋਇਆ ਅਤੇ ‘ਆਪ’ 20 ਵਿਧਾਇਕਾਂ ਤੱਕ ਸਿਮਟ ਗਈ। ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਸਮਾਂ ਵੀ ਹੈ ਅਤੇ ਉਨ੍ਹਾਂ ਕੋਲ ਫੰਡਾਂ ਦੀ ਵੀ ਕੋਈ ਕਮੀ ਨਹੀਂ ਹੈ ਅਤੇ ਕੁੱਝ ਹੋਵੇ ਨਾ ਹੋਵੇ ਪਰ ਇੰਨਾ ਬਿਲਕੁਲ ਸਪੱਸ਼ਟ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਗਾਮੀ ਚੋਣਾਂ ’ਚ ਕਾਂਗਰਸ ਦਾ ਜ਼ਰੂਰ ਵੱਡਾ ਨੁਕਸਾਨ ਕਰਨਗੇ।

ਸਵਾਲ-ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ’ਚ ਚੋਣਾਵੀ ਗਠਜੋੜ ਦੀ ਚਰਚਾ ਚੱਲ ਰਹੀ ਹੈ, ਕੀ ਤੁਹਾਨੂੰ ਲੱਗਦਾ ਹੈ ਕਿ ਉਹ ਕੋਈ ਆਧਾਰ ਬਣਾ ਸਕਣਗੇ?

-ਕੋਈ ਆਧਾਰ ਨਹੀਂ ਬਣ ਸਕੇਗਾ। ਜੋ ਆਦਮੀ ਸਾਢੇ ਚਾਰ ਸਾਲਾਂ ’ਚ ਕੁੱਝ ਨਹੀਂ ਕਰ ਸਕਿਆ, ਉਹ ਕੁਝ ਮਹੀਨਿਆਂ ’ਚ ਕੀ ਕਰ ਲਵੇਗਾ। ਬਾਕੀ ਰਹੀ ਭਾਜਪਾ ਦੀ ਗੱਲ ਤਾਂ ਉਸ ਪਾਰਟੀ ਖਿਲਾਫ਼ ਲੋਕਾਂ ’ਚ ਖੇਤੀਬਾੜੀ ਕਾਨੂੰਨਾਂ ਅਤੇ ਉਨ੍ਹਾਂ ’ਤੇ ਬਣੀ ਸਥਿਤੀ ਦੇ ਕਾਰਨ ਪਹਿਲਾਂ ਹੀ ਬਹੁਤ ਗੁੱਸਾ ਹੈ। ਭਾਵੇਂ ਹੀ ਕਿਸਾਨ ਜਿੱਤ ਗਏ ਹਨ ਅਤੇ ਖੇਤੀਬਾੜੀ ਕਾਨੂੰਨ ਰੱਦ ਕਰ ਦਿੱਤੇ ਗਏ ਹਨ ਪਰ ਕਿਸਾਨ ਅਤੇ ਪੰਜਾਬੀ ਭਾਜਪਾ ਕਾਰਨ ਹੋਈਆਂ ਅਣਗਿਣਤ ਕਿਸਾਨਾਂ ਦੀਆਂ ਮੌਤਾਂ ਨੂੰ ਨਹੀਂ ਭੁਲਾਉਣਗੇ। ਹਾਂ, ਇਹ ਜ਼ਰੂਰ ਸਪੱਸ਼ਟ ਹੈ ਕਿ ਦੋਵੇਂ ਮਿਲ ਕੇ ਸ਼ਹਿਰੀ ਇਲਾਕਿਆਂ ’ਚ ਕਾਂਗਰਸ ਦੀਆਂ ਵੋਟਾਂ ’ਚ ਸੰਨ੍ਹ ਲਗਾਉਣਗੇ।

ਸਵਾਲ- ਤੁਸੀਂ ਪਿਛਲੀਆਂ ਚੋਣਾਂ ਆਪਣੀ ਪਾਰਟੀ ਤੋਂ ਲੜੀਆਂ ਸਨ, ਹੁਣ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਕਾਰਨ?

-ਪਾਰਟੀ ਦੇ ਵਰਕਰਾਂ ਦੇ ਨਾਲ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਰਾਜਨੀਤਕ ਭਵਿੱਖ ਨੂੰ ਲੈ ਕੇ ਚਰਚਾ ਚੱਲ ਰਹੀ ਸੀ। ਵੱਖ-ਵੱਖ ਬਦਲਾਂ ’ਤੇ ਵਿਚਾਰ ਹੋਇਆ ਪਰ ਜ਼ਿਆਦਾਤਰ ਵਰਕਰਾਂ ਅਤੇ ਸਾਥੀਆਂ ਦਾ ਮੰਨਣਾ ਸੀ ਕਿ ਮੌਜੂਦਾ ਰਾਜਨੀਤਕ ਹਾਲਾਤਾਂ ’ਚ ਜੇਕਰ ਕੋਈ ਪਾਰਟੀ ਪੰਜਾਬ ਦੀ ਭਲਾਈ ਲਈ ਠੀਕ ਕੰਮ ਕਰ ਸਕਦੀ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੈ। ਮੇਰੇ ਬਜ਼ੁਰਗ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਰਹੇ ਹਨ ਅਤੇ ਪੰਜਾਬ ਅਤੇ ਪੰਜਾਬੀਆਂ ਲਈ ਸਭ ਤੋਂ ਜ਼ਿਆਦਾ ਕੰਮ ਵੀ ਸ਼੍ਰੋਮਣੀ ਅਕਾਲੀ ਦਲ ਨੇ ਹੀ ਕੀਤਾ ਹੈ, ਇਸ ਲਈ ਵਰਕਰਾਂ ਦਾ ਹੁਕਮ ਮੰਨਦਿਆਂ ਉਨ੍ਹਾਂ ਸਾਰਿਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਫੈਸਲਾ ਲਿਆ।

ਸਵਾਲ-ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੁੰਦੇ ਹੀ ਤੁਹਾਨੂੰ ਬਟਾਲਾ ਸੀਟ ਤੋਂ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਹੈ। ਬਟਾਲਾ ਨੂੰ ਹਿੰਦੂ ਬਹੁਤਾਤ ਵਾਲੀ ਸੀਟ ਮੰਨਿਆ ਜਾਂਦਾ ਹੈ। ਕਿਵੇਂ ਦੀ ਚੁਣੌਤੀ ਰਹੇਗੀ?

-ਮੇਰੀ ਰਾਜਨੀਤੀ ਕਦੇ ਵੀ ਜਾਤੀ, ਧਰਮ ਜਾਂ ਫਿਰਕਾਪ੍ਰਸਤੀ ਦੀ ਨਹੀਂ ਰਹੀ ਹੈ। ਇਲਾਕੇ ਦੇ ਲੋਕ ਮੇਰੇ ਬਾਰੇ ਇਹ ਚੰਗੀ ਤਰ੍ਹਾਂ ਜਾਣਦੇ ਹਨ। ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਦਾ ਧੰਨਵਾਦ ਕਿ ਬਟਾਲਾ ਸੀਟ ਤੋਂ ਜ਼ਿੰਮੇਵਾਰੀ ਦਿੱਤੀ ਹੈ। ਗੁਰਦਾਸਪੁਰ ਦੀ ਕਿਸੇ ਵੀ ਸੀਟ ਤੋਂ ਮੈਦਾਨ ’ਚ ਉਤਾਰਿਆ ਜਾਂਦਾ ਤਾਂ ਵੀ ਕੋਈ ਮੁਸ਼ਕਿਲ ਨਹੀਂ ਸੀ। ਰਹੀ ਗੱਲ ਹਿੰਦੂ ਬਹੁਤਾਤ ਵਾਲੀ ਸੀਟ ਹੋਣ ਦੀ, ਤਾਂ ਨਾ ਸਿਰਫ਼ ਹਿੰਦੂ ਸਗੋਂ ਸਿੱਖ, ਈਸਾਈ ਅਤੇ ਮੁਸਲਮਾਨ ਭਾਈਚਾਰੇ ਦੇ ਨਾਲ ਵੀ ਬਹੁਤ ਪੁਰਾਣੀ ਸਾਂਝ ਹੈ। ਲੋਕ ਮੇਰੇ ਸੁਭਾਅ ਨੂੰ ਪੂਰੀ ਤਰ੍ਹਾਂ ਜਾਣਦੇ ਹਨ ਅਤੇ ਉਸੇ ਦੇ ਆਧਾਰ ’ਤੇ ਮੈਂ ਵੋਟ ਮੰਗਾਂਗਾ। ਜੋ ਰਾਜਨੀਤੀ ’ਚ ਮੈਂ ਬੀਜਿਆ ਹੈ, ਹੁਣ ਉਸਨੂੰ ਹੀ ਕੱਟਾਂਗਾ, ਬਾਕੀ ਜਨਤਾ ਦੀ ਜੋ ਮਰਜ਼ੀ ਹੋਵੇਗੀ, ਹੋਵੇਗਾ ਉਹੀ।

ਸਵਾਲ-ਸੱਤਾਧਾਰੀ ਪਾਰਟੀ ਤੋਂ ਅਸ਼ਵਨੀ ਸੇਖੜੀ ਜਾਂ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਬਟਾਲਾ ਤੋਂ ਉਮੀਦਵਾਰ ਬਣਾਏ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਕਿਵੇਂ ਰਹੇਗਾ ਮੁਕਾਬਲਾ?

-ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਰਾਜਨੀਤੀ ’ਚ ਜੋ ਪਿਛਲੇ ਕਈ ਦਹਾਕਿਆਂ ’ਚ ਬੀਜਿਆ ਹੈ ਉਹੀ ਕੱਟਣ ਨੂੰ ਮਿਲੇਗਾ। ਵਿਰੋਧੀ ਪਾਰਟੀ ਵਾਲੇ ਚਾਹੇ ਕਿਸੇ ਨੂੰ ਵੀ ਮੈਦਾਨ ’ਚ ਉਤਾਰ ਦੇਵੇ, ਉਸ ਦੀ ਕੋਈ ਫਿਕਰ ਨਹੀਂ। ਕਾਂਗਰਸ ਦੀ ਕਾਰਗੁਜ਼ਾਰੀ ਤਾਂ ਲੋਕਾਂ ਨੇ ਵੇਖ ਹੀ ਲਈ ਹੈ ਅਤੇ ਲੋਕਾਂ ਨੇ ਵੋਟ ਪਿਛਲੇ ਪੰਜ ਸਾਲ ’ਚ ਹੋਏ ਕੰਮਕਾਰ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਦੇਣੀ ਹੈ।


author

Bharat Thapa

Content Editor

Related News