ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਵੱਡੀ ਖ਼ਬਰ, ਮੀਟਿੰਗ ਤੋਂ ਬਾਅਦ ਲਿਆ ਇਹ ਫ਼ੈਸਲਾ (ਵੀਡੀਓ)

Monday, Jun 12, 2023 - 04:51 AM (IST)

ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਵੱਡੀ ਖ਼ਬਰ, ਮੀਟਿੰਗ ਤੋਂ ਬਾਅਦ ਲਿਆ ਇਹ ਫ਼ੈਸਲਾ (ਵੀਡੀਓ)

ਚੰਡੀਗੜ੍ਹ : ਅਨੁਸੂਚਿਤ ਜਾਤੀ ਜਥੇਬੰਦੀਆਂ ਵੱਲੋਂ ਕੱਲ੍ਹ ਯਾਨੀ 12 ਜੂਨ ਨੂੰ ਪੰਜਾਬ ਬੰਦ ਦਾ ਦਿੱਤਾ ਗਿਆ ਸੱਦਾ ਵਾਪਸ ਲੈ ਲਿਆ ਗਿਆ ਹੈ। ਜਥੇਬੰਦੀ ਦੇ ਆਗੂਆਂ ਦੀ ਕੈਬਨਿਟ ਮੰਤਰੀ ਹਰਪਾਲ ਚੀਮਾ ਨਾਲ ਮੀਟਿੰਗ ਹੋਈ ਸੀ, ਜਿਸ ਤੋਂ ਬਾਅਦ ਜਥੇਬੰਦੀ ਦੇ ਆਗੂਆਂ ਨੇ ਪੰਜਾਬ ਬੰਦ ਦਾ ਸੱਦਾ ਫਿਲਹਾਲ ਟਾਲ ਦਿੱਤਾ ਹੈ। ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਬ-ਕਮੇਟੀ ਦਾ ਚੇਅਰਮੈਨ ਹੋਣ ਕਰਕੇ ਇਸ ਮੋਰਚੇ ਦੇ ਆਗੂਆਂ ਦੀਆਂ ਸਾਰੀਆਂ ਮੰਗਾਂ ’ਤੇ ਗੌਰ ਕਰਕੇ ਅਫ਼ਸਰਾਂ ਨਾਲ ਮੰਗਾਂ ਸਬੰਧੀ ਵਿਚਾਰ ਕੇ ਉਨ੍ਹਾਂ ਦਾ ਪੁਖ਼ਤਾ ਹੱਲ ਕਰਨ ਦੀ  ਮੇਰੀ ਡਿਊਟੀ ਲਾਈ ਹੋਈ ਹੈ। ਉਨ੍ਹਾਂ ਕਿਹਾ ਕਿ ਸਾਰੇ ਆਗੂਆਂ ਨਾਲ ਮੀਟਿੰਗ ਦੌਰਾਨ ਸਹਿਮਤੀ ਬਣੀ ਹੈ ਕਿ ਮੰਗਲਵਾਰ ਨੂੰ ਵਿਸਥਾਰ ਸਹਿਤ ਸਬ-ਕਮੇਟੀ ਨਾਲ ਮੀਟਿੰਗ ਹੋਵੇਗੀ ਤੇ ਇਸ ਮੀਟਿੰਗ ਦੌਰਾਨ ਜਿਹੜੇ ਵੀ ਲੋਕਾਂ ਨੇ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਦੇ ਜਾਅਲੀ ਸਰਟੀਫਿਕੇਟ ਬਣਾਏ ਹਨ, ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕੀ ਐਕਸ਼ਨ ਲੈਣਾ, ਉਸ ਬਾਰੇ ਫ਼ੈਸਲਾ ਹੋਵੇਗਾ।

ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦੌਰਾਨ ਸਾਰੇ ਆਗੂਆਂ ਨੇ ਫ਼ੈਸਲਾ ਕੀਤਾ ਹੈ ਕਿ ਸੋਮਵਾਰ ਦਾ ਪੰਜਾਬ ਬੰਦ ਦਾ ਸੱਦਾ ਵਾਪਸ ਲੈਣਗੇ। ਇਸ ਦੌਰਾਨ ਮੋਹਾਲੀ ’ਚ ਜੋ ਪੱਕਾ ਮੋਰਚਾ ਲੱਗਾ ਹੈ, ਦੇ ਸੀਨੀਅਰ ਆਗੂ ਹਰਨੇਕ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਡੀਆਂ ਸਮੱਸਿਆਵਾਂ ਨੂੰ ਦੇਖਦਿਆਂ ਸਾਨੂੰ ਬੁਲਾਇਆ ਹੈ ਤੇ ਉਨ੍ਹਾਂ ਨੇ ਸਾਡੀਆਂ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਸਾਨੂੰ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿਵਾਇਆ ਹੈ ਤੇ ਮੁੱਖ ਮੰਤਰੀ ਮਾਨ ਨਾਲ ਵੀ ਸਾਨੂੰ ਮਿਲਵਾਇਆ ਜਾਵੇਗਾ।  ਸੀਨੀਅਰ ਆਗੂ ਹਰਨੇਕ ਸਿੰਘ ਨੇ ਕਿਹਾ ਕਿ ਹਾਲ ਦੀ ਘੜੀ 12 ਜੂਨ ਦਾ ਪੰਜਾਬ ਬੰਦ ਦਾ ਸੱਦਾ ਟਾਲ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਧਰਨਾ ਉਦੋਂ ਤਕ ਜਾਰੀ ਰਹੇਗਾ, ਜਦੋਂ ਤਕ ਸਾਡੀਆਂ ਸਮੱਸਿਆਵਾਂ ਹੱਲ ਨਹੀਂ ਹੋ ਜਾਂਦੀਆਂ। 

ਇਹ ਖ਼ਬਰ ਵੀ ਪੜ੍ਹੋ : ਨਸ਼ਾ ਛੁਡਾਊ ਕੇਂਦਰ ’ਚ ਨੌਜਵਾਨ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ, ਨਹਿਰ ’ਚ ਸੁੱਟੀ ਲਾਸ਼

ਦੱਸ ਦੇਈਏ ਕਿ ਅਨੁਸੂਚਿਤ ਜਾਤੀ ਜਥੇਬੰਦੀਆਂ ਨੇ ਕੱਲ੍ਹ ਪੂਰੇ ਪੰਜਾਬ ’ਚ ਬੰਦ ਦਾ ਸੱਦਾ ਦਿੱਤਾ ਸੀ। ਦਰਅਸਲ, ਅਨੁਸੂਚਿਤ ਜਾਤੀ ਜਥੇਬੰਦੀਆਂ ਨੇ ਆਪਣੀਆਂ ਮੁੱਖ ਮੰਗਾਂ, ਜਿਵੇਂ ਕਿ ਅਨੁਸੂਚਿਤ ਜਾਤੀ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਲਾਭ ਨਾ ਮਿਲਣਾ, ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਐੱਸ. ਸੀ. ਕੋਟੇ ਦੀਆਂ ਨੌਕਰੀਆਂ ਜਾਂ ਹੋਰ ਲਾਭਾਂ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਦੁਰਵਿਵਹਾਰ ਦੇ ਵਿਰੋਧ ਵਿਚ 12 ਜੂਨ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : 9 ਦਿਨ ਪਹਿਲਾਂ ਹੋਇਆ ਸੀ ਵਿਆਹ, ਚਿੱਟੇ ਨੇ ਲਈ ਨੌਜਵਾਨ ਦੀ ਜਾਨ


author

Manoj

Content Editor

Related News