ਲਗਾਤਾਰ 7 ਘੰਟੇ ਮੀਂਹ ਪੈਣ ਕਾਰਨ ਭਿੱਜਿਆ ਸ਼ਹਿਰ
Sunday, Aug 20, 2017 - 04:41 PM (IST)
ਚੰਡੀਗੜ੍ਹ(ਰੋਹਿਲਾ) - ਸ਼ਨੀਵਾਰ ਦਾ ਦਿਨ ਸ਼ਹਿਰ ਵਾਸੀਆਂ ਲਈ ਗਰਮੀ ਤੋਂ ਰਾਹਤ ਭਰਿਆ ਰਿਹਾ। ਸਵੇਰੇ ਸਾਢੇ 7 ਵਜੇ ਤੋਂ ਹੀ ਸ਼ੁਰੂ ਹੋਏ ਮੀਂਹ ਨੇ ਲੋਕਾਂ ਦੇ ਵੀਕੈਂਡ ਨੂੰ ਹੋਰ ਵੀ ਸੁਹਾਵਣਾ ਬਣਾ ਦਿਤਾ। ਭਿੱਜਣ ਦੀ ਪ੍ਰਵਾਹ ਕੀਤੇ ਬਿਨਾਂ ਲੋਕ ਸੁਖਨਾ ਝੀਲ ਤੇ ਸੜਕਾਂ 'ਤੇ ਘੁੰਮਦੇ ਨਜ਼ਰ ਆਏ, ਜਿਸ ਕਾਰਨ ਸੁਖਨਾ ਝੀਲ 'ਤੇ ਕਾਫੀ ਭੀੜ ਨਜ਼ਰ ਆਈ।
ਲਗਾਤਾਰ 7 ਘੰਟੇ ਪਏ ਮੀਂਹ ਨੇ ਕੁਝ ਦੇਰ ਲਈ ਲੋਕਾਂ ਨੂੰ ਰਾਹਤ ਦਿੱਤੀ ਪਰ ਉਸ ਤੋਂ ਬਾਅਦ ਹੁੰਮਸ ਨੇ ਫਿਰ ਆਪਣਾ ਜ਼ੋਰ ਦਿਖਾਇਆ। ਉਧਰ ਦੁਪਹਿਰ ਤਕ ਪਏ ਮੀਂਹ ਕਾਰਨ ਕੰਮਕਾਜ 'ਤੇ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਵਿਚ ਮੀਂਹ ਪੈਣ ਨਾਲ ਸੜਕਾਂ 'ਤੇ ਜਾਮ ਦੀ ਸਥਿਤੀ ਨਜ਼ਰ ਆਈ।
ਮੌਸਮ ਦਾ ਹਾਲ
ਸ਼ਨੀਵਾਰ ਨੂੰ ਪਏ ਮੀਂਹ ਕਾਰਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 29. 5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜਿਸ ਵਿਚ ਮਾਈਨਸ 2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਜਦਕਿ ਘੱਟ ਤੋਂ ਘੱਟ ਤਾਪਮਾਨ 25. 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਧਰ ਚੰਡੀਗੜ੍ਹ ਏਅਰਫੋਰਸ ਸਟੇਸ਼ਨ ਦਾ ਵੱਧ ਤੋਂ ਵੱਧ ਤਾਪਮਾਨ 29. 6 ਡਿਗਰੀ ਸੈਲਸੀਅਸ, ਜਦਕਿ ਘੱਟ ਤੋਂ ਘੱਟ 25. 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਥੇ ਹੀ ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਨੂੰ ਕੁੱਲ 62 ਐੱਮ. ਐੱਮ. ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਆਉਣ ਵਾਲੇ 24 ਘੰਟਿਆਂ ਵਿਚ ਪੰਜਾਬ ਤੇ ਹਰਿਆਣਾ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿਚ ਵੀ ਐਤਵਾਰ ਨੂੰ ਸ਼ਹਿਰ ਵਾਸੀਆਂ ਲਈ ਰਾਹਤ ਭਰਿਆ ਮੌਸਮ ਬਣਿਆ ਰਹੇਗਾ। ਧੂੜ ਭਰੀ ਹਨੇਰੀ ਆਉਣ ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
