ਨਕਲੀ ਪਿਸਤੌਲ ਦੀ ਨੋਕ 'ਤੇ ਖੋਹਣ ਆਇਆ ਸੀ ਕਾਰ, ਮਾਲਕ ਦੀ ਸੂਝ-ਬੂਝ ਨਾਲ ਟਲਿਆ ਹਾਦਸਾ
Tuesday, May 10, 2022 - 11:22 PM (IST)
ਜਲੰਧਰ (ਵਰੁਣ, ਸੋਨੂੰ ਮਹਾਜਨ)- ਸ਼ਹਿਰ ਵਿਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਨਕੋਦਰ ਚੌਕ ਦੇ ਨਾਲ ਹੀ ਸਥਿਤ ਸਬ-ਵੇਅ ਦੇ ਬਾਹਰ ਖੜ੍ਹੀ ਹਾਂਡਾ ਸਿਟੀ ਕਾਰ ਨੂੰ ਗੰਨ ਪੁਆਇੰਟ ’ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਕੋਲੇ ਦਾ ਨੌਜਵਾਨ ਵਪਾਰੀ ਲੁਟੇਰੇ ਦੀ ਨਕਲੀ ਪਿਸਤੌਲ ਬਾਰੇ ਜਾਣ ਗਿਆ ਸੀ, ਜਿਸ ਨੇ ਆਪਣੀ ਪਤਨੀ ਨੂੰ ਗੱਡੀ ਵਿਚੋਂ ਬਾਹਰ ਭੇਜਿਆ ਤੇ ਫਿਰ ਲੁਟੇਰੇ ਨਾਲ ਭਿੜ ਗਿਆ। ਲੁਟੇਰੇ ਨੇ ਕਾਰੋਬਾਰੀ ਨਾਲ ਕੁੱਟਮਾਰ ਵੀ ਕੀਤੀ ਪਰ ਜਦੋਂ ਕਾਰੋਬਾਰੀ ਨੇ ਹਮਲਾ ਕੀਤਾ ਤਾਂ ਉਹ ਆਪਣੀ ਖਿਡੌਣਾ ਪਿਸਤੌਲ ਕਾਰੋਬਾਰੀ ਦੇ ਹੱਥ ਵਿਚ ਹੀ ਛੱਡ ਕੇ ਫ਼ਰਾਰ ਹੋ ਗਿਆ। ਮੁਲਜ਼ਮ ਨੂੰ 2 ਨੌਜਵਾਨਾਂ ਨੇ ਪਿੱਛਾ ਕਰ ਕੇ ਆਦਰਸ਼ ਨਗਰ ਦੇ ਪਾਰਕ ਵਿਚੋਂ ਕਾਬੂ ਕਰ ਲਿਆ ਤੇ ਫਿਰ ਥਾਣਾ ਨੰਬਰ 4 ਦੀ ਪੁਲਸ ਦੇ ਹਵਾਲੇ ਕਰ ਦਿੱਤਾ। ਦੇਰ ਰਾਤ ਕੋਲਾ ਵਪਾਰੀ ਅੰਕਿਤ ਚੋਪੜਾ ਦਾ ਸਿਵਲ ਹਸਪਤਾਲ ਵਿਚੋਂ ਮੈਡੀਕਲ ਕਰਵਾਇਆ ਗਿਆ ਅਤੇ ਥਾਣਾ ਨੰਬਰ 4 ਵਿਚ ਸ਼ਿਕਾਇਤ ਵੀ ਦਿੱਤੀ ਗਈ।
ਇਹ ਵੀ ਪੜ੍ਹੋ :- ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ PM ਮੋਦੀ ਨੇ ਕੀਤੀ ਮੁਲਾਕਾਤ
ਜਾਣਕਾਰੀ ਦਿੰਦਿਆਂ ਅੰਕਿਤ ਚੋਪੜਾ ਪੁੱਤਰ ਰਵੀ ਚੋਪੜਾ ਨਿਵਾਸੀ ਮਿਲਾਪ ਚੌਕ ਨੇ ਦੱਸਿਆ ਕਿ ਉਹ ਫੁੱਟਬਾਲ ਚੌਕ ਤੋਂ ਆਪਣੀ ਪਤਨੀ ਗੌਰੀ ਚੋਪੜਾ ਨੂੰ ਆਪਣੇ ਸਹੁਰਿਓਂ ਲਿਆ ਰਿਹਾ ਸੀ। ਰਸਤੇ ਵਿਚ ਉਹ ਖਾਣਾ ਪੈਕ ਕਰਵਾਉਣ ਲਈ ਨਕੋਦਰ ਚੌਕ ਨੇੜੇ ਸਥਿਤ ਸਬ-ਵੇਅ ਵਿਚ ਰੁਕ ਗਏ। ਪਤੀ-ਪਤਨੀ ਅੰਦਰੋਂ ਖਾਣਾ ਪੈਕ ਕਰਵਾ ਕੇ ਜਿਉਂ ਹੀ ਆਪਣੀ ਹਾਂਡਾ ਸਿਟੀ ਕਾਰ ਨੂੰ ਅਨਲਾਕ ਕਰ ਕੇ ਅੰਦਰ ਬੈਠੇ ਤਾਂ ਦੇਖਦੇ ਹੀ ਦੇਖਦੇ ਕਾਰ ਦਾ ਪਿਛਲਾ ਦਰਵਾਜ਼ਾ ਖੋਲ੍ਹ ਕੇ ਇਕ ਅਣਪਛਾਤਾ ਨੌਜਵਾਨ ਕਾਰ ਦੇ ਅੰਦਰ ਬੈਠ ਗਿਆ। ਕਾਰ ਵਿਚ ਬੈਠਦੇ ਹੀ ਮੁਲਜ਼ਮ ਨੇ ਅੰਕਿਤ ਚੋਪੜਾ ’ਤੇ ਪਿਸਤੌਲ ਤਾਣ ਦਿੱਤੀ। ਮੁਲਜ਼ਮ ਨੇ ਅੰਕਿਤ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ :- ਸ਼੍ਰੀਲੰਕਾ ਸੰਕਟ : ਰੱਖਿਆ ਮੰਤਰਾਲਾ ਨੇ ਦੰਗਾਕਾਰੀਆਂ ਨੂੰ ਗੋਲੀ ਮਾਰਨ ਦਾ ਦਿੱਤਾ ਹੁਕਮ
ਇਸੇ ਦੌਰਾਨ ਅੰਕਿਤ ਨੂੰ ਸ਼ੱਕ ਹੋਇਆ ਕਿ ਪਿਸਤੌਲ ਨਕਲੀ ਹੈ। ਉਸਨੇ ਤੁਰੰਤ ਪਿਸਤੌਲ ਝਪਟ ਲਈ, ਜਿਸ ਤੋਂ ਬਾਅਦ ਲੁਟੇਰੇ ਨੇ ਅੰਕਿਤ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਅੰਕਿਤ ਨੇ ਆਪਣੀ ਪਤਨੀ ਨੂੰ ਕਾਰ ਵਿਚੋਂ ਉਤਰ ਕੇ ਰੌਲਾ ਪਾਉਣ ਲਈ ਕਿਹਾ। ਅੰਕਿਤ ’ਤੇ ਹਮਲਾ ਕਰ ਰਿਹਾ ਲੁਟੇਰਾ ਰੌਲਾ ਪੈਂਦਾ ਦੇਖ ਗੱਡੀ ਵਿਚੋਂ ਨਿਕਲਿਆ ਪਰ ਅੰਕਿਤ ਨੇ ਉਸ ਨੂੰ ਫੜ ਲਿਆ। ਉਸਦੀ ਹੱਥ ਵਿਚੋਂ ਦੁਬਾਰਾ ਨਕਲੀ ਪਿਸਤੌਲ ਖੋਹੀ, ਜਿਸ ਤੋਂ ਬਾਅਦ ਲੁਟੇਰਾ ਪੈਦਲ ਹੀ ਭੱਜ ਗਿਆ ਅਤੇ ਕੁਝ ਦੂਰੀ ’ਤੇ ਜਾ ਕੇ ਇਕ ਐਕਟਿਵਾ ’ਤੇ ਬੈਠ ਕੇ ਆਦਰਸ਼ ਨਗਰ ਵੱਲ ਚਲਾ ਗਿਆ।
ਇਹ ਵੀ ਪੜ੍ਹੋ :-DRI ਟੀਮ ਵੱਲੋਂ ਸਾਹਨੇਵਾਲ ਵਿਖੇ ਛਾਪੇਮਾਰੀ, ਭਾਰੀ ਮਾਤਰਾ 'ਚ ਨਸ਼ੀਲਾ ਪਦਾਰਥ ਬਰਾਮਦ
ਦੂਜੇ ਪਾਸੇ ਉਥੋਂ ਲੰਘ ਰਹੇ 2 ਨੌਜਵਾਨਾਂ ਨੇ ਪਿੱਛਾ ਕਰ ਕੇ ਲੁਟੇਰੇ ਨੂੰ ਆਦਰਸ਼ ਨਗਰ ਪਾਰਕ ਵਿਚੋਂ ਕਾਬੂ ਕਰ ਲਿਆ। ਮੁਲਜ਼ਮ ਚਿਕਚਿਕ ਹਾਊਸ ਚੌਕ ਵੱਲੋਂ ਆਦਰਸ਼ ਨਗਰ ਪਾਰਕ ਵਿਚ ਦਾਖਲ ਹੋਇਆ ਸੀ। ਮੁਲਜ਼ਮ ਨੂੰ ਵਾਪਸ ਥਾਣਾ ਨੰਬਰ 4 ਵਿਚ ਲਿਆਂਦਾ ਗਿਆ। ਅੰਕਿਤ ਦੇ ਚਿਹਰੇ ’ਤੇ ਸੱਟ ਲੱਗੀ ਹੈ।ਸੂਚਨਾ ਮਿਲਦੇ ਹੀ ਥਾਣਾ ਨੰਬਰ 4 ਦੇ ਇੰਚਾਰਜ ਅਵਤਾਰ ਸਿੰਘ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਅੰਕਿਤ ਨੂੰ ਥਾਣਾ ਨੰਬਰ 4 ਵਿਚ ਲਿਜਾ ਕੇ ਉਸਦੇ ਬਿਆਨ ਦਰਜ ਕੀਤੇ ਅਤੇ ਫਿਰ ਸਿਵਲ ਹਸਪਤਾਲ ਵਿਚੋਂ ਮੈਡੀਕਲ ਕਰਵਾਇਆ। ਅੰਕਿਤ ਚੋਪੜਾ ਦਾ ਕਹਿਣਾ ਹੈ ਕਿ ਮੁਲਜ਼ਮ ਕਾਰ ਲੁੱਟਣ ਦੀ ਮਨਸ਼ਾ ਨਾਲ ਆਇਆ ਸੀ। ਕਾਬੂ ਮੁਲਜ਼ਮ ਨਸ਼ੇੜੀ ਕਿਸਮ ਦਾ ਹੈ।
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ