ਪੰਜਾਬ ’ਚ ਭਾਈਚਾਰਕ ਸਾਂਝ ਮਜ਼ਬੂਤ, ਭਾਜਪਾ ਇਸ ਨੂੰ ਤੋੜ ਨਹੀਂ ਸਕਦੀ : ਭਗਵੰਤ ਮਾਨ

05/25/2024 6:18:51 PM

ਜਲੰਧਰ/ਚੰਡੀਗੜ੍ਹ (ਧਵਨ) : ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਪੰਜਾਬ ਵਾਸੀਆਂ ਦੀ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦਾ ਯਤਨ ਨਾ ਕਰੇ ਕਿਉਂਕਿ ਸਾਡੀ ਆਪਸੀ ਭਾਈਚਾਰਕ ਸਾਂਝ ਕਾਫੀ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ’ਚ ਨਫਰਤ ਦੀ ਸਿਆਸਤ ਕਰਦੀ ਹੈ ਅਤੇ ਰੋਜ਼ਾਨਾ ਕਿਸੇ ਨਾ ਕਿਸੇ ਭਾਈਚਾਰੇ ਨੂੰ ਆਪਸ ’ਚ ਲੜਾਉਂਦੀ ਹੈ, ਜਦੋਂਕਿ ਪੰਜਾਬੀਆਂ ਵੱਲੋਂ ਆਪਣੇ ਸਾਰੇ ਤਿਉਹਾਰ ਇਕੱਠੇ ਮਨਾਏ ਜਾਂਦੇ ਹਨ। ਉਹ ਹੁਸ਼ਿਆਰਪੁਰ ਲੋਕ ਸਭਾ ਸੀਟ ’ਤੇ ‘ਆਪ’ ਦੇ ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਦੇ ਹੱਕ ’ਚ ਲੋਕ ਮਿਲਣੀ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਤਕ ਹੋਈਆਂ 5 ਪੜਾਵਾਂ ਦੀਆਂ ਚੋਣਾਂ ਵਿਚ ‘ਇੰਡੀਆ’ ਗੱਠਜੋੜ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਕੇਂਦਰ ਵਿਚ ਮੋਦੀ ਸਰਕਾਰ ਦਾ ਆਉਣਾ ਹੁਣ ਸੰਭਵ ਨਹੀਂ। ਅਸੀਂ ਪੈਸੇ ਕਮਾਉਣ ਲਈ ਸਿਆਸਤ ’ਚ ਨਹੀਂ ਆਏ। ਹਰ ਕੰਮ ਪੈਸੇ ਲਈ ਨਹੀਂ ਹੁੰਦਾ। ਅਸੀਂ ਸੇਵਾ ਕਰਨ ਦੇ ਮਨੋਰਥ ਨਾਲ ਸਿਆਸਤ ਵਿਚ ਆਏ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਹੱਕ ’ਚ ਖੜ੍ਹੇ ਹੋਣਾ ਚਾਹੀਦਾ ਹੈ। ਸਰਕਾਰ ਨੇ ਮੈਰਿਟ ਤੇ ਬਿਨਾਂ ਰਿਸ਼ਵਤ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਕਿਸੇ ਵੀ ਰਿਸ਼ਤੇਦਾਰ ਨੂੰ ਨੌਕਰੀਆਂ ਨਹੀਂ ਦਿੱਤੀਆਂ ਗਈਆਂ, ਜਦੋਂਕਿ ਅਕਾਲੀ ਸਰਕਾਰ ’ਚ ਲੱਖਾਂ ਰੁਪਏ ਲੈ ਕੇ ਨੌਕਰੀਆਂ ਦਿੱਤੀਆਂ ਜਾਂਦੀਆਂ ਸਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਅਹਿਮ ਖ਼ਬਰ, ਘਰ ਬੈਠੇ ਮਿਲੇਗੀ ਪੋਲਿੰਗ ਬੂਥ ’ਤੇ ਲੱਗੀਆਂ ਕਤਾਰਾਂ ਦੀ ਜਾਣਕਾਰੀ 

ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਗਰੀਬੀ ਦੂਰ ਕਰਨਗੇ। ਇਸ ਦੇ ਲਈ ਗਰੀਬਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਅਫਸਰ ਬਣਾਉਣਾ ਪਵੇਗਾ। ਇਸ ਨਾਲ ਇਨ੍ਹਾਂ ਪਰਿਵਾਰਾਂ ਦੀ ਗਰੀਬੀ ਦੂਰ ਹੋਵੇਗੀ। ਇਕ ਪਰਿਵਾਰ ਵਿਚ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਮਿਲ ਜਾਵੇ ਤਾਂ ਉਸ ਦਾ ਜੀਵਨ ਪੱਧਰ ਉੱਚਾ ਹੋ ਜਾਂਦਾ ਹੈ। ਪੰਜਾਬੀਆਂ ਨੇ 1 ਜੂਨ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ। ਇਸ ਨਾਲ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ 1 ਜੂਨ ਤੋਂ ਬਾਅਦ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਏਗੀ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਜਿਸ ਵੀ ਪਾਰਟੀ ’ਚ ਜਾਂਦੇ ਹਨ, ਉਸ ਦਾ ਬੇੜਾ ਗਰਕ ਕਰ ਦਿੰਦੇ ਹਨ। ਖਹਿਰਾ ਨੇ ਬਿਜਲੀ ਬੋਰਡ ਨੂੰ ਚਿੱਠੀ ਲਿਖੀ ਸੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਕੋਲ ਰਾਮਗੜ੍ਹ ’ਚ 10 ਮੋਟਰਾਂ ਹਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਮੋਟਰਾਂ ਦੀ ਸਬਸਿਡੀ ਛੱਡਣੀ ਚਾਹੁੰਦੇ ਹਨ। ਅਜਿਹਾ ਕਹਿ ਕੇ ਉਨ੍ਹਾਂ ਵਾਹੋਵਾਹੀ ਲੁੱਟ ਲਈ। ਬਿਜਲੀ ਬੋਰਡ ਤੋਂ ਜਦੋਂ ਉਨ੍ਹਾਂ ਅਸਲੀਅਤ ਜਾਣੀ ਤਾਂ ਪਤਾ ਲੱਗਾ ਕਿ ਉਨ੍ਹਾਂ ਫਾਰਮ ਹੀ ਨਹੀਂ ਭਰੇ। ਖਹਿਰਾ ਨੇ 4.36 ਲੱਖ ਰੁਪਏ ਦੀ ਸਾਲਾਨਾ ਸਬਸਿਡੀ ਦੀ ਰਕਮ ਸਰੈਂਡਰ ਨਹੀਂ ਕੀਤੀ। ਉਨਾਂ ਕਿਹਾ ਕਿ ਭਾਜਪਾ ਤੇ ਮੋਦੀ ਦੇ ਚੰਗੇ ਦਿਨ ਹੁਣ ਆਉਣ ਵਾਲੇ ਨਹੀਂ ਕਿਉਂਕਿ ਭਾਜਪਾ ਨੂੰ ਲੋਕ ਪਸੰਦ ਨਹੀਂ ਕਰ ਰਹੇ। ‘ਆਪ’ ਸਰਕਾਰ ਜੇ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦੀ ਹੈ ਤਾਂ ਜਨਤਾ ਨੂੰ ਵੀ ਭਾਜਪਾ ਤੇ ਕਾਂਗਰਸ ਨੂੰ ਜ਼ੀਰੋ ਕਰ ਦੇਣਾ ਚਾਹੀਦਾ ਹੈ। ਮੈਨੂੰ ਆਪਣੇ ਲਈ ਨਹੀਂ, ਸਗੋਂ ਪੰਜਾਬੀਆਂ ਤੇ ਉਨ੍ਹਾਂ ਦੇ ਬੱਚਿਆਂ ਲਈ ਵੋਟਾਂ ਚਾਹੀਦੀਆਂ ਹਨ। ਮੈਨੂੰ ਕਿਸਾਨਾਂ ਤੇ ਮਜ਼ਦੂਰਾਂ ਲਈ ਵੋਟਾਂ ਚਾਹੀਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਜਦੋਂ ਵੀ ਗੁਰਦਾਸਪੁਰ ’ਚ ਲੋਕ ਹੈਂਡਪੰਪ ਦੀ ਵਰਤੋਂ ਕਰਦੇ ਤਾਂ ਸੰਨੀ ਦਿਓਲ ਨੂੰ ਕੋਸਦੇ : ਭਗਵੰਤ ਮਾਨ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Anuradha

Content Editor

Related News