ਬੈਂਸ ਭਰਾਵਾਂ ਵੱਲੋਂ ਕੀਤੀ ਹੱਥੋਪਾਈ ਦੀ ਗੂੰਜ ਅੰਮ੍ਰਿਤਸਰ ਪੁੱਜੀ

Saturday, Nov 11, 2017 - 01:07 AM (IST)

ਅੰਮ੍ਰਿਤਸਰ, (ਨੀਰਜ)- ਲੁਧਿਆਣਾ 'ਚ ਦਿ ਰੈਵੇਨਿਊ ਪਟਵਾਰ ਯੂਨੀਅਨ ਦੇ ਉੱਚ ਅਹੁਦੇਦਾਰਾਂ ਨਾਲ ਬੈਂਸ ਭਰਾਵਾਂ ਵੱਲੋਂ ਕੀਤੀ ਗਈ ਹੱਥੋਪਾਈ ਦੀ ਗੂੰਜ ਅੰਮ੍ਰਿਤਸਰ ਜ਼ਿਲੇ ਤੱਕ ਵੀ ਪਹੁੰਚ ਗਈ ਹੈ। ਅੱਜ ਦਿ ਰੈਵੇਨਿਊ ਪਟਵਾਰ ਯੂਨੀਅਨ ਦੇ ਰਾਜਸੀ ਪ੍ਰਧਾਨ ਨਿਰਮਲਜੀਤ ਸਿੰਘ ਬਾਜਵਾ, ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੈਦੋਲੇਹਲ, ਜਨਰਲ ਸਕੱਤਰ ਚਾਨਣ ਸਿੰਘ ਖਹਿਰਾ ਤੇ ਹੋਰ ਯੂਨੀਅਨ ਨੇਤਾਵਾਂ ਨੇ ਪੱਤਰਕਾਰ ਸੰਮੇਲਨ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੁਧਿਆਣਾ ਜ਼ਿਲੇ ਦੇ ਪਟਵਾਰੀਆਂ ਨਾਲ ਮੈਨਹੈਂਡਲਿੰਗ ਕਰਨ ਵਾਲੇ ਬੈਂਸ ਭਰਾਵਾਂ ਖਿਲਾਫ ਐੱਫ. ਆਈ. ਆਰ. ਦਰਜ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਯੂਨੀਅਨ ਨੇਤਾਵਾਂ ਨੇ ਆਪਣੀ ਮੰਗ ਦੇ ਨਾਲ-ਨਾਲ ਪੰਜਾਬ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਬੈਂਸ ਭਰਾਵਾਂ ਖਿਲਾਫ ਐੱਫ. ਆਈ. ਆਰ. ਦਰਜ ਨਾ ਕੀਤੀ ਤਾਂ ਪਟਵਾਰ ਯੂਨੀਅਨ ਅੰਮ੍ਰਿਤਸਰ ਵੀ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਉਤਰ ਜਾਵੇਗੀ ਅਤੇ ਅੰਮ੍ਰਿਤਸਰ ਸਮੇਤ ਪੂਰੇ ਪੰਜਾਬ 'ਚ ਹੜਤਾਲ ਕੀਤੀ ਜਾਵੇਗੀ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਯੂਨੀਅਨ ਨੇਤਾਵਾਂ ਨੇ ਕਿਹਾ ਕਿ ਜੇਕਰ ਕੋਈ ਪਟਵਾਰੀ ਜਾਂ ਹੋਰ ਸਰਕਾਰੀ ਕਰਮਚਾਰੀ ਰਿਸ਼ਵਤ ਦੀ ਮੰਗ ਕਰਦਾ ਜਾਂ ਫਿਰ ਆਪਣੇ ਅਹੁਦੇ ਦਾ ਦੁਰਪ੍ਰਯੋਗ ਕਰਦਾ ਹੈ ਤਾਂ ਉਸ ਨੂੰ ਗ੍ਰਿਫਤਾਰ ਕਰਨ ਜਾਂ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਵਿਜੀਲੈਂਸ ਵਿਭਾਗ, ਡਿਪਟੀ ਕ,ki੯ਮਿਸ਼ਨਰ, ਐੱਸ. ਡੀ. ਐੱਮ. ਅਤੇ ਹੋਰ ਪ੍ਰਬੰਧਕੀ ਅਧਿਕਾਰੀਆਂ ਕੋਲ ਹੈ, ਜੋ ਪਟਵਾਰੀ ਨੂੰ ਸਸਪੈਂਡ ਕਰਨ ਦੇ ਨਾਲ-ਨਾਲ ਨੌਕਰੀ ਤੋਂ ਡਿਸਮਿਸ ਵੀ ਕਰ ਸਕਦੇ ਹਨ ਪਰ ਜਿਸ ਤਰ੍ਹਾਂ ਬੈਂਸ ਭਰਾਵਾਂ ਨੇ ਆਪਣੇ ਦਰਜਨਾਂ ਸਾਥੀਆਂ ਨਾਲ ਮਿਲ ਕੇ ਪਟਵਾਰੀਆਂ ਨਾਲ ਹੱਥੋਪਾਈ ਕੀਤੀ, ਇਸ ਦਾ ਅਧਿਕਾਰ ਕਿਸੇ ਵੀ ਪ੍ਰਾਈਵੇਟ ਆਦਮੀ ਕੋਲ ਨਹੀਂ ਹੈ, ਜੇਕਰ ਲੁਧਿਆਣਾ ਜ਼ਿਲੇ ਦੇ ਪਟਵਾਰੀ ਕੋਈ ਗਲਤ ਕੰਮ ਕਰ ਰਹੇ ਸਨ ਤਾਂ ਇਸ ਦੀ ਸ਼ਿਕਾਇਤ ਡੀ. ਸੀ. ਜਾਂ ਵਿਜੀਲੈਂਸ ਨੂੰ ਕੀਤੀ ਜਾ ਸਕਦੀ ਸੀ, ਨਾ ਕਿ ਬੈਂਸ ਭਰਾ ਆਪਣੇ-ਆਪ ਹੀ ਪਟਵਾਰੀਆਂ ਨੂੰ ਫੜਨ ਚਲੇ ਜਾਂਦੇ। ਯੂਨੀਅਨ ਨੇਤਾਵਾਂ ਨੇ ਕਿਹਾ ਕਿ ਬੈਂਸ ਭਰਾਵਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿਚ ਲਿਆ ਹੈ ਅਤੇ ਪਟਵਾਰੀਆਂ ਨਾਲ ਧੱਕੇਸ਼ਾਹੀ ਕੀਤੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਯੂਨੀਅਨ ਵੱਲੋਂ ਸੋਮਵਾਰ ਨੂੰ ਬੈਠਕ ਕਰ ਕੇ ਅਗਲੇ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।


Related News