ਗੁੰਡਾਗਰਦੀ ਦੇ ਨੰਗੇ ਨਾਚ ਖਿਲਾਫ ਭੜਕੇ ਸ਼ਹਿਰ ਵਾਸੀ

02/17/2018 2:31:41 AM

ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਬੀਤੀ 11 ਫਰਵਰੀ ਦੀ ਰਾਤ ਨੂੰ ਸ਼ਹਿਰ ਦੀ ਬਾਗ ਗਲੀ 'ਚ 4 ਦੁਕਾਨਾਂ ਦੀ ਹੋਈ ਲੁੱਟ-ਖੋਹ ਦੇ ਮਾਮਲੇ 'ਚ ਸਖਤ ਕਾਰਵਾਈ ਨੂੰ ਲੈ ਕੇ ਸ਼ਹਿਰ ਵਾਸੀਆਂ ਦਾ ਗੁੱਸਾ ਸੱਤਵੇਂ ਆਸਮਾਨ ਨੂੰ ਛੂਹ ਰਿਹਾ ਹੈ। ਇਸ ਮਾਮਲੇ 'ਚ ਅੱਜ ਵੱਡੀ ਗਿਣਤੀ 'ਚ ਅਨੇਕਾਂ ਸੰਸਥਾਵਾਂ ਨੇ ਮੋਗਾ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਗੁੰਡਾਗਰਦੀ ਦਾ ਨੰਗਾ ਨਾਚ ਕਰਨ ਵਾਲੇ ਗੁੰਡਿਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਅਣਮਿੱਥੇ ਸਮੇਂ ਲਈ ਮੋਗਾ ਬੰਦ ਕਰ ਦਿੱਤਾ ਜਾਵੇਗਾ।
ਭਾਰਤ ਮਾਤਾ ਮੰਦਰ 'ਚ ਪੀੜਤ ਦੁਕਾਨਦਾਰਾਂ ਸੁਨੀਲ ਕੁਮਾਰ ਸ਼ਰਮਾ, ਦਰਸ਼ਨ ਲਾਲ, ਰੇਨੂੰ ਗੋਇਲ, ਮੋਹਨ ਸਿੰਘ ਦੀ ਹਾਜ਼ਰੀ 'ਚ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਮੀਡੀਆ ਦੇ ਮੂਹਰੇ ਘਟਨਾ ਵਾਲੇ ਦਿਨ ਦੀ ਸੀ. ਸੀ. ਟੀ. ਵੀ. ਫੁਟੇਜ ਜਾਰੀ ਕਰਦਿਆਂ ਦੋਸ਼ ਲਾਇਆ ਕਿ ਸ਼ਹਿਰ ਦੇ ਕੁੱਝ ਰਾਜਨੀਤਿਕ ਨੇਤਾਵਾਂ ਦੀ ਸ਼ਹਿ 'ਤੇ ਗੁੰਡਾਗਰਦੀ ਦਾ ਨੰਗਾ ਨਾਚ ਕਰਨ ਵਾਲੇ ਅਨਸਰ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹਨ। 
ਇਸ ਮੌਕੇ ਹਾਜ਼ਰ ਕ੍ਰਾਈਮ ਐਂਡ ਕੁਰੱਪਸ਼ਨ ਅਵੇਅਰਨੈੱਸ ਆਰਗੇਨਾਈਜ਼ੇਸ਼ਨ ਪੰਜਾਬ ਦੇ ਸਿਟੀ ਪ੍ਰਧਾਨ ਸੁਨੀਲ ਸ਼ਰਮਾ, ਸਾਬਕਾ ਚੇਅਰਮੈਨ ਪੰਜਾਬ ਪ੍ਰਸ਼ੋਤਮ ਲਾਲ ਅਰੋੜਾ, ਅਮਰਜੀਤ ਸਿੰਘ ਜੱਸਲ, ਜਨਰਲ ਸਕੱਤਰ ਪਵਨ ਕੁਮਾਰ ਮੋਂਗਾ, ਭਾਵਿਪ ਦੇ ਸੁਨੀਲ ਕੁਮਾਰ ਸੂਦ, ਦੁਸਹਿਰਾ ਕਮੇਟੀ ਮੋਗਾ ਦੇ ਵੈਸ਼ੰਬਰ ਦਿਆਲ ਸ਼ਰਮਾ, ਬਾਗ ਗਲੀ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਪੋਨੀ, ਬਜਰੰਗ ਦਲ ਮੋਗਾ ਦੇ ਇੰਚਾਰਜ ਲਾਟੀ ਧਮੀਜਾ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਹਰਸ਼ ਗੋਇਲ ਆਦਿ ਨੇ ਦੋਸ਼ ਲਾਇਆ ਕਿ 11 ਫਰਵਰੀ ਦੀ ਰਾਤ ਨੂੰ ਦੁਕਾਨਦਾਰਾਂ ਨਾਲ ਹੋਈ ਲੁੱਟ-ਖੋਹ ਦੇ ਮਾਮਲੇ ਨੇ ਸ਼ਹਿਰ ਵਾਸੀਆਂ ਦੇ ਮਨਾਂ 'ਚ ਜਿਥੇ ਡਰ ਤੇ ਸਹਿਮ ਪੈਦਾ ਕਰ ਦਿੱਤਾ ਹੈ, ਉਥੇ ਹੀ ਇਹ ਮਹਿਸੂਸ ਹੋ ਰਿਹਾ ਹੈ ਕਿ ਅਮਨ-ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਪੀੜਤ ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਅਨਸਰ ਘਟਨਾ ਤੋਂ ਅਗਲੇ ਦਿਨ 7 ਵਜੇ ਸਵੇਰੇ ਪੁਲਸ ਦੇ ਨਾਲ ਘਟਨਾ ਸਥਾਨ 'ਤੇ ਘੁੰਮਦੇ ਨਜ਼ਰ ਆਏ, ਜਿਸ ਸਬੰਧੀ ਉਨ੍ਹਾਂ ਕੋਲ ਸਬੂਤ ਵੀ ਮੌਜੂਦ ਹਨ। 
ਸਮੂਹ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਨੇ ਐਲਾਨ ਕੀਤਾ ਕਿ ਜੇਕਰ ਸੋਮਵਾਰ ਤੱਕ ਦੋਸ਼ੀਆਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਅਣਮਿੱਥੇ ਸਮੇਂ ਲਈ ਮੋਗਾ ਬੰਦ ਕੀਤਾ ਜਾਵੇਗਾ। ਅਮਰਜੀਤ ਸਿੰਘ, ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਦੇ ਵੇਦ ਪ੍ਰਕਾਸ਼ ਸੇਠੀ, ਮੋਗਾ ਡਿਸਟ੍ਰੀਬਿਊਟਰ ਐਸੋਸੀਏਸ਼ਨ ਦੇ ਵਿਜੇ ਮਦਾਨ, ਅਰੁਣ ਸਿੰਗਲਾ, ਨਿਰੰਜਣ ਸਿੰਘ ਸਚਦੇਵਾ, ਪਵਨ ਝਾਂਬ, ਜਿਤੇਸ਼ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਹਾਜ਼ਰ ਸਨ।


Related News