ਲੁਧਿਆਣਾ 'ਚ ਗੁੰਡਾਗਰਦੀ ਦਾ ਨੰਗਾ ਨਾਚ, ਦੋ ਧਿਰਾਂ ਦੀ ਲੜਾਈ ਤੋਂ ਬਾਅਦ ਚਿਕਨ ਕਾਰਨਰ ਦੀ ਭੰਨਤੋੜ (ਵੀਡੀਓ)

Monday, Jun 18, 2018 - 01:38 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ) — ਲੁਧਿਆਣਾ ਦੇ ਟਿੱਬਾ ਰੋਡ 'ਤੇ ਸਥਿਤ ਬਿੰਦਰਾ ਚਿਕਨ ਕਾਰਨਰ 'ਤੇ ਦੋ ਧਿਰਾਂ 'ਚ ਕਿਸੇ ਗੱਲ ਨੂੰ ਲੈ ਕੇ ਆਪਸ 'ਚ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਉਕਤ ਲੋਕ ਚਿਕਨ ਕਾਰਨ 'ਚ ਸ਼ਰਾਬ ਪੀ ਰਹੇ ਸਨ ਕਿ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ 'ਚ ਵਿਵਾਦ ਹੋ ਗਿਆ ਤੇ ਗੱਲ ਇਥੋਂ ਤੱਕ ਵੱਧ ਗਈ ਕਿ ਇਕ ਧਿਰ ਨੇ ਦੂਜੀ ਧਿਰ ਦੇ ਪੰਜ ਵਿਅਕਤੀਆਂ ਦੀ ਕੁੱਟਮਾਰ ਕਰ ਦਿੱਤੀ। ਕੁਝ ਦੇਰ ਬਾਅਦ ਦੂਜੀ ਧਿਰ,ਜਿਨ੍ਹਾਂ ਦੇ ਪੰਜ ਵਿਅਕਤੀਆਂ ਨਾਲ ਕੁੱਟਮਾਰ ਕੀਤੀ ਗਈ ਸੀ, ਆਪਣੇ 20-25 ਨਕਾਬਪੋਸ਼ ਸਾਥੀਆਂ ਨਾਲ, ਹੱਥਾਂ 'ਚ ਨੰਗੀਆਂ ਤਲਵਾਰਾਂ ਤੇ ਬੀਅਰ ਬੋਤਲਾਂ ਲੈ ਕੇ ਵਾਪਸ ਆਏ, ਉਦੋਂ ਤਕ ਪਹਿਲੀ ਧਿਰ ਦੇ ਲੋਕ ਉਥੋਂ ਜਾ ਚੁੱਕੇ ਸਨ। ਗੁੱਸੇ 'ਚ ਆਏ ਦੂਜੀ ਧਿਰ ਦੇ ਵਿਅਕਤੀਆਂ ਨੇ ਚਿਕਨ ਕਾਰਨਰ ਦੀ ਬੁਰੀ ਤਰ੍ਹਾਂ ਤੋੜ-ਭੰਨ੍ਹ ਸ਼ੁਰੂ ਕਰ ਦਿੱਤੀ। 
ਅਚਾਨਕ ਹੋਏ ਇਸ ਹਮਲੇ ਕਾਰਨ ਆਸਪਾਸ ਦੇ ਦੁਕਾਨਦਾਰਾਂ 'ਚ ਹਫੜਾ-ਦਫੜੀ ਮਚ ਗਈ ਤੇ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਹਮਲਾਵਰ ਨੌਜਵਾਨਾਂ ਨੇ ਤਲਵਾਰਾਂ ਲਹਿਰਾਉਂਦੇ ਹੋਏ ਜੰਮ ਕੇ ਤੋੜ-ਭੰਨ ਕੀਤੀ ਤੇ ਜਾਂਦੇ ਹੋਏ ਗੱਲੇ 'ਚੋਂ 17 ਹਜ਼ਾਰ ਰੁਪਏ ਵੀ ਕੱਢ ਕੇ ਲੈ ਗਏ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਜੋ ਕਿ ਕੁਝ ਮਿੰਟਾਂ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਦੁਕਾਨ ਦੇ ਮਾਲਿਕ ਸਰਬਜੀਤ ਸਿੰਘ ਨੇ ਪੁਲਸ ਕੰਟਰੋਲ ਰੂਮ 'ਚ ਹਮਲੇ ਦੀ ਜਾਣਕਾਰੀ ਦੇਣ ਲਈ ਕਈ ਵਾਰ ਫੋਨ ਕੀਤਾ ਪਰ ਫੋਨ ਨਹੀਂ ਲੱਗਾ। ਕਿਸੇ ਤਰ੍ਹਾਂ ਉਨ੍ਹਾਂ ਨੇ ਹਮਲੇ ਦੀ ਜਾਣਕਾਰੀ ਪੀ. ਸੀ.ਆਰ. ਦਸਤੇ ਨੂੰ ਦਿੱਤੀ ਤਾਂ ਮੌਕੇ 'ਤੇ ਪੀ. ਸੀ. ਆਰ 66 ਦਸਤਾ ਪਹੁੰਚਿਆਂ ਪਰ ਉਸ ਸਮੇਂ ਤੱਕ ਹਮਲਾਵਰ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਟਿੱਬਾ ਰੋਡ ਦੀ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News