ਕਾਰ ਨੂੰ ਘੱਟ ਚੱਲੀ ਦੱਸ ਕੇ ਵੇਚਿਆ, ਹੁਣ ਵਿਕਰੇਤਾ ਦੇਵੇਗਾ 25 ਹਜ਼ਾਰ ਦਾ ਜੁਰਮਾਨਾ
Thursday, Jul 18, 2024 - 11:42 AM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਪੁਰਾਣੀ ਕਾਰ ਨੂੰ ਘੱਟ ਚੱਲੀ ਦੱਸ ਕੇ ਗਾਹਕ ਨੂੰ ਵੇਚਣ ’ਤੇ ਜ਼ਿਲ੍ਹਾ ਖ਼ਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਵਿਕਰੇਤਾ ਰੀਅਲ ਵੈਲਿਊ ਮੋਟਰਜ਼ ’ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਹੈ। ਸ਼ਿਕਾਇਤਕਰਤਾ ਨੇ ਓ. ਐੱਲ. ਐਕਸ. ’ਤੇ ਨਾਨ ਐਕਸੀਡੈਂਟਲ ਅਤੇ ਘੱਟ ਚੱਲੀ ਕਾਰ ਦਾ ਇਸ਼ਤਿਹਾਰ ਦੇਖ ਕੇ ਲੋਨ ’ਤੇ ਕਾਰ ਖ਼ਰੀਦੀ ਸੀ। ਖ਼ਰਾਬ ਹੋਣ ’ਤੇ ਪਤਾ ਲੱਗਾ ਕਿ ਕਾਰ ਐਕਸੀਡੈਂਟਲ ਹੈ ਅਤੇ ਮੀਟਰ ਨਾਲ ਛੇੜਛਾੜ ਕੀਤੀ ਗਈ ਸੀ। ਲਿਖ਼ਤੀ ਜਵਾਬ ’ਚ ਵਿਕਰੇਤਾ ਨੇ ਕਿਹਾ ਕਿ ਉਸ ਵੱਲੋਂ ਓਡੋਮੀਟਰ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ। ਸ਼ਿਕਾਇਤਕਰਤਾ ਨੇ ਵਾਹਨ ਲੈਣ ਤੋਂ ਕਰੀਬ 8 ਮਹੀਨੇ ਬਾਅਦ ਮਾਮਲਾ ਚੁੱਕਿਆ ਸੀ।
ਉਸ ਨੇ ਦੋਸ਼ ਲਾਇਆ ਕਿ ਸ਼ਿਕਾਇਤਕਰਤਾ ਨੇ ਪਰੇਸ਼ਾਨ ਕਰਨ ਲਈ ਖ਼ੁਦ ਹੀ ਓਡੋਮੀਟਰ ਨਾਲ ਛੇੜਛਾੜ ਕੀਤੀ ਹੈ। ਸਾਹਮਣੇ ਆਏ ਤੱਥਾਂ ਅਤੇ ਦਲੀਲਾਂ ਨੂੰ ਸੁਣਨ ਤੋਂ ਬਾਅਦ ਕਮਿਸ਼ਨ ਨੇ ਕਿਹਾ ਕਿ ਅਧਿਕਾਰਤ ਸਰਵਿਸ ਸੈਂਟਰ ਦੀ ਰਿਪੋਰਟ ਤੋਂ ਸਾਫ਼ ਪਤਾ ਲੱਗਦਾ ਹੈ ਕਿ ਵਾਹਨ 23 ਜੂਨ 2020 ਤੱਕ 91,204 ਕਿਲੋਮੀਟਰ ਚੱਲ ਚੁੱਕਾ ਹੈ ਅਤੇ ਹਾਦਸੇ ਦਾ ਸ਼ਿਕਾਰ ਵੀ ਸੀ। ਇਸ਼ਤਿਹਾਰ ’ਚ ਦਿਖਾਇਆ ਗਿਆ ਕਿ ਇਹ ਸਿਰਫ 48 ਹਜ਼ਾਰ ਕਿਲੋਮੀਟਰ ਚੱਲੀ ਕਾਰ ਹੈ। ਖ਼ਪਤਕਾਰ ਕਮਿਸ਼ਨ ਦਾ ਇਹ ਮੰਨਣਾ ਹੈ ਕਿ ਵਾਹਨ ਨੂੰ ਵੇਚਣ ਤੋਂ ਪਹਿਲਾਂ ਗਾਹਕ ਨੂੰ 91,204 ਕਿਲੋਮੀਟਰ ਚੱਲਣ ਦੀ ਅਸਲ ਸਥਿਤੀ ਦੱਸਣ ਦੀ ਬਜਾਏ ਮੁਲਜ਼ਮ ਨੇ 48 ਹਜ਼ਾਰ ਕਿਲੋਮੀਟਰ ਚੱਲਣ ਦੀ ਗੱਲ ਕਹਿ ਕੇ ਗਲਤ ਵਿਵਹਾਰ ਕੀਤਾ। ਮੁਲਜ਼ਮ ਧਿਰ ਨੇ ਗਾਹਕ ਨੂੰ ਸੇਵਾ ਮੁਹੱਈਆ ਕਰਨ ’ਚ ਕਮੀ ਛੱਡੀ ਹੈ। ਕਮਿਸ਼ਨ ਨੇ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨ ਦਾ ਮੁਲਜ਼ਮ ਕਰਾਰ ਦਿੰਦਿਆਂ ਹੋਏ ਰੀਅਲ ਵੈਲਿਊ ਮੋਟਰਜ਼ ਨੂੰ 25 ਹਜ਼ਾਰ ਰੁਪਏ ਦਾ ਭੁਗਤਾਨ ਕਰਨ ਦੇ ਨਿਰਦੇਸ਼ ਦਿੱਤੇ।
ਇਸ਼ਤਿਹਾਰ ’ਚ ਇਹ ਕੀਤਾ ਸੀ ਦਾਅਵਾ
ਸੈਕਟਰ-22 ਦੇ ਵਸਨੀਕ ਅਭਿਸ਼ੇਕ ਮਿਸ਼ਰਾ ਨੇ ਦੱਸਿਆ ਸੀ ਕਿ ਉਸ ਨੇ ਓ. ਐੱਲ. ਐਕਸ. ’ਤੇ ਆਗਰਾ ਦੇ ਰੀਅਲ ਵੈਲਿਊ ਦਾ ਇਸ਼ਤਿਹਾਰ ਦੇਖਿਆ ਸੀ। 17 ਅਪ੍ਰੈਲ 2022 ਨੂੰ 2017 ਮਾਡਲ ਦੀ ਟਾਟਾ ਟਿਏਗੋ ਡੀਜ਼ਲ ਕਾਰ ਬਾਰੇ ਜਾਣਕਾਰੀ ਲਈ ਸੀ। ਦਾਅਵਾ ਕੀਤਾ ਗਿਆ ਸੀ ਕਿ ਕਾਰ ਸਿਰਫ਼ 48 ਹਜ਼ਾਰ ਕਿਲੋਮੀਟਰ ਚੱਲੀ ਹੈ, ਕੋਈ ਐਕਸੀਡੈਂਟ ਨਹੀਂ ਹੋਇਆ ਤੇ ਇਕ ਸਾਲ ਦੀ ਵਾਰੰਟੀ ਵੀ ਹੈ। ਇਸ ’ਤੇ ਲੋਨ ਲੈ ਕੇ 9 ਸਤੰਬਰ, 2022 ਨੂੰ 3.47 ਲੱਖ ਰੁਪਏ ’ਚ ਕਾਰ ਖ਼ਰੀਦ ਲਈ। 13 ਸਤੰਬਰ ਨੂੰ ਆਗਰਾ ਤੋਂ ਕਾਰ ਲਿਆਉਂਦੇ ਸਮੇਂ ਇੰਜਣ ਗਰਮ ਹੋਣ ਕਾਰਨ ਖ਼ਰਾਬ ਹੋ ਗਈ, ਜਿਸ ਨੂੰ ਠੀਕ ਕਰਵਾਉਣ ਲਈ ਜ਼ੀਰਕਪੁਰ ਲਿਜਾਇਆ ਗਿਆ।
ਉੱਥੇ ਜਾਂਚ ਕਰਨ ’ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆਇਆਂ। 25 ਮਈ, 2023 ਨੂੰ ਜ਼ੀਰਕਪੁਰ ’ਚ ਟਾਟਾ ਮੋਟਰਜ਼ ਸਰਵਿਸ ਸੈਂਟਰ ਵੱਲੋਂ ਕਾਰ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ, ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ। ਵਾਹਨ ਦੇ ਰਿਕਾਰਡ ’ਚ ਦੱਸਿਆ ਗਿਆ ਹੈ ਕਿ ਕਾਰ ਦਾ ਐਕਸੀਡੈਂਟ ਹੋ ਚੁੱਕਾ ਹੈ ਤੇ 2020 ’ਚ ਲਗਭਗ 91,204 ਕਿਲੋਮੀਟਰ ਚੱਲ ਚੁੱਕੀ ਸੀ। ਸਰਵਿਸ ਸੈਂਟਰ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਕਾਰ ਨੂੰ 2020 ਤੋਂ ਸਰਵਿਸ ਲਈ ਨਹੀਂ ਲਿਆਂਦਾ ਗਿਆ ਸੀ। ਇਸ ਕਾਰਨ ਇੰਜਣ ਤੇ ਹੋਰ ਪੁਰਜ਼ੇ ਨੁਕਸਾਨੇ ਗਏ। ਇੰਨ੍ਹਾ ਹੀ ਨਹੀਂ, ਓਡੋਮੀਟਰ ਵੀ ਬਦਲ ਦਿੱਤਾ ਗਿਆ ਸੀ।