ਮਾਮਲਾ ਦਾਦੇ-ਪੋਤੇ ਦੇ ਕਤਲ ਦਾ : ਦੋ ਦਿਨ ਬੀਤਣ ਦੇ ਬਾਵਜੂਦ ਵੀ ਕਾਤਲ ਪੁਲਸ ਦੀ ਪਹੁੰਚ ਤੋਂ ਦੂਰ

Monday, Oct 02, 2017 - 09:51 AM (IST)

ਮਾਮਲਾ ਦਾਦੇ-ਪੋਤੇ ਦੇ ਕਤਲ ਦਾ : ਦੋ ਦਿਨ ਬੀਤਣ ਦੇ ਬਾਵਜੂਦ ਵੀ ਕਾਤਲ ਪੁਲਸ ਦੀ ਪਹੁੰਚ ਤੋਂ ਦੂਰ

ਸੰਗਤ ਮੰਡੀ (ਮਨਜੀਤ)-ਪਿਛਲੇ ਦਿਨੀਂ ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪੈਂਦੇ ਪਿੰਡ ਪਥਰਾਲਾ ਵਿਖੇ ਬਾਜ਼ੀਗਰ ਬਸਤੀ 'ਚ ਦਿਨ ਦਿਹਾੜੇ ਘਰ 'ਚ ਮੌਜੂਦ ਦਾਦੇ-ਪੋਤੇ ਦਾ ਕੁਹਾੜੀ ਮਾਰ ਕੇ ਬੜੀ ਬੇ-ਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਪਰ ਪੁਲਸ ਦੇ ਹਾਲੇ ਹੱਥ 'ਚ ਕੁਝ ਨਹੀਂ ਲੱਗਿਆ ਤੇ ਕਾਤਲ ਹਾਲੇ ਵੀ ਆਜ਼ਾਦ ਘੁੰਮ ਰਹੇ ਹਨ। ਪੁਲਸ ਦੀ ਢਿੱਲੀ ਕਾਰਗੁਜ਼ਾਰੀ ਸਦਕਾ ਪਿੰਡ ਵਾਸੀਆਂ 'ਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਬੇਸ਼ੱਕ ਕਤਲ ਵਾਲੇ ਦਿਨ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਕਤਲ ਦੇ ਕੁਝ ਸੁਰਾਗ ਮਿਲਣ ਦੀ ਗੱਲ ਕਹਿ ਕੇ ਕਾਤਲਾਂ ਨੂੰ ਜਲਦੀ ਫੜਨ ਦੀ ਗੱਲ ਕਹੀ ਜਾ ਰਹੀ ਸੀ ਪਰ ਦੋ ਦਿਨ ਬੀਤ ਜਾਣ ਦੇ ਬਾਵਜੂਦ ਵੀ ਕਾਤਲ ਪੁਲਸ ਦੀ ਪਹੁੰਚ ਤੋਂ ਦੂਰ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਦੁਪਹਿਰ ਸਮੇਂ ਸ਼ਿੰਗਾਰਾ ਰਾਮ (65) ਪੁੱਤਰ ਹਾਕਮ ਰਾਮ ਤੇ ਉਨ੍ਹਾਂ ਦੇ ਪੋਤੇ ਬੂਟਾ ਰਾਮ (13) ਪੁੱਤਰ ਬਿੰਦਰ ਰਾਮ ਦਾ ਉਸ ਸਮੇਂ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਬਾਕੀ ਦੇ ਪਰਿਵਾਰਕ ਮੈਂਬਰ ਖ਼ੇਤ 'ਚ ਨਰਮਾ ਚੁਗਣ ਗਏ ਹੋਏ ਸਨ।
ਕੀ ਕਹਿੰਦੇ ਨੇ ਮ੍ਰਿਤਕ ਲੜਕੇ ਦੇ ਪਿਤਾ
ਜਦ ਇਸ ਸਬੰਧੀ ਮ੍ਰਿਤਕ ਲੜਕੇ ਦੇ ਪਿਤਾ ਬਿੰਦਰ ਰਾਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ। ਉਨ੍ਹਾਂ ਕਿਹਾ ਕਿ ਬਿਨਾਂ ਵਜ੍ਹਾ ਕੋਈ ਇੰਨੀ ਬੇ-ਰਹਿਮੀ ਨਾਲ ਕਤਲ ਕਿਸ ਤਰ੍ਹਾਂ ਕਰ ਸਕਦਾ ਹੈ, ਉਹ ਸੋਚ ਵੀ ਨਹੀਂ ਸਕਦੇ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਉਹ ਮੇਰੇ ਪਿਤਾ ਨੂੰ ਮਾਰ ਜਾਂਦੇ ਮੇਰੇ ਲੜਕੇ ਦਾ ਕੀ ਕਸੂਰ ਸੀ, ਜਿਸ ਨੂੰ ਇੰਨੀ ਬੇ-ਰਹਿਮੀ ਨਾਲ ਮਾਰਿਆ। 
ਬੂਟਾ ਰਾਮ ਪੜ੍ਹਾਈ 'ਚ ਬਹੁਤ ਹੁਸ਼ਿਆਰ ਤੇ ਕਬੱਡੀ ਦਾ ਸੀ ਵਧੀਆ ਖਿਡਾਰੀ
ਮ੍ਰਿਤਕ ਬੂਟਾ ਰਾਮ 8ਵੀਂ ਕਲਾਸ 'ਚ ਪੜ੍ਹਦਾ ਸੀ। ਉਹ ਪੜ੍ਹਾਈ ਦੇ ਨਾਲ-ਨਾਲ ਕਬੱਡੀ ਦਾ ਵਧੀਆ ਖਿਡਾਰੀ ਸੀ। ਮਰਨ ਤੋਂ ਪਹਿਲਾਂ ਉਹ ਸਕੂਲ 'ਚ ਰਿਜ਼ਲਟ ਸੁਣ ਕੇ ਆਇਆ ਸੀ ਜੋ ਪੇਪਰਾਂ 'ਚ ਪਹਿਲੇ ਦਰਜੇ 'ਚ ਪਾਸ ਹੋਇਆ ਸੀ।
ਕੀ ਕਹਿੰਦੇ ਨੇ ਥਾਣਾ ਮੁਖੀ ਪਰਮਜੀਤ ਡੋਡ
ਜਦ ਇਸ ਸਬੰਧੀ ਥਾਣਾ ਸੰਗਤ ਦੇ ਮੁਖੀ ਪਰਮਜੀਤ ਸਿੰਘ ਡੋਡ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਹਾਲੇ ਜਾਂਚ ਚੱਲ ਰਹੀ ਹੈ, ਕਾਤਲਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।


Related News