ਬੀਮਾ ਕੰਪਨੀ ਨੇ ਖਾਰਜ ਕੀਤਾ 86,250 ਰੁਪਏ ਦਾ ਮੈਡੀਕਲੇਮ, ਕਮਿਸ਼ਨ ਨੇ ਵਿਆਜ ਨਾਲ ਭੁਗਤਾਨ ਕਰਨ ਦਾ ਦਿੱਤਾ ਹੁਕਮ

Friday, Jul 28, 2023 - 03:55 PM (IST)

ਬੀਮਾ ਕੰਪਨੀ ਨੇ ਖਾਰਜ ਕੀਤਾ 86,250 ਰੁਪਏ ਦਾ ਮੈਡੀਕਲੇਮ, ਕਮਿਸ਼ਨ ਨੇ ਵਿਆਜ ਨਾਲ ਭੁਗਤਾਨ ਕਰਨ ਦਾ ਦਿੱਤਾ ਹੁਕਮ

ਜਲੰਧਰ (ਇੰਟ.) : ਗੁਜਰਾਤ ’ਚ ਸਥਿਤ ਸੂਰਤ ਜ਼ਿਲ੍ਹਾ ਖਪਤਕਾਰ ਨਿਵਾਰਣ ਕਮਿਸ਼ਨ ਨੇ ਇਕ ਨਿੱਜੀ ਸਿਹਤ ਬੀਮਾਕਰਤਾ ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਨੂੰ ਇਕ ਕੋਵਿਡ-19 ਮਰੀਜ਼ ਦੇ ਹਸਪਤਾਲ ’ਚ ਦਾਖਲ ਹੋਣ ਦੇ ਦਾਅਵੇ ਨੂੰ ਨਾਮਨਜ਼ੂਰ ਕਰਨ ’ਤੇ ਸਖ਼ਤ ਝਾੜ ਪਾਈ ਹੈ। ਕਮਿਸ਼ਨ ਨੇ ਬੀਮਾ ਕੰਪਨੀ ਨੂੰ 86,250 ਰੁਪਏ ਦੇ ਦਾਅਵੇ ਦਾ ਭੁਗਤਾਨ 9 ਫੀਸਦੀ ਵਿਆਜ ਨਾਲ ਕਰਨ ਦਾ ਹੁਕਮ ਦਿੱਤਾ ਹੈ, ਨਾਲ ਹੀ ਮਾਨਸਿਕ ਸ਼ੋਸ਼ਣ ਲਈ ਵਾਧੂ 3,000 ਰੁਪਏ ਦੇਣ ਦੇ ਵੀ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ : ਇਸ ਵਾਰ ਨਵਾਂ ਦਾਅ : ਇਕੱਲੇ ਨਹੀਂ, 6 ਪਾਰਟੀਆਂ ਦੇ 3 ਗਠਜੋੜ ਲੜਨਗੇ ਪੰਜਾਬ ’ਚ ਲੋਕਸਭਾ ਚੋਣਾਂ

ਕੀ ਹੈ ਪੂਰਾ ਮਾਮਲਾ
ਜਾਣਕਾਰੀ ਮੁਤਾਬਕ ਗੁਜਰਾਤ ਦੇ ਤਾਪੀ ਜ਼ਿਲ੍ਹੇ ਦੇ ਵਿਆਰਾ ਦੇ ਵਾਸੀ ਅਮਿਤ ਕੁਮਾਰ ਗੋਇਲ ਨੇ 30 ਅਪ੍ਰੈਲ 2020 ਤੋਂ 29 ਅਪ੍ਰੈਲ 2021 ਤਕ ਦੀ ਮਿਆਦ ਲਈ ਬੀਮਾ ਕੰਪਨੀ ਤੋਂ 10 ਲੱਖ ਰੁਪਏ ਦੀ ਮੈਡੀਕਲੇਮ ਪਾਲਿਸੀ ਖਰੀਦੀ ਸੀ। 18 ਨਵੰਬਰ 2020 ਨੂੰ ਉਨ੍ਹਾਂ ਨੂੰ ਸੂਰਤ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਵਾਇਰਲ ਨਿਮੋਨੀਆ ਤੇ ਕੋਵਿਡ-19 ਦਾ ਪਤਾ ਲੱਗਾ ਸੀ। ਇਲਾਜ ਤੋਂ ਬਾਅਦ ਉਨ੍ਹਾਂ ਨੂੰ 25 ਨਵੰਬਰ ਨੂੰ ਛੁੱਟੀ ਦੇ ਦਿੱਤੀ ਗਈ ਸੀ। ਹਾਲਾਂਕਿ 22 ਫਰਵਰੀ 2021 ਨੂੰ 86,250 ਰੁਪਏ ਦੇ ਮੈਡੀਕਲੇਮ ਨੂੰ ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਵਲੋਂ ਖਾਰਜ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਗੋਇਲ ਨੇ ਮਾਨਸਿਕ ਸ਼ੋਸ਼ਣ ਅਤੇ ਹਸਪਤਾਲ ਦੇ ਖਰਚੇ ਲਈ ਮੁਆਵਜ਼ੇ ਦੀ ਮੰਗ ਕਰਦਿਆਂ ਖਪਤਕਾਰ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਸੀ।

ਇਹ ਵੀ ਪੜ੍ਹੋ : ਪੰਜਾਬ ’ਚ ਪਹਿਲਾਂ ਹੜ੍ਹਾਂ ਨੇ ਕਿਸਾਨਾਂ ਦੀ ਕੀਤੀ ਤਬਾਹੀ, ਹੁਣ ਆਈ ਨਵੀਂ ਮੁਸੀਬਤ

ਕਮਿਸ਼ਨ ਨੇ ਕੀਤੀ ਬੀਮਾ ਕੰਪਨੀ ਦੀ ਆਲੋਚਨਾ
ਸੁਣਵਾਈ ਦੌਰਾਨ ਬੀਮਾ ਕੰਪਨੀ ਨੇ ਦਲੀਲ ਦਿੱਤੀ ਕਿ ਹਸਪਤਾਲ ’ਚ ਦਾਖਲ ਕਰਵਾਉਣਾ ਗੈਰ-ਜ਼ਰੂਰੀ ਹੈ ਕਿਉਂਕਿ ਗੋਇਲ ਦੀ ਬੀਮਾਰੀ ਗੰਭੀਰ ਨਹੀਂ ਸੀ। ਇਸ ਤੋਂ ਉਲਟ ਸ਼ਿਕਾਇਤਕਰਤਾ ਨੇ ਆਪਣੀ ਕੋਵਿਡ-19 ਤੇ ਸੀਟੀ ਸਕੈਨ ਰਿਪੋਰਟ ਪੇਸ਼ ਕੀਤੀ, ਜਿਨ੍ਹਾਂ ਵਿਚ ਉਸ ਦੇ ਫੇਫੜਿਆਂ ’ਚ 20 ਤੋਂ 25 ਫੀਸਦੀ ਇਨਫੈਕਸ਼ਨ ਵਿਖਾਇਆ ਗਿਆ ਸੀ। ਕਮਿਸ਼ਨ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਕਿਸੇ ਮਰੀਜ਼ ਨੂੰ ਹਸਪਤਾਲ ’ਚ ਦਾਖਲ ਕਰਨ ਦੀ ਲੋੜ ਹੈ ਜਾਂ ਨਹੀਂ, ਇਸ ਦਾ ਫੈਸਲਾ ਡਾਕਟਰਾਂ ਦੀ ਮੁਹਾਰਤ ’ਤੇ ਛੱਡਣਾ ਸਭ ਤੋਂ ਚੰਗਾ ਹੈ। ਕਮਿਸ਼ਨ ਨੇ ਸੀਟੀ ਸਕੈਨ ਰਿਪੋਰਟ ਨੂੰ ਬੇਧਿਆਨ ਕਰਨ ’ਤੇ ਬੀਮਾ ਕੰਪਨੀ ਦੀ ਆਲੋਚਨਾ ਵੀ ਕੀਤੀ ਅਤੇ ਦਾਅਵੇ ਨੂੰ ਮਨਜ਼ੂਰ ਨਾ ਕਰਨਾ ਗਲਤ ਤੇ ਬੇਇਨਸਾਫੀ ਭਰਿਆ ਮੰਨਿਆ।

ਇਹ ਵੀ ਪੜ੍ਹੋ : ਪਤੀ ਨਾਲ ਮਾਮੂਲੀ ਤਕਰਾਰ ਤੋਂ ਬਾਅਦ 3 ਬੱਚਿਆਂ ਦੀ ਮਾਂ ਨੇ ਕੀਤੀ ਖੁਦਕੁਸ਼ੀ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News