ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ

Friday, Sep 29, 2017 - 05:32 AM (IST)

ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ

ਸਰਾਏ ਅਮਾਨਤ ਖਾਂ/ਝਬਾਲ,  (ਨਰਿੰਦਰ)-  ਸਰਾਏ ਅਮਾਨਤ ਖਾਂ ਨੇੜੇ ਸਰਹੱਦੀ ਪਿੰਡ ਚੀਮਾ ਖੁਰਦ ਵਿਖੇ ਬੀਤੀ ਰਾਤ ਘਰ 'ਚ ਇਕੱਲੀ ਰਹਿ ਰਹੀ ਬਜ਼ੁਰਗ ਔਰਤ ਜਸਬੀਰ ਕੌਰ ਪਤਨੀ ਸੇਵਾ ਸਿੰਘ ਦਾ ਬੜੀ ਬੇਰਹਿਮੀ ਨਾਲ ਅਣਪਛਾਤੇ ਵਿਅਕਤੀ ਵੱਲੋਂ ਸਿਰ 'ਚ ਕੋਈ ਭਾਰੀ ਚੀਜ਼ ਮਾਰ ਕੇ ਕਤਲ ਕਰ ਦਿੱਤਾ ਗਿਆ। 
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੀਮਾ ਖੁਰਦ ਵਿਖੇ ਬਜ਼ੁਰਗ ਔਰਤ ਜੋ ਕਿ ਲੱਤਾਂ ਤੋਂ ਆਰੀ ਸੀ ਤੇ ਤੁਰ ਫਿਰ ਨਹੀਂ ਸਕਦੀ ਸੀ, ਉਹ ਆਪਣੇ ਪੋਤਰੇ ਨਿਸ਼ਾਨ ਸਿੰਘ ਪੁੱਤਰ ਬੱਬੂ ਸਿੰਘ ਨਾਲ ਰਹਿ ਰਹੀ ਸੀ । ਪੋਤਰਾ ਨਿਸ਼ਾਨ ਸਿੰਘ ਕਿਸੇ ਪ੍ਰਾਈਵੇਟ ਬੱਸ 'ਤੇ ਕੰਡਕਟਰੀ ਕਰਦਾ ਸੀ, ਜਿਸ ਕਾਰਨ ਮਾਤਾ ਸਾਰਾ ਦਿਨ ਇਕੱਲੀ ਘਰ ਰਹਿੰਦੀ ਸੀ । ਕੱਲ ਜਦੋਂ ਉਸ ਦਾ ਪੋਤਰਾ ਰਾਤ ਨੂੰ ਘਰ ਆਇਆ ਤਾਂ ਬੂਹਾ ਬੰਦ ਵੇਖ ਕੇ ਜਦੋਂ ਕੰਧ ਰਾਹੀਂ ਅੰਦਰ ਗਿਆ ਤਾਂ ਵੇਖਿਆ ਕਿ ਮਾਤਾ ਖੂਨ ਨਾਲ ਲੱਥਪੱਥ ਜ਼ਮੀਨ 'ਤੇ ਡਿੱਗੀ ਪਈ ਸੀ, ਜਿਸ 'ਤੇ ਉਸ ਨੇ ਰੌਲਾ ਪਾ ਕੇ ਗੁਆਂਢੀਆਂ ਨੂੰ ਬੁਲਾਇਆ। 
ਉਨ੍ਹਾਂ ਨੇ ਵੇਖਿਆ ਕਿ ਮਾਤਾ ਦੇ ਸਿਰ 'ਤੇ ਇੱਟਾਂ ਤੇ ਲੂਣ ਘੋਟਣੇ ਨਾਲ ਵਾਰ ਕੀਤੇ ਹੋਏ ਸਨ । ਨਿਸ਼ਾਨ ਸਿੰਘ ਅਨੁਸਾਰ ਮਾਤਾ ਕੋਲ ਜੇਬ 'ਚ 15 ਹਜ਼ਾਰ ਰੁਪਏ ਸਨ, ਜੋ ਕਾਤਲ ਕੱਢ ਕੇ ਲੈ ਗਿਆ । ਇਸ ਸਬੰਧੀ ਉਸ ਨੇ ਪੁਲਸ ਨੂੰ ਸੂਚਿਤ ਕੀਤਾ, ਜਿਸ 'ਤੇ ਡੀ. ਐੱਸ. ਪੀ. ਪਿਆਰਾ ਸਿੰਘ ਅਤੇ ਥਾਣਾ ਮੁਖੀ ਸੁਖਵਿੰਦਰ ਸਿੰਘ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਤੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ।


Related News