ਦਲਿਤ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ, ਇਨਸਾਫ ਦਿਵਾਉਣ ਲਈ ਸੰਘਰਸ਼ ਕਮੇਟੀ ਦਾ ਗਠਨ
Thursday, Jan 04, 2018 - 02:56 PM (IST)

ਬਾਲਿਆਂਵਾਲੀ (ਸ਼ੇਖਰ) — ਨਗਰ 'ਚ ਇਕ ਦਲਿਤ ਨੌਜਵਾਨ ਨਾਲ ਕੁੱਟਮਾਰ ਤੇ ਜਾਤਿਸੂਚਕ ਸ਼ਬਦ ਬੋਲਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਬਾਲਿਆਂਵਾਲੀ ਹਸਪਤਾਲ 'ਚ ਇਲਾਜ਼ ਅਧੀਨ ਅੰਮ੍ਰਿਤਪਾਲ ਸਿੰਘ ਦਾ ਹਾਲ ਜਾਨਣ ਅੱਜ ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਣਜੀਤ ਸਿੰਘ ਗਹਰੀ ਤੇ ਜਗਦੀਪ ਸਿੰਘ ਗਹਰੀ ਪਹੁੰਚੇ।
ਉਨ੍ਹਾਂ ਨੇ ਦੱਸਿਆ ਕਿ ਬੀਤੇ 31 ਦਸੰਬਰ ਨੂੰ ਦਲਿਤ ਨੌਜਵਾਨ ਅੰਮ੍ਰਿਤਰਪਾਲ ਸਿੰਘ ਕਿਸੇ ਕੰਮ ਕਾਰਨ ਵਾਪਸ ਘਰ ਪਰਤ ਰਿਹਾ ਸੀ ਤਾਂ ਕੁਝ ਵਿਅਕਤੀਆਂ ਨੇ ਉਸ ਨੂੰ ਇਹ ਕਹਿ ਕੇ ਘੇਰ ਲਿਆ ਕਿ ਉਹ ਸ਼ਮਸ਼ਾਨਘਾਟ 'ਚ ਸ਼ਰਾਬ ਰੱਖਦਾ ਹੈ। ਇਸ ਮੌਕੇ ਪਿੰਡ ਦੇ ਨੰਬਰਦਾਰ ਦਰਸ਼ਨ ਸਿੰਘ ਫੌਜੀ ਨੇ ਆਉਂਦੇ ਹੀ ਉਸ ਨੂੰ ਜਾਤਿਸੂਚਕ ਸ਼ਬਦ ਬੋਲਦੇ ਹੋਏ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਕਤ ਨੰਬਰਦਾਰ ਵਲੋਂ ਪੀੜਤ ਨੌਜਵਾਨ ਤੇ ਉਸ ਦੇ ਪਰਿਵਾਰ ਨੂੰ ਨਤੀਜੇ ਭੁਗਤਨ ਦੀ ਧਮਕੀ ਵੀ ਦਿੱਤੀ।
ਇਨਸਾਫ ਲੈਣ ਲਈ ਲੋਕ ਜਨ ਸ਼ਕਤੀ ਪਾਰਟੀ ਵਲੋਂ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਕੱਲ ਆਈ. ਜੀ. ਬਠਿੰਡਾ ਤੇ ਐੱਸ. ਐੱਸ. ਪੀ. ਬਠਿੰਡਾ ਨੂੰ ਲਿਖਤੀ ਮੰਗ ਪੱਤਰ ਦੇਵੇਗਾ। ਜੇਕਰ ਫਿਰ ਵੀ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਉਥੇ ਹੀ ਇਸ ਸੰਬੰਧੀ ਐੱਸ. ਐੱਚ. ਓ. ਥਾਣਾ ਬਾਲਿਆਂਵਾਲੀ ਸੰਦੀਪ ਭਾਟੀ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।