ਕੀ ਡੇਢ ਫੀਸਦੀ ਵੋਟਾਂ ਹਾਸਲ ਕਰਨ ਵਾਲੀ ਬਸਪਾ ਅਕਾਲੀ ਦਲ ਲਈ ਭਾਜਪਾ ਦੀ ਭਰਪਾਈ ਕਰ ਸਕੇਗਾ!

Sunday, Jun 13, 2021 - 02:45 PM (IST)

ਕੀ ਡੇਢ ਫੀਸਦੀ ਵੋਟਾਂ ਹਾਸਲ ਕਰਨ ਵਾਲੀ ਬਸਪਾ ਅਕਾਲੀ ਦਲ ਲਈ ਭਾਜਪਾ ਦੀ ਭਰਪਾਈ ਕਰ ਸਕੇਗਾ!

ਪਟਿਆਲਾ (ਰਾਜੇਸ਼ ਪੰਜੌਲਾ) : ਕਾਲੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਆਪਣਾ ਕਿਸਾਨ ਵੋਟ ਬੈਂਕ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਦਾਅ ਖੇਡਦੇ ਹੋਏ, ਜਿਥੇ ਹਰਸਿਮਰਤ ਕੌਰ ਬਾਦਲ ਤੋਂ ਕੇਂਦਰੀ ਵਜ਼ੀਰੀ ਦਾ ਅਸਤੀਫਾ ਦਿਵਾਇਆ, ਉਥੇ ਹੀ ਭਾਜਪਾ ਨਾਲ ਵੀ ਤੋਡ਼ ਵਿਛੋੜਾ ਕਰ ਲਿਆ ਗਿਆ। 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਭਾਜਪਾ ਦੇ ਵੋਟ ਬੈਂਕ ਦੀ ਭਰਪਾਈ ਲਈ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਸਮਝੌਤਾ ਕਰ ਕੇ ਉਸ ਨੂੰ 20 ਸੀਟਾਂ ਦੇ ਦਿੱਤੀਆਂ ਹਨ। ਅਜਿਹੇ ਵਿਚ ਸਵਾਲ ਖੜ੍ਹਾ ਹੁੰਦਾ ਹੈ ਕਿ ਅਕਾਲੀ ਦਲ ਦਾ ਜੋ ਨੁਕਸਾਨ ਭਾਜਪਾ ਨਾਲੋਂ ਅਲੱਗ ਹੋਣ ਕਰ ਕੇ ਵੋਟ ਬੈਂਕ ਦਾ ਹੋਇਆ ਹੈ, ਕੀ ਬਸਪਾ ਦਾ ਵੋਟ ਬੈਂਕ ਉਸ ਨੁਕਸਾਨ ਦੀ ਪੂਰਤੀ ਕਰ ਸਕਦਾ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਦੇ ਅੰਕੜੇ ਅਤੇ ਸਿਆਸੀ ਮਾਹਿਰਾਂ ਅਨੁਸਾਰ ਇਸ ਗਠਜੋੜ ਦੇ ਬਾਵਜੂਦ ਵੀ ਅਕਾਲੀ ਦਲ ਲਈ 2022 ਦੀ ਰਾਹ ਆਸਾਨ ਨਹੀਂ ਦਿਖਾਈ ਦੇ ਰਹੀ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਸਪਾ ਨੂੰ ਸੂਬੇ ਵਿਚ ਸਿਰਫ ਡੇਢ ਫੀਸਦੀ ਵੋਟ ਸ਼ੇਅਰ ਮਿਲਿਆ ਸੀ ਜਦੋਂ ਕਿ ਭਾਜਪਾ ਦਾ ਵੋਟ ਸ਼ੇਅਰ 5.4 ਫੀਸਦੀ ਸੀ। ਸੱਤਾ ’ਤੇ ਕਾਬਿਜ਼ ਹੋਣ ਵਾਲੀ ਕਾਂਗਰਸ ਦਾ ਵੋਟ ਬੈਂਕ 38.5 ਫੀਸਦੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ 25.2 ਫੀਸਦੀ ਸੀ। ਸਮਝੌਤੇ ਤਹਿਤ ਜਿਹੜੀਆਂ ਸੀਟਾਂ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨੂੰ ਦਿੱਤੀਆਂ ਹਨ, ਉਨ੍ਹਾਂ ’ਚ 13 ਸੀਟਾਂ ਉਹ ਹਨ ਜਿਹੜੀਆਂ ਪਹਿਲਾਂ ਭਾਜਪਾ ਦੇ ਖਾਤੇ ਵਿਚ ਸਨ ਅਤੇ 8 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਖਾਤੇ ’ਚੋਂ ਦਿੱਤੀਆਂ ਹਨ। ਜੇਕਰ 2017 ਦੇ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਬਸਪਾ ਨੂੰ ਜਿਹੜੀਆਂ 20 ਸੀਟਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ’ਤੇ ਬਸਪਾ ਨੂੰ ਬਹੁਤ ਘੱਟ ਵੋਟਾਂ ਮਿਲੀਆਂ ਸਨ।  2017 ’ਚ ਪਠਾਨਕੋਟ ਵਿਧਾਨ ਸਭਾ ਹਲਕੇ ਤੋਂ ਬਸਪਾ ਨੂੰ ਸਿਰਫ 470 ਵੋਟਾਂ ਮਿਲੀਆਂ ਸਨ ਜਦੋਂ ਕਿ ਭਾਜਪਾ ਨੂੰ 45,213 ਵੋਟਾਂ ਮਿਲੀਆਂ ਸਨ। ਇਸੇ ਤਰ੍ਹਾਂ ਭੋਆ ਹਲਕੇ ਤੋਂ ਬਸਪਾ ਨੂੰ 695 ਅਤੇ ਭਾਜਪਾ ਨੂੰ 40,369 ਵੋਟਾਂ ਮਿਲੀਆਂ ਸਨ। ਸੁਜਾਨਪੁਰ ਹਲਕੇ ਤੋਂ ਬਸਪਾ ਨੂੰ 1083 ਅਤੇ ਭਾਜਪਾ ਨੂੰ 48,910 ਵੋਟਾਂ ਮਿਲੀਆਂ ਸਨ। ਇਸੇ ਤਰ੍ਹਾਂ ਬਸਪਾ ਨੂੰ ਜਿਹੜੀ ਅੰਮ੍ਰਿਤਸਰ ਨੌਰਥ ਸੀਟ ਦਿੱਤੀ ਗਈ ਹੈ, ਉਸ ’ਤੇ ਬਸਪਾ ਨੂੰ 2017 ਵਿਚ 603 ਵੋਟਾਂ ਅਤੇ ਭਾਜਪਾ ਨੂੰ 44,976 ਵੋਟਾਂ, ਅੰਮ੍ਰਿਤਸਰ ਸੈਂਟਰਲ ਤੋਂ ਬਸਪਾ ਨੂੰ 500 ਵੋਟਾਂ ਅਤੇ ਭਾਜਪਾ ਨੂੰ 30,126 ਵੋਟਾਂ ਹਾਸਲ ਹੋਈਆਂ ਸਨ। ਰਿਜ਼ਰਵ ਹਲਕੇ ਕਰਤਾਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਸਿਰਫ 6 ਹਜ਼ਾਰ ਵੋਟਾਂ ਨਾਲ ਹਾਰਿਆ ਸੀ, ਉਥੇ ਅਕਾਲੀ ਦਲ ਨੂੰ 40,709 ਵੋਟਾਂ ਮਿਲੀਆਂ ਸਨ ਜਦੋਂ ਕਿ ਬਸਪਾ ਨੂੰ 5208 ਵੋਟਾਂ ’ਤੇ ਸਬਰ ਕਰਨਾ ਪਿਆ ਸੀ।

ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਨੇ ਮਾਇਆਵਤੀ ਨੂੰ ਪੰਜਾਬ ਤੋਂ ਚੋਣ ਲੜਨ ਦਾ ਦਿੱਤਾ ਸੱਦਾ

ਇਸੇ ਤਰ੍ਹਾਂ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਬਸਪਾ ਨੂੰ 6160 ਅਤੇ ਭਾਜਪਾ ਨੂੰ 45,479 ਵੋਟ ਮਿਲੇ ਸਨ। ਜਲੰਧਰ ਨੌਰਥ ਤੋਂ ਬਸਪਾ ਨੂੰ ਸਿਰਫ਼ 1506 ਵੋਟ ਹਾਸਲ ਹੋਏ ਸਨ। ਇਸੇ ਤਰ੍ਹਾਂ ਜਲੰਧਰ ਵੈਸਟ ਤੋਂ ਬਸਪਾ ਨੂੰ 1099 ਅਤੇ ਭਾਜਪਾ 36,649 ਵੋਟਾਂ ਹਾਸਲ ਹੋਈਆਂ ਸਨ। ਹੁਸ਼ਿਆਰਪੁਰ ਤੋਂ ਬਸਪਾ ਨੂੰ 4442 ਵੋਟਾਂ ਜਦੋਂ ਕਿ ਭਾਜਪਾ ਨੂੰ 38,718 ਵੋਟਾਂ ਹਾਸਲ ਹੋਈਆਂ ਸਨ। ਉੜਮੁੜ ਟਾਂਡਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ 36,523 ਵੋਟਾਂ ਮਿਲੀਆਂ ਸਨ ਜਦੋਂ ਕਿ ਬਸਪਾ ਨੂੰ ਸਿਰਫ 1720 ਵੋਟਾਂ ਹਾਸਲ ਹੋਈਆਂ ਸਨ। ਦਸੂਹਾ ਵਿਧਾਨ ਸਭਾ ਹਲਕੇ ਤੋਂ ਬਸਪਾ ਨੂੰ 3180 ਅਤੇ ਭਾਜਪਾ 38,889 ਵੋਟਾਂ ਹਾਸਲ ਹੋਈਆਂ ਸਨ। ਚਮਕੌਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ 31,452 ਅਤੇ ਬਸਪਾ ਨੂੰ ਸਿਰਫ 1610 ਵੋਟਾਂ ਹਾਸਲ ਹੋਈਆਂ ਸਨ।

ਇਹ ਵੀ ਪੜ੍ਹੋ : ਮਨੀਸ਼ ਸਿਸੋਦੀਆ ਨੂੰ ਕੈਪਟਨ ਦਾ ਕਰਾਰਾ ਜਵਾਬ, ਕਿਹਾ ਮੇਰੇ ਤੋਂ ਸਿੱਖੋ ਕਿਵੇਂ ਸਕੂਲਾਂ ਨੂੰ ਬਿਹਤਰ ਬਣਾਉਣਾ

ਇਸੇ ਤਰ੍ਹਾਂ ਬਸੀ ਪਠਾਣਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ 24,852 ਅਤੇ ਬਸਪਾ ਨੂੰ ਸਿਰਫ 819 ਵੋਟਾਂ ਮਿਲੀਆਂ ਸਨ। ਮਹਿਲਕਲਾਂ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ 30,487 ਅਤੇ ਬਸਪਾ ਨੂੰ 4922 ਵੋਟਾਂ ਮਿਲੀਆਂ ਸਨ। ਨਵਾਂ ਸ਼ਹਿਰ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ 34,874 ਅਤੇ ਬਸਪਾ ਨੂੰ 19,578 ਵੋਟਾਂ ਮਿਲੀਆਂ ਸਨ। ਲੁਧਿਆਣਾ ਨੌਰਥ ਹਲਕੇ ਤੋਂ ਭਾਜਪਾ ਨੂੰ 39,732 ਅਤੇ ਬਸਪਾ ਨੂੰ ਸਿਰਫ 1513 ਵੋਟਾਂ ਹਾਸਲ ਹੋਈਆਂ ਸਨ। ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਭਾਜਪਾ ਨੂੰ 36,919 ਅਤੇ ਬਸਪਾ ਨੂੰ ਸਿਰਫ 1442 ਵੋਟਾਂ ਮਿਲੀਆਂ ਸਨ। ਮੋਹਾਲੀ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ 30,031 ਅਤੇ ਬਸਪਾ ਨੂੰ 1027, ਇਸੇ ਤਰ੍ਹਾਂ ਪਾਇਲ ਹਲਕੇ ਤੋਂ ਅਕਾਲੀ ਦਲ ਨੂੰ 33,044 ਅਤੇ ਬਸਪਾ ਨੂੰ ਸਿਰਫ 618 ਵੋਟਾਂ ਹਾਸਲ ਹੋਈਆਂ ਸਨ। ਇਹ ਅੰਕੜੇ ਸਪੱਸ਼ਟ ਕਰਦੇ ਹਨ ਕਿ ਅਕਾਲੀ-ਬਸਪਾ ਗਠਜੋਡ਼ ਦੀਆਂ ਵੋਟਾਂ ਮਿਲਾਉਣ ਦੇ ਬਾਵਜੂਦ ਵੀ ਇਨ੍ਹਾਂ ਹਲਕਿਆਂ ਵਿਚ ਕਾਂਗਰਸ ਦਾ ਪੱਲੜਾ ਭਾਰੀ ਰਹੇਗਾ।

ਇਹ ਵੀ ਪੜ੍ਹੋ : ਮੁੱਖ ਸਕੱਤਰ ਨੇ ਜਾਰੀ ਕੀਤੇ ਹੁਕਮ, ਝੁੱਗੀਆਂ-ਝੌਂਪੜੀਆਂ ਵਾਲੇ 1996 ਪਰਿਵਾਰਾਂ ਨੂੰ ਮਿਲੇ ਮਾਲਕਾਨਾ ਹੱਕ

ਵੋਟ ਟਰਾਂਸਫਰ ਹੋਣ ਦਾ ਵੀ ਵੱਡਾ ਸਵਾਲ?
ਕੀ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਬਸਪਾ ਦੇ ਉਮੀਦਵਾਰਾਂ ਨੂੰ ਅਤੇ ਬਸਪਾ ਦੀ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਟਰਾਂਸਫਰ ਹੋ ਸਕੇਗੀ, ਇਹ ਵੀ ਆਪਣੇ ਆਪ ’ਚ ਵੱਡਾ ਸਵਾਲ ਹੈ। ਕਿਸਾਨੀ ਅੰਦੋਲਨ ਤੋਂ ਬਾਅਦ ਬੇਸ਼ੱਕ ਕਿਸਾਨ-ਮਜ਼ਦੂਰ ਏਕਤਾ ਦਾ ਨਾਅਰਾ ਦਿੱਤਾ ਗਿਆ ਹੈ ਪਰ ਪਿੰਡਾਂ ਵਿਚ ਅਜੇ ਵੀ ਕਾਂਗਰਸ ਦੇ ਪੱਕੇ ਵੋਟ ਬੈਂਕ ਜੱਟਾਂ ਅਤੇ ਬਸਪਾ ਦੇ ਪੱਕੇ ਵੋਟ ਬੈਂਕ ਦਲਿਤਾਂ ਵਿਚ ਕਾਫੀ ਟਕਰਾਅ ਹੈ। ਇਸ ਝੋਨੇ ਦੇ ਸੀਜ਼ਨ ਵਿਚ ਵੀ ਝੋਨਾ ਲਵਾਉਣ ਲਈ ਸਥਾਨਕ ਦਲਿਤਾਂ ਨੂੰ ਕੰਮ ਨਹੀਂ ਦਿੱਤਾ ਗਿਆ ਅਤੇ ਯੂ. ਪੀ. ਬਿਹਾਰ ਦੇ ਮਜ਼ਦੂਰ ਬੁਲਾ ਕੇ ਕਿਸਾਨਾਂ ਨੇ ਝੋਨਾ ਲਵਾਉਣ ਨੂੰ ਤਵੱਜੋਂ ਦਿੱਤੀ ਕਿਉਂਕਿ ਯੂ. ਪੀ. ਬਿਹਾਰ ਦੇ ਮਜ਼ਦੂਰ ਜਿਹੜਾ ਕੰਮ 3 ਹਜ਼ਾਰ ਰੁਪਏ ਵਿਚ ਕਰਦੇ ਸਨ ਸਥਾਨਕ ਦਲਿਤ ਪਰਿਵਾਰਾਂ ਦੇ ਮਜ਼ਦੂਰ ਉਸ ਦੇ 5 ਹਜ਼ਾਰ ਰੁਪਏ ਮੰਗਦੇ ਸਨ, ਜਿਸ ਕਰ ਕੇ ਸੋਸ਼ਲ ਮੀਡੀਆ ’ਤੇ ਇਹ ਮਸਲਾ ਕਾਫੀ ਭੱਖ ਰਿਹਾ ਹੈ। ਕਈ ਪਿੰਡਾਂ ਵਿਚ ਕਿਸਾਨਾਂ ਨੇ ਸਥਾਨਕ ਦਲਿਤ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ, ਜਿਸ ਕਰ ਕੇ ਸਮਾਜਿਕ ਤਾਣਾ ਬਾਣਾ ਕਾਫੀ ਉਲਝਿਆ ਹੋਇਆ ਹੈ। ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੱਟ ਦਲਿਤ ਕੰਬੀਨੇਸ਼ਨ ਸੂਬੇ ਵਿਚ ਕਿੰਨਾ ਪ੍ਰਭਾਵਸ਼ਾਲੀ ਹੁੰਦਾ ਹੈ।

ਇਹ ਵੀ ਪੜ੍ਹੋ : ਕੈਪਟਨ ਨੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦਾ ਮੁਲਾਂਕਣ ਕਰਨਾ ਕੀਤਾ ਸ਼ੁਰੂ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News