ਬੀੜ ਬਾਬਾ ਬੁੱਢਾ ਸਹਿਬ ਵਿਖੇ ਸਰੋਵਰ ਦੀ ਸਫਾਈ ਦਾ ਕੰਮ 31 ਮਾਰਚ ਤੋਂ ਹੋਵੇਗਾ ਸ਼ੁਰੂ

Tuesday, Mar 20, 2018 - 09:32 PM (IST)

ਬੀੜ ਬਾਬਾ ਬੁੱਢਾ ਸਹਿਬ ਵਿਖੇ ਸਰੋਵਰ ਦੀ ਸਫਾਈ ਦਾ ਕੰਮ 31 ਮਾਰਚ ਤੋਂ ਹੋਵੇਗਾ ਸ਼ੁਰੂ

ਝਬਾਲ/ ਬੀੜ ਸਾਹਿਬ (ਲਾਲੂਘੁੰਮਣ)- ਮਾਝੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ 'ਚ ਪਵਿੱਤਰ ਸਰੋਵਰ ਦੀ ਸਫ਼ਾਈ ਦੀ ਕਾਰਸੇਵਾ 31 ਮਾਰਚ ਨੂੰ ਅਰੰਭ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਕਾਰਸੇਵਾ ਸੰਪ੍ਰਦਾਇ ਭੂਰੀ ਵਾਲੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਅਤੇ ਬਾਬਾ ਸੁਖਵਿੰਦਰ ਸਿੰਘ ਸੁੱਖਾ ਜੀ ਭੂਰੀ ਵਾਲਿਆਂ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ 'ਚ ਉਨ੍ਹਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ਦੀ ਸਫ਼ਾਈ ਦੀ ਕਾਰਸੇਵਾ 31 ਮਾਰਚ ਨੂੰ ਅਰੰਭ ਕਰਾਈ ਜਾਵੇਗੀ, ਜਿਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਿੰਘ ਸਹਿਬਾਨ, ਸਮੂਹ ਮੈਂਬਰ ਸਾਹਿਬਾਨ ਅਤੇ ਕਾਰਸੇਵਾ ਪੰਥੀ ਦੀਆਂ ਪ੍ਰਮੁੱਖ ਸ਼ਖਸੀਅਤਾਂ ਸ਼ਿਰਕਤ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਸ ਸ਼ੁੱਭ ਅਰੰਭਤਾ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਬੀੜ ਸਾਹਿਬ ਵਿਖੇ 29 ਮਾਰਚ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ, ਜਿੰਨ੍ਹਾਂ ਦੇ 31 ਮਾਰਚ ਨੂੰ ਭੋਗ ਪਾਏ ਜਾਣ ਉਪਰੰਤ ਸਿੱਖ ਧਾਰਮਿਕ ਰਵਾਇਤਾਂ ਅਨੁਸਾਰ ਸਰੋਵਰ ਦੀ ਸਫਾਈ ਦੀ ਅਰੰਭਤਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਨੰਦ ਕਾਰਜ ਅਤੇ ਅੰਮ੍ਰਿਤ ਸੰਚਾਰ ਕੰਪਲੈਕਸ ਦੀ ਕਾਰਸੇਵਾ ਅਤੇ ਨਿਰਮਾਣ ਦੀਆਂ ਹੋਰ ਸੇਵਾਵਾਂ ਵੀ ਜੰਗੀ ਪੱਧਰ 'ਤੇ ਸੰਗਤਾਂ ਦੇ ਸਹਿਯੋਗ ਨਾਲ ਚਲਾਈਆਂ ਜਾ ਰਹੀਆਂ ਹਨ। ਇਸ ਮੌਕੇ ਮੈਂਬਰ ਸ਼੍ਰੋਮਣੀ ਕਮੇਟੀ ਜੱਥੇਦਾਰ ਬਾਵਾ ਸਿੰਘ ਗੁਮਾਨਪੁਰਾ, ਕਾਰਸੇਵਾ ਬੀੜ ਸਾਹਿਬ ਵਾਲੇ ਬਾਬਾ ਸੋਹਨ ਸਿੰਘ ਜੀ, ਮੈਨੇਜਰ ਜੱਥੇਦਾਰ ਜਗਜੀਤ ਸਿੰਘ ਸਾਂਘਣਾ, ਐਡੀਸ਼ਨਲ ਮੈਨੇਜਰ ਸਤਨਾਮ ਸਿੰਘ ਝਬਾਲ, ਬਾਬਾ ਫਤਿਹ ਸਿੰਘ ਭੂਰੀ ਵਾਲੇ, ਭਾਈ ਰਾਮ ਸਿੰਘ ਮੀਡੀਆ ਇੰਚਾਰਜ, ਭਾਈ ਮਨੋਹਰ ਸਿੰਘ ਠੱਠਾ, ਕਸ਼ਮੀਰ ਸਿੰਘ ਭੁੱਚਰ, ਬਲਵਿੰਦਰ ਸਮੂਹ ਸੰਗਤਾਂ ਹਾਜ਼ਰ ਸਨ।


Related News