ਹੁਸ਼ਿਆਰਪੁਰ ''ਚ ਸੁਨਿਆਰੇ ਦੀ ਦੁਕਾਨ ਨੂੰ ਲੁੱਟਣ ਦਾ ਮਾਮਲਾ ਟ੍ਰੇਸ, ਨੌਕਰ ਨੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ, 3 ਗ੍ਰਿਫ਼ਤਾਰ
Tuesday, Jun 25, 2024 - 12:58 PM (IST)
ਹੁਸ਼ਿਆਰਪੁਰ (ਰਾਕੇਸ਼)- ਪੁਲਸ ਨੇ 24 ਘੰਟੇ ’ਚ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ 2 ਲੁਟੇਰੇ ਤੇ ਦੁਕਾਨ ਦੇ ਨੌਕਰ ਯੋਗੇਸ਼ ਯਾਦਵ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 800 ਗ੍ਰਾਮ ਸੋਨਾ, 2 ਕਿਲੋ 500 ਗ੍ਰਾਮ ਚਾਂਦੀ ਅਤੇ 22 ਲੱਖ 50,000 ਰੁਪਏ ਬਰਾਮਦ ਕਰ ਲਏ ਗਏ ਹਨ। ਇਸ ਸਬੰਧ ’ਚ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਇਕ ਪ੍ਰੈੱਸ ਕਾਨਫ਼ਰੰਸ ’ਚ ਦੱਸਿਆ ਕਿ 23 ਜੂਨ ਨੂੰ ਖੁਸ਼ਾਲ ਭੀਕਾਜੀ ਸਾਵਲੇ ਪੁੱਤਰ ਭੀਕਾਜੀ ਬਾਲੂ ਸਾਵਲੇ ਵਾਸੀ ਸਾਵਲੇ ਬਸਤੀ ਹੰਗੀਰਗੇ ਥਾਣਾ ਸੰਬੋਲਾ ਜ਼ਿਲ੍ਹਾ ਸੋਲਾਪੁਰ ਮਹਾਰਾਸ਼ਟਰ ਹਾਲ ਵਾਸੀ ਕਮੇਟੀ ਬਾਜ਼ਾਰ ਥਾਣਾ ਸਿਟੀ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਹ ਸਵੇਰੇ 9 ਵਜੇ ਆਪਣੀ ਦੁਕਾਨ ’ਤੇ ਗਿਆ। ਦਰਵਾਜ਼ਾ ਖੋਲ੍ਹ ਕੇ ਵੇਖਿਆ ਕਿ ਦੁਕਾਨ ਦੇ ਅੰਦਰ ਦੁਕਾਨ ਦਾ ਨੌਕਰ ਯੋਗੇਸ਼ ਯਾਦਵ ਜ਼ਮੀਨ ’ਤੇ ਡਿੱਗਾ ਪਿਆ ਸੀ। ਉਸ ਦੇ ਮੂੰਹ ’ਤੇ ਟੇਪ ਲੱਗੀ ਹੋਈ ਸੀ ਅਤੇ ਹੱਥ ਪੈਰ ਟੇਪ ਨਾਲ ਬੰਨ੍ਹੇ ਹੋਏ ਸੀ।
ਇਹ ਵੀ ਪੜ੍ਹੋ- ਨੰਗਲ 'ਚ ਵੱਡੀ ਵਾਰਦਾਤ: ਝਗੜੇ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਗੋਲ਼ੀਆਂ
ਜਦੋਂ ਉਸ ਦੀ ਟੇਪ ਲਾਹੀ ਤਾਂ ਉਸ ਨੇ ਦੱਸਿਆ ਕਿ 2 ਅਣਪਛਾਤੇ ਵਿਅਕਤੀ ਦੁਕਾਨ ’ਚ ਰੱਖਿਆ ਸੋਨਾ ਕਰੀਬ 1 ਕਿਲੋ, ਚਾਂਦੀ ਕਰੀਬ 3 ਕਿਲੋ ਤੇ 23 ਲੱਖ ਰੁਪਏ ਨਕਦ ਲੁੱਟ ਕੇ ਫਰਾਰ ਹੋ ਗਏ ਹਨ। ਇਸ ’ਤੇ ਥਾਣਾ ਸਿਟੀ ’ਚ ਮੁਕੱਦਮਾ ਨੰਬਰ 207 ਮਿਤੀ 23 ਜੂਨ 2024 ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ। ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਮੁਕੱਦਮੇ ਨੂੰ ਟ੍ਰੇਸ ਕਰਨ ਲਈ ਐੱਸ. ਪੀ. ਸਰਬਜੀਤ ਸਿੰਘ ਬਾਹੀਆ, ਡੀ. ਐੱਸ. ਪੀ. ਸਿਟੀ ਅਮਰ ਨਾਥ, ਇੰਸਪੈਕਟਰ ਦੀਪਕ ਕੁਮਾਰ ਮੁੱਖ ਥਾਣਾ ਅਧਿਕਾਰੀ ਸਿਟੀ ਅਤੇ ਇੰਸਪੈਕਟਰ ਗੁਰਪ੍ਰੀਤ ਇੰਚਾਰਜ ਸੀ. ਆਈ. ਏ. ਸਟਾਫ਼ ’ਤੇ ਆਧਾਰਿਤ ਇਕ ਟੀਮ ਤਿਆਰ ਕੀਤੀ ਗਈ। ਜਿਸ ਨੇ ਸ਼ੁਰੂਆਤੀ ਜਾਂਚ ਦੌਰਾਨ ਦੁਕਾਨ ਦੇ ਨੌਕਰ ਯੋਗੇਸ਼ ਯਾਦਵ ਕੋਲੋਂ ਵਾਰਦਾਤ ਸਬੰਧੀ ਪੁੱਛਗਿੱਛ ਕੀਤੀ। ਦੋਸ਼ੀਆਂ ਸਬੰਧੀ ਉਸ ਨੂੰ ਨਾਲ ਲੈ ਕੇ ਸ਼ਹਿਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਗਏ ਅਤੇ ਚੈਕਿੰਗ ਦੌਰਾਨ ਉਸ ਵੱਲੋਂ ਇਕ ਮੁਲਜ਼ਮ ਦੀ ਸ਼ਨਾਖਤ ਕੀਤੀ ਗਈ।
ਜਾਂਚ ਦੌਰਾਨ ਨੌਕਰ ਯੋਗੇਸ਼ ਯਾਦਵ ਨੇ ਇਹ ਵੀ ਦੱਸਿਆ ਕਿ ਦੋਸ਼ੀ ਉਸ ਦਾ ਮੋਬਾਇਲ ਵੀ ਖੋਹ ਕੇ ਲੈ ਗਏ ਹਨ। ਯੋਗੇਸ਼ ਯਾਦਵ ਨੂੰ ਬੰਦੀ ਬਣਾਉਣ ਸਬੰਧੀ ਵਰਤਿਆ ਗਿਆ ਸਾਮਾਨ ਦੁਕਾਨ ਦੇ ਅੰਦਰ ਹੀ ਪਾਏ ਜਾਣ ਅਤੇ ਯੋਗੇਸ਼ ਯਾਦਵ ਨੂੰ ਕੋਈ ਜ਼ਿਆਦਾ ਸੱਟਾਂ ਨਾ ਲੱਗਣ ਅਤੇ ਕਈ ਸਟ੍ਰੱਗਲ ਮਾਰਕ ਨਾ ਹੋਣ ਸਬੰਧੀ ਮਾਮਲਾ ਸ਼ੱਕੀ ਹੋਣ ’ਤੇ ਯੋਗੇਸ਼ ਯਾਦਵ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸਾਇੰਟੀਫਿਕ ਅਤੇ ਟੈਕਨੀਕਲ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਵਾਰਦਾਤ ਯੋਗੇਸ਼ ਯਾਦਵ ਦੀ ਯੋਜਨਾ ’ਤੇ ਹੀ ਹੋਈ ਹੈ। ਇਸ ਦੌਰਾਨ ਵਾਰਦਾਤ ਕਰਨ ਵਾਲੇ ਮੁਲਜ਼ਮ ਕ੍ਰਿਸ਼ਨ ਕਪੂਰ ਪੁੱਤਰ ਸੰਦੀਪ ਕਪੂਰ ਵਾਸੀ ਵਾਰਡ ਨੰਬਰ 2 ਨੇੜੇ ਕੁੰਦਰਾ ਡੇਅਰੀ ਇੰਦਰੀ ਜ਼ਿਲਾ ਕਰਨਾਲ ਹਰਿਆਣਾ, ਜੋ ਉਸ ਦਾ ਦੋਸਤ ਹੈ ਤੇ ਉਸ ਦੇ ਪਿਤਾ ਸੰਦੀਪ ਕਪੂਰ ਪੁੱਤਰ ਓਮ ਪ੍ਰਕਾਸ਼ ਹੈ। ਲੁੱਟਿਆ ਹੋਇਆ ਸਾਮਾਨ ਵੀ ਉਨ੍ਹਾਂ ਦੇ ਕੋਲ ਹੀ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੇ ਲੁੱਟੇ ਹੋਏ ਸਾਮਾਨ ਨੂੰ ਬਰਾਮਦ ਕਰਨ ਲਈ ਤੁਰੰਤ ਕਾਰਵਾਈ ਕਰਦੇ ਹੋਏ ਸੀਨੀਅਰ ਪੁਲਸ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਇੰਸਪੈਕਟਰ ਦੀਪਕ ਕੁਮਾਰ ਅਤੇ ਸੀ. ਆਈ. ਏ. ਸਟਾਫ਼ ਦੀ ਸੰਯੁਕਤ ਟੀਮ ਦੋਸ਼ੀਆਂ ਦੇ ਪਤੇ ’ਤੇ ਭੇਜੀ ਗਈ।
ਇਹ ਵੀ ਪੜ੍ਹੋ- Elante Mall 'ਚ TOY Train ਤੋਂ ਡਿੱਗ ਕੇ ਹੋਈ ਬੱਚੇ ਦੀ ਮੌਤ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਹਾਦਸੇ ਦੀ CCTV ਫੁਟੇਜ਼ ਆਈ ਸਾਹਮਣੇ
ਪੁਲਸ ਟੀਮ ਵੱਲੋਂ ਲੋਕਲ ਪੁਲਸ ਨਾਲ ਤਾਲਮੇਲ ਕਰਦੇ ਹੋਏ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਲੁੱਟਿਆ ਹੋਇਆ ਸਾਮਾਨ ਬਰਾਮਦ ਕਰ ਲਿਆ ਗਿਆ। ਯੋਗੇਸ਼ ਯਾਦਵ ਪੁੱਤਰ ਅਧਿਕ ਕੁਮਾਰ ਵਾਸੀ ਕਰੰਜੀ ਥਾਣਾ ਖਾਨਾਪੁਰ ਜ਼ਿਲ੍ਹਾ ਸਾਗਲੀ ਮਹਾਰਾਸ਼ਟਰ ਹਾਲ ਵਾਸੀ ਕਮੇਟੀ ਬਾਜ਼ਾਰ ਹੁਸ਼ਿਆਰਪੁਰ ਨੂੰ ਧਾਰਾ 120 ਬੀ ਕੇ ਤਹਿਤ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਦੁਕਾਨ ਦਾ ਮਾਲਕ ਅਜੇ ਜਾਂਚ ’ਚ ਸ਼ਾਮਲ ਨਹੀਂ ਹੋਇਆ ਹੈ। ਸ਼ਾਮਲ ਹੋਣ ਉਪਰੰਤ ਮੁਲਜ਼ਮਾਂ ਵੱਲੋਂ ਕੀਤੀ ਗਈ ਅਸਲੀ ਲੁੱਟ ਬਾਰੇ ਪਤਾ ਲੱਗਣ ’ਤੇ ਉਸ ਦੇ ਅਨੁਸਾਰ ਅਗਲੀ ਜਾਂਚ ਸ਼ੁਰੂ ਕੀਤੀ ਜਾਵੇਗੀ। ਇਸ ਦੇ ਇਲਾਵਾ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰਦਾਤ ਦੇ ਬਾਅਦ ਸ਼ਹਿਰ ਦੇ ਸਵਰਨਕਾਰਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ ਪਰ ਇਸ ਝੂਠੀ ਵਾਰਦਾਤ ਦੇ ਟ੍ਰੇਸ ਹੋਣ ’ਤੇ ਉਨ੍ਹਾਂ ਨੇ ਰਾਹਤ ਦਾ ਸਾਹ ਲਿਆ ਹੈ। ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਅੱਗੇ ਤੋਂ ਪੁਲਸ ਨੂੰ ਅਜਿਹੀ ਝੂਠੀ ਸੂਚਨਾ ਦੇਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਖੇਤਾਂ 'ਚ ਕੰਮ ਕਰਦੇ ਸਮੇਂ ਕਿਸਾਨ ਨਾਲ ਵਾਪਰੀ ਅਣਹੋਣੀ, ਇੰਝ ਆਵੇਗੀ ਮੌਤ ਕਦੇ ਸੋਚਿਆ ਨਾ ਸੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।