ਦੋਸਤ ਘਰ ਗਏ ਮੁੰਡੇ ਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ, 2 ਵਾਰ ਰਿਫਿਊਜ਼ ਹੋ ਚੁੱਕਾ ਸੀ ਕੈਨੇਡਾ ਦਾ ਵੀਜ਼ਾ
Thursday, Jan 18, 2024 - 12:23 PM (IST)

ਖਰੜ (ਰਣਬੀਰ, ਸ਼ਸ਼ੀ) : ਇਥੋਂ ਦੇ ਖਰੜ-ਲਾਂਡਰਾਂ ਰੋਡ ਸੈਕਟਰ-115 ਵਿਖੇ ਸਥਿਤ ਸਕਾਈਲਾਰਕ ਸੋਸਾਇਟੀ ਦੇ ਫਲੈਟ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਇਕ ਨੌਜਵਾਨ ਨੇ ਸ਼ੱਕੀ ਹਾਲਾਤ ’ਚ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਇਸ ਸਬੰਧੀ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਆਰਿਆ ਗੁਰਦਾਸ ਦਾ ਰਹਿਣ ਵਾਲਾ 30 ਸਾਲਾ ਨੌਜਵਾਨ ਸਿਮਰਨਜੀਤ ਪੁੱਤਰ ਲਖਵਿੰਦਰ ਸਿੰਘ ਅਜੇ ਕੁਆਰਾ ਸੀ ਅਤੇ ਬੀਤੀ ਰਾਤ ਉਕਤ ਸੋਸਾਇਟੀ ਦੇ ਰਹਿਣ ਵਾਲੇ ਆਪਣੇ ਇਕ ਦੋਸਤ ਕੋਲ ਆਇਆ ਸੀ ਫਿਰ ਤੜਕੇ ਸਵੇਰੇ ਪੌਣੇ ਪੰਜ ਵਜੇ ਉਸ ਨੇ ਫਲੈਟ ਦੇ ਬਾਹਰ ਬਾਲਕੋਨੀ ’ਚੋਂ ਛਾਲ ਮਾਰ ਦਿੱਤੀ, ਜਿਸ ਨੂੰ ਕੁਝ ਸਮਾਂ ਪਿੱਛੋਂ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਪੁੱਜਣ ’ਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਵਾਲੀ ਥਾਂ ਤੋਂ ਖ਼ੁਦਕੁਸ਼ੀ ਨੋਟ ਜਾਂ ਕੋਈ ਵੀ ਹੋਰ ਸੁਰਾਗ ਪੁਲਸ ਦੇ ਹੱਥ ਨਹੀਂ ਲੱਗਾ ਹੈ, ਜਿਸ ਤੋਂ ਘਟਨਾ ਦਾ ਕਾਰਨ ਪਤਾ ਲੱਗ ਸਕੇ।
ਇਹ ਵੀ ਪੜ੍ਹੋ : ਬੀਬਾ ਬਾਦਲ ਦੇ ਤੱਕੜੀ ਵਾਲੇ ਬਿਆਨ 'ਤੇ CM ਮਾਨ ਦਾ ਤਿੱਖਾ ਤੰਜ, SGPC ਪ੍ਰਧਾਨ ਨੂੰ ਕੀਤਾ ਸਵਾਲ
ਰਾਤ ਨੂੰ ਆਇਆ ਸੀ ਦੋਸਤ ਕੋਲ
ਫਲੈਟ ’ਚ ਰਹਿ ਰਹੇ ਮ੍ਰਿਤਕ ਸਿਮਰਨਜੀਤ ਸਿੰਘ ਦੇ ਦੋਸਤ ਪਰਮਵੀਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਉਸ ਨੂੰ ਸਿਮਰਨ ਦਾ ਫੋਨ ਆਇਆ ਸੀ ਕਿ ਉਹ ਗੁਰਦਾਸਪੁਰ ਤੋਂ ਆ ਰਿਹਾ ਹੈ ਅਤੇ ਰਾਤ ਨੂੰ ਉਸਦੇ ਕੋਲ ਹੀ ਰੁਕੇਗਾ। ਰਾਤੀਂ 10 ਵਜੇ ਸਿਮਰਨਜੀਤ ਸਿੰਘ ਦੇ ਆਖਣ ’ਤੇ ਉਹ ਉਸਨੂੰ ਮੋਹਾਲੀ ਰੇਲਵੇ ਸਟੇਸ਼ਨ ਨੇੜਿਓਂ ਆਪਣੇ ਨਾਲ ਘਰ ਲੈ ਕੇ ਆਇਆ ਸੀ ਤੇ ਰਸਤੇ ’ਚ ਫੇਜ਼-3 ਬੀ2 ਵਿਖੇ ਚਾਹ-ਪਾਣੀ ਪੀਣ ਪਿੱਛੋਂ ਉਨ੍ਹਾਂ ਘਰ ਆ ਕੇ ਇਕੱਠੀਆਂ ਖਾਣਾ ਵੀ ਖਾਧਾ ਪਰ ਤੜਕੇ ਜਦੋਂ ਉਹ ਖ਼ੁਦ ਸੁੱਤਾ ਪਿਆ ਸੀ ਤਾਂ ਸਿਮਰਨਜੀਤ ਨੇ ਉਸਨੂੰ ਆਵਾਜ਼ ਮਾਰ ਕੇ ਕਿਹਾ ਕਿ, ‘ਪਰਮ-ਪਰਮ ਮੈਂ ਚੱਲਿਆ ਆਂ’। ਜਦੋਂ ਉਸਨੇ ਬਾਹਰ ਨਿਕਲ ਕੇ ਦੇਖਿਆ ਤਾਂ ਉਸਦਾ ਦੋਸਤ ਬਾਲਕੋਨੀ ਤੋਂ ਥੱਲੇ ਲਹੂ-ਲੁਹਾਨ ਹਾਲਤ ਵਿਚ ਡਿੱਗਿਆ ਪਿਆ ਸੀ ਉਸ ਨੇ ਫੌਰੀ ਇਸਦੀ ਇਤਲਾਹ ਪੁਲਸ ਕੰਟਰੋਲ ਰੂਮ ’ਤੇ ਦਿੱਤੀ।
ਇਹ ਵੀ ਪੜ੍ਹੋ : ਲੁਧਿਆਣਾ ਦੇ ਲੋਕਾਂ ਨੂੰ ਅੱਧੀ ਰਾਤ ਪਈਆਂ ਭਾਜੜਾਂ, ਅਚਾਨਕ ਵੱਜਣ ਲੱਗਾ ਸਾਇਰਨ
ਮਾਂ ਨਾਲ ਕਿਰਾਏ ’ਤੇ ਮੋਹਾਲੀ ਰਹਿੰਦਾ ਸੀ ਸਿਮਰਨਜੀਤ
ਸਿਮਰਨਜੀਤ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸਦਾ ਵੱਡਾ ਭਰਾ ਗੁਰਦਾਸਪੁਰ, ਜਦੋਂ ਕਿ ਉਹ ਮੋਹਾਲੀ ਦੇ ਫੇਜ਼-11 'ਚ ਆਪਣੀ ਮਾਂ ਨਾਲ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਬੀਤੇ ਦਿਨੀਂ ਜਦੋਂ ਉਹ ਪਿੰਡ ਗਿਆ ਸੀ ਤਾਂ ਉਸਦੀ ਮਾਂ ਉੱਥੇ ਹੀ ਰਹਿ ਗਈ ਸੀ। ਸਿਮਰਨਜੀਤ ਨੇ ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ ਸੀ, ਜੋ 2 ਵਾਰ ਰਿਫਿਊਜ਼ ਹੋ ਗਿਆ। ਉਹ ਨਾ ਸਿਰਫ ਇਸ ਕਾਰਨ, ਸਗੋਂ ਘਰ ਦੀ ਜ਼ਿੰਮੇਵਾਰੀ ਅਤੇ ਕੋਈ ਕੰਮ ਨਾ ਹੋਣ ਕਾਰਨ ਵੀ ਪਰੇਸ਼ਾਨ ਸੀ ਤੇ ਇਸੇ ਕਾਰਨ ਉਹ ਸ਼ਰਾਬ ਵੀ ਪੀਣ ਲੱਗ ਪਿਆ ਸੀ। ਸ਼ਾਇਦ ਇਸ ਕਾਰਨ ਹੀ ਉਸ ਨੇ ਇਹ ਕਦਮ ਚੁੱਕਿਆ ਹੈ। ਫਿਲਹਾਲ ਪੁਲਸ ਨੇ ਲਾਸ਼ ਸਿਵਲ ਹਸਪਤਾਲ ਖਰੜ ਦੀ ਮੌਰਚਰੀ ’ਚ ਰੱਖਵਾ ਦਿੱਤੀ ਹੈ ਤੇ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8