ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸਮੇਤ 2 ਖਿਲਾਫ ਮਾਮਲਾ ਦਰਜ

Sunday, Jan 21, 2018 - 03:25 AM (IST)

ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸਮੇਤ 2 ਖਿਲਾਫ ਮਾਮਲਾ ਦਰਜ

ਅੰਮ੍ਰਿਤਸਰ,  (ਦਲਜੀਤ/ਸੰਜੀਵ)-  ਵਿਜੀਲੈਂਸ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਦੇ ਮਰੀਜ਼ਾਂ ਲਈ ਖਰੀਦੀਆਂ ਗਈਆਂ ਡਾਇਲਸਿਸ ਕਿੱਟਾਂ ਦੇ ਘਪਲੇ 'ਚ ਸਰਕਾਰੀ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸਮੇਤ 2 ਹੋਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਵਿਜੀਲੈਂਸ ਵਿਭਾਗ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਿਹਾ ਹੈ। ਡਾਇਲਸਿਸ ਕਿੱਟ ਘਪਲੇ 'ਚ ਕਰੀਬ 12.30 ਲੱਖ ਰੁਪਏ ਤੋਂ ਵੱਧ ਖਰੀਦ ਕਰ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਵੱਲੋਂ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਐੱਸ. ਐੱਸ. ਸ਼ੇਰਗਿੱਲ, ਮੈਡੀਕਲ ਕਾਲਜ ਦੇ ਅਕਾਊਂਟ ਬ੍ਰਾਂਚ ਦੇ ਮੁਲਾਜ਼ਮ ਜਸਪਾਲ ਸਿੰਘ ਤੇ ਡਾਇਲਸਿਸ ਕਿੱਟ ਕੰਪਨੀ ਦੇ ਮੁਲਾਜ਼ਮ ਸਮਵੀਜ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਆਰ. ਟੀ. ਆਈ. ਐਕਟੀਵਿਸਟ ਪੰਡਿਤ ਰਵਿੰਦਰ ਸੁਲਤਾਨਵਿੰਡ ਵੱਲੋਂ ਸੂਚਨਾ ਅਧਿਕਾਰ ਐਕਟ ਤਹਿਤ ਇਸ ਸਾਰੇ ਘਟਨਾਚੱਕਰ ਦਾ ਖੁਲਾਸਾ ਕੀਤਾ ਗਿਆ ਸੀ। ਸੂਚਨਾ ਅਧਿਕਾਰ ਐਕਟ ਤਹਿਤ ਸੁਲਤਾਨਵਿੰਡ ਨੂੰ ਮਿਲੀ ਜਾਣਕਾਰੀ ਵਿਚ ਸਪੱਸ਼ਟ ਹੋਇਆ ਸੀ ਕਿ ਸਰਕਾਰੀ ਮੈਡੀਕਲ ਕਾਲਜ ਦੇ ਤਤਕਾਲੀਨ ਪ੍ਰਿੰਸੀਪਲ ਡਾ. ਐੱਸ. ਐੱਸ. ਸ਼ੇਰਗਿੱਲ ਤੇ ਹੋਰ ਅਧਿਕਾਰੀਆਂ ਨੇ ਆਪਣੀ ਕੁਰਸੀ ਦਾ ਦੁਰਉਪਯੋਗ ਕਰਦਿਆਂ ਲੱਖਾਂ ਰੁਪਏ ਦਾ ਘਪਲਾ ਕੀਤਾ। ਮੈਡੀਕਲ ਕਾਲਜ ਵੱਲੋਂ 1000 ਡਾਇਲਸਿਸ ਕਿੱਟਾਂ ਦੀ ਖਰੀਦ 1750 ਰੁਪਏ ਦੇ ਹਿਸਾਬ ਨਾਲ ਕੀਤੀ ਗਈ ਸੀ, ਜਦਕਿ ਉਸ ਸਮੇਂ ਕਿੱਟ ਦਾ ਮੁੱਲ 460 ਰੁਪਏ ਸੀ। ਸਰਕਾਰੀ ਕਿੱਟ ਦੀ ਖਰੀਦ ਕਰਦੇ ਸਮੇਂ ਨਾ ਤਾਂ ਕੋਈ ਵੈਟ ਲੱਗਦਾ ਹੈ ਤੇ ਨਾ ਹੀ ਕੋਈ ਟੈਕਸ। ਇਸ ਦੇ ਨਾਲ-ਨਾਲ ਹਰ ਕਿੱਟ ਦੇ ਹਿਸਾਬ ਨਾਲ ਕਰੀਬ 1300 ਲੱਖ ਰੁਪਏ ਦਾ ਘਪਲਾ ਕੀਤਾ ਗਿਆ।
ਇਹ ਵੀ ਪਤਾ ਲੱਗਾ ਹੈ ਕਿ ਡਾਇਲਸਿਸ ਕਿੱਟ ਆਥੋਰਾਈਜ਼ਡ ਡੀਲਰ ਪਾਸੋਂ ਖਰੀਦ ਕੀਤੀ ਗਈ ਹੈ ਅਤੇ ਬੈਕਸਟਾਰ ਕੰਪਨੀ ਲਿਮਟਿਡ ਤੋਂ ਡਾਇਲਸਿਸ ਦੀ ਖਰੀਦ ਕੀਤੀ ਗਈ ਹੈ। ਇਹ ਕਿੱਟ ਸੰਨ 2012 ਵਿਚ ਖਰੀਦ ਕੀਤੀ ਗਈ, ਜਦਕਿ ਹੋਰ ਕੰਪਨੀਆਂ ਦੀਆਂ ਕਿੱਟਾਂ ਦੀ ਕੀਮਤ 300 ਤੋਂ 350 ਤੋਂ ਵੱਧ ਨਹੀਂ, ਹਰ ਇਕ ਕਿੱਟ ਦੀ ਖਰੀਦ ਬਾਜ਼ਾਰ ਦੀ ਕੀਮਤ ਨਾਲੋਂ ਕਈ ਗੁਣਾ ਵੱਧ ਰੇਟ 'ਤੇ ਖਰੀਦ ਕੀਤੀ ਗਈ। ਸੰਨ 2012 ਵਿਚ ਪਹਿਲੀ ਵਾਰ ਇਨ੍ਹਾਂ ਕਿੱਟਾਂ ਦੀ ਖਰੀਦ ਕੀਤੀ ਗਈ, ਜੋ ਮਰੀਜ਼ਾਂ ਨੂੰ ਫ੍ਰੀ ਦਿੱਤੀਆਂ ਜਾਣੀਆਂ ਸਨ ਤੇ ਇਸ ਤੋਂ ਬਾਅਦ ਵੀ ਅੱਜ ਤੱਕ ਕਿੱਟਾਂ ਦੀ ਖਰੀਦ ਨਹੀਂ ਕੀਤੀ ਗਈ। ਇਸ ਸਬੰਧੀ ਵਿਭਾਗ ਨੂੰ ਕਈ ਵਾਰ ਸ਼ਿਕਾਇਤ ਵੀ ਕੀਤੀ ਅਤੇ ਪਟਿਆਲਾ ਕਮੇਟੀ ਨੇ ਵੀ ਇਨ੍ਹਾਂ ਕਿੱਟਾਂ ਦੇ ਮਾਮਲੇ ਦੀ ਜਾਂਚ ਕੀਤੀ ਸੀ, ਜਿਸ ਦੀ ਰਿਪੋਰਟ 2014 ਵਿਚ ਵਿਭਾਗ ਨੂੰ ਭੇਜ ਦਿੱਤੀ ਗਈ ਤੇ ਵਿਭਾਗ ਵੱਲੋਂ ਸਾਬਕਾ ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਐੱਸ. ਐੱਸ. ਸ਼ੇਰਗਿੱਲ ਸਮੇਤ ਹੋਰਨਾਂ ਨੂੰ ਚਾਰਜਸ਼ੀਟ ਕੀਤਾ ਗਿਆ ਸੀ।


Related News