ਮਾਮਲਾ ਕਾਂਗਰਸੀ ਵਰਕਰਾਂ ਵੱਲੋਂ ਘਰ ਆ ਕੇ ਕੁੱਟਮਾਰ ਕਰਨ ਦਾ, ਅਕਾਲੀ ਵਰਕਰਾਂ ਨੇ ਪੁਲਸ ਤੋਂ ਕੀਤੀ ਇਨਸਾਫ ਦੀ ਮੰਗ

Thursday, Aug 24, 2017 - 12:07 PM (IST)

ਮਾਮਲਾ ਕਾਂਗਰਸੀ ਵਰਕਰਾਂ ਵੱਲੋਂ ਘਰ ਆ ਕੇ ਕੁੱਟਮਾਰ ਕਰਨ ਦਾ, ਅਕਾਲੀ ਵਰਕਰਾਂ ਨੇ ਪੁਲਸ ਤੋਂ ਕੀਤੀ ਇਨਸਾਫ ਦੀ ਮੰਗ

ਭਿੰਡੀ ਸੈਦਾਂ (ਗੁਰਜੰਟ) - ਕਸਬਾ ਭਿੰਡੀ ਸੈਦਾਂ ਦੇ ਰਹਿਣ ਵਾਲੇ ਸ਼ਿੰਦਾ ਸਿੰਘ ਪੁੱਤਰ ਪੁੰਨੂ ਸਿੰਘ ਨੇ ਦੱਸਿਆ ਕਿ 10 ਦਿਨ ਪਹਿਲਾਂ ਰਾਤ ਦੇ ਕਰੀਬ 10 ਵਜੇ ਕਾਂਗਰਸੀ ਵਰਕਰਾਂ ਮੁੱਖਾ ਸਿੰਘ ਤੇ ਸੁਰਜੀਤ ਸਿੰਘ ਨੇ ਕੁਝ ਹੋਰ ਅਣਪਛਾਤਿਆਂ ਨੂੰ ਨਾਲ ਲੈ ਕੇ ਸਿਆਸੀ ਰੰਜਿਸ਼ ਤਹਿਤ ਉਨ੍ਹਾਂ ਦੇ ਘਰ 'ਤੇ ਹਮਲਾ ਕੀਤਾ। ਇਸ ਦੌਰਾਨ ਉਨ੍ਹਾਂ ਪੂਰੇ ਪਰਿਵਾਰ ਸਮੇਤ ਘਰੋਂ ਭੱਜ ਕੇ ਆਪਣੀ ਜਾਨ ਬਚਾਈ।  ਉਕਤ ਹਮਲਾਵਰਾਂ ਨੇ ਘਰ ਮੰਜੇ 'ਤੇ ਪਈ ਬਜ਼ੁਰਗ ਮਾਤਾ ਦੀ ਬਹੁਤ ਕੁੱਟਮਾਰ ਕੀਤੀ ਅਤੇ ਘਰ ਦੀ ਭੰਨ-ਤੋੜ ਤੋਂ ਇਲਾਵਾ ਮੋਟਰਸਾਈਕਲ ਵੀ ਭੰਨ ਦਿੱਤਾ, ਜਿਸ ਤੋਂ ਬਾਅਦ ਮਾਤਾ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਮਾਮਲੇ ਸਬੰਧੀ ਉਨ੍ਹਾਂ ਪੁਲਸ ਥਾਣਾ ਭਿੰਡੀ ਸੈਦਾਂ ਵਿਖੇ ਦਰਖਾਸਤ ਦਿੱਤੀ ਸੀ ਪਰ 10 ਦਿਨ ਬੀਤ ਜਾਣ 'ਤੇ ਪੁਲਸ ਵੱਲੋਂ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰ ਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।
ਦੂਜੀ ਧਿਰ ਵੱਲੋਂ ਰਾਜਾਸਾਂਸੀ ਤੋਂ ਯੂਥ ਕਾਂਗਰਸ ਦੇ ਵਾਈਸ ਪ੍ਰਧਾਨ ਸੁਰਜੀਤ ਸਿੰਘ ਭਿੰਡੀ ਸੈਦਾਂ ਨੇ ਦੱਸਿਆ ਕਿ ਸ਼ਿੰਦਾ ਸਿੰਘ ਰੇਤ ਦੀ ਨਾਜਾਇਜ਼ ਮਾਈਨਿੰਗ ਦਾ ਧੰਦਾ ਕਰਦਾ ਹੈ, ਜਿਸ ਨੂੰ ਫੜਨ ਲਈ ਪੁਲਸ ਇਨ੍ਹਾਂ ਦੇ ਘਰ ਗਈ ਸੀ। ਅਚਾਨਕ ਬਾਹਰ ਸੜਕ 'ਤੇ ਖੜ੍ਹੇ ਸੁਰਜੀਤ ਸਿੰਘ ਦੀ ਇਨ੍ਹਾਂ ਪਾਰਟੀਬਾਜ਼ੀ ਤਹਿਤ ਕੁੱਟਮਾਰ ਕੀਤੀ ਕਿ ਪੁਲਸ ਇਸ ਨੇ ਭੇਜੀ ਹੈ, ਬਾਕੀ ਕਾਂਗਰਸੀ ਵਰਕਰਾਂ ਵੱਲੋਂ ਕੋਈ ਭੰਨ-ਤੋੜ ਜਾਂ ਕੁੱਟਮਾਰ ਨਹੀਂ ਕੀਤੀ ਗਈ।
ਇਸ ਸਬੰਧੀ ਪੁਲਸ ਥਾਣਾ ਭਿੰਡੀ ਸੈਦਾਂ ਦੇ ਮੁੱਖ ਅਫਸਰ ਝਿਰਮਲ ਸਿੰਘ ਨੇ ਦੱਸਿਆ ਕਿ ਉਹ ਮੌਕੇ 'ਤੇ ਗਏ ਹਨ, ਮਾਤਾ ਦੀ ਕਿਸੇ ਨੇ ਕੋਈ ਕੁੱਟਮਾਰ ਨਹੀਂ ਕੀਤੀ। ਬਜ਼ੁਰਗ ਹੋਣ ਕਰ ਕੇ ਮਾਤਾ ਨੂੰ ਹਸਪਤਾਲ ਦਾਖਲ ਕੀਤਾ ਹੋਇਆ ਹੈ ਤਾਂ ਕੁਝ ਕਹਿ ਨਹੀਂ ਸਕਦੇ, ਬਾਕੀ ਤਫਤੀਸ਼ ਕੀਤੀ ਜਾ ਰਹੀ ਹੈ।


Related News