ਹੱਤਿਆ ਕਰ ਕੇ ਬੋਰੀ ''ਚ ਬੰਨ੍ਹ ਕੇ ਸੁੱਟੀ ਨੌਜਵਾਨ ਦੀ ਲਾਸ਼ ਬਰਾਮਦ

Saturday, Nov 25, 2017 - 05:41 AM (IST)

ਹੱਤਿਆ ਕਰ ਕੇ ਬੋਰੀ ''ਚ ਬੰਨ੍ਹ ਕੇ ਸੁੱਟੀ ਨੌਜਵਾਨ ਦੀ ਲਾਸ਼ ਬਰਾਮਦ

ਅੰਮ੍ਰਿਤਸਰ, (ਸੰਜੀਵ)- ਜ਼ਿਲਾ ਪੁਲਸ ਨੇ ਅੱਜ ਵਿਵੇਕਸਰ ਰੋਡ ਤੋਂ ਹੱਤਿਆ ਕਰ ਕੇ ਬੋਰੀ 'ਚ ਬੰਨ੍ਹ ਕੇ ਸੁੱਟੀ ਗਈ ਨੌਜਵਾਨ ਦੀ ਲਾਸ਼ ਬਰਾਮਦ ਕੀਤੀ, ਜਿਸ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਮੌਤ ਦੇ ਘਾਟ ਉਤਾਰ ਕੇ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਸੁੱਟਿਆ ਗਿਆ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਏ. ਡੀ. ਸੀ. ਪੀ. ਚਰਨਜੀਤ ਸਿੰਘ ਪੁਲਸ ਬਲ ਨਾਲ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਿਅਕਤੀਆਂ ਵਿਰੁੱਧ ਹੱਤਿਆ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਕੁਝ ਲੋਕਾਂ ਨੇ ਸ਼ੱਕੀ ਹਾਲਤ ਵਿਚ ਸੜਕ 'ਤੇ ਪਈ ਬੋਰੀ ਨੂੰ ਦੇਖਿਆ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਜਦੋਂ ਮੌਕੇ 'ਤੇ ਪਹੁੰਚੀ ਪੁਲਸ ਨੇ ਬੋਰੀ ਨੂੰ ਖੋਲ੍ਹਿਆ ਤਾਂ ਉਸ ਵਿਚ ਨੌਜਵਾਨ ਦੀ ਲਾਸ਼ ਸੀ, ਜਿਸ ਦੇ ਸਰੀਰ 'ਤੇ ਕੁਝ ਜ਼ਖਮਾਂ ਤੋਂ ਇਲਾਵਾ ਗਲੇ 'ਤੇ ਕੁਝ ਅਜਿਹੇ ਨਿਸ਼ਾਨ ਸਨ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਗਲਾ ਘੁੱਟ ਕੇ ਮਾਰਿਆ ਗਿਆ ਹੋਵੇ। ਮ੍ਰਿਤਕ ਦੇ ਹੱਥ 'ਤੇ ਲਿਖੇ ਓਮ ਤੋਂ ਇਹ ਸਾਫ਼ ਹੋ ਰਿਹਾ ਸੀ ਕਿ ਉਹ ਹਿੰਦੂ ਭਾਈਚਾਰੇ ਨਾਲ ਸਬੰਧ ਰੱਖਦਾ ਹੋਵੇਗਾ। ਮ੍ਰਿਤਕ ਦੇ ਕੱਪੜਿਆਂ ਤੋਂ ਕੋਈ ਵੀ ਅਜਿਹਾ ਸੁਰਾਗ ਨਹੀਂ ਮਿਲਿਆ ਜਿਸ ਨਾਲ ਪੁਲਸ ਲਾਸ਼ ਦੀ ਪਛਾਣ ਕਰ ਸਕੇ। ਲਾਸ਼ ਦੇ ਪੋਸਟਮਾਰਟਮ ਉਪਰੰਤ ਆਉਣ ਵਾਲੀ ਰਿਪੋਰਟ ਤੋਂ ਇਹ ਸਾਫ਼ ਹੋਵੇਗਾ ਕਿ ਉਸ ਨੂੰ ਕਦੋਂ ਤੇ ਕਿਵੇਂ ਮਾਰਿਆ ਗਿਆ ਹੈ।
ਕੀ ਕਹਿਣਾ ਹੈ ਪੁਲਸ ਦਾ? : ਥਾਣਾ ਸੀ-ਡਵੀਜ਼ਨ ਦੇ ਇੰਚਾਰਜ ਇੰਸਪੈਕਟਰ ਰਵੀਸ਼ੇਰ ਸਿੰਘ ਦਾ ਕਹਿਣਾ ਹੈ ਕਿ ਅਣਪਛਾਤੇ ਆਦਮੀਆਂ ਵਿਰੁੱਧ ਕੇਸ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਲਾਕੇ 'ਚ ਲੱਗੇ ਕੁਝ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲਿਆ ਗਿਆ ਹੈ ਪਰ ਅਜੇ ਤੱਕ ਪੁਲਸ ਦੇ ਹੱਥ ਕੋਈ ਪੁਖਤਾ ਸੁਰਾਗ ਨਹੀਂ ਲੱਗ ਸਕੇ ਹਨ। ਪੁਲਸ ਦੀ ਵਿਸ਼ੇਸ਼ ਟੀਮ ਮ੍ਰਿਤਕ ਦੇ ਹਤਿਆਰਿਆਂ ਤੱਕ ਪਹੁੰਚਣ 'ਚ ਜੁਟੀ ਹੋਈ ਹੈ।


Related News