ਛੱਪੜ ''ਚੋਂ ਮਿਲੀ ਲਾਪਤਾ ਨੌਜਵਾਨ ਦੀ ਲਾਸ਼

02/26/2018 7:14:03 AM

ਖਾਲੜਾ/ ਭਿੱਖੀਵਿੰਡ,    (ਭਾਟੀਆ, ਬਖਤਾਵਰ)-  ਕਸਬਾ ਖਾਲੜਾ ਦੇ ਨੇੜਲੇ ਪਿੰਡ ਅਮੀਸ਼ਾਹ ਤੋਂ ਬੀਤੇ ਦਿਨੀਂ ਲਾਪਤਾ ਹੋਏ ਨੌਜਵਾਨ ਸੁਖਵਿੰਦਰ ਸਿੰਘ ਦੀ ਲਾਸ਼ ਅੱਜ ਕਸਬਾ ਖਾਲੜਾ ਦੇ ਇਕ ਛੱਪੜ 'ਚੋਂ ਬਰਾਮਦ ਹੋਈ ਹੈ। 
ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਜੋ ਕਿ ਕੰਬਾਈਨ ਡਰਾਈਵਰ ਸੀ, 13 ਫਰਵਰੀ ਨੂੰ ਅਚਾਨਕ ਲਾਪਤਾ ਹੋ ਗਿਆ ਸੀ। ਇਸ ਸਬੰਧੀ ਉਸਦੇ ਪਰਿਵਾਰ ਵੱਲੋਂ ਥਾਣਾ ਖਾਲੜਾ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਮ੍ਰਿਤਕ ਦੇ ਪਿਤਾ ਦੇਸਾ ਸਿੰਘ ਨੇ ਦੱਸਿਆ ਕਿ 13 ਫਰਵਰੀ ਨੂੰ ਜਦੋਂ ਸਾਡਾ ਪੁੱਤਰ ਘਰ ਨਾ ਪੁੱਜਾ ਤਾਂ ਅਸੀਂ ਉਸਦੀ ਭਾਲ ਸ਼ੁਰੂ ਕਰ ਦਿੱਤੀ ਸੀ । ਪਰ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗਾ। 23 ਫਰਵਰੀ ਸ਼ਾਮ ਨੂੰ ਸਾਨੂੰ ਪਤਾ ਲੱਗਾ ਕਿ ਖਾਲੜਾ ਦੇ ਨੇੜੇ ਛੱਪੜ 'ਚ ਕੁੱਝ ਬੱਚਿਆਂ ਨੇ ਖੇਡਦੇ ਹੋਏ ਇਕ ਲਾਸ਼ ਦੇਖੀ ਹੈ । ਅਸੀਂ ਜਦੋਂ ਜਾ ਕੇ ਪੁਲਸ ਨੂੰ ਤੇ ਪਿੰਡ ਦੇ ਮੋਹਤਬਰਾਂ ਨੂੰ ਲੈ ਕੇ ਦੇਖਿਆ ਤਾਂ ਉਹ ਲਾਸ਼ ਸਾਡੇ ਪੁੱਤਰ ਸੁਖਵਿੰਦਰ ਸਿੰਘ ਦੀ ਸੀ। ਥਾਣਾ ਖਾਲੜਾ ਦੀ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ । ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਭਿੰਦਰ ਕੌਰ ਤੇ ਦੋ ਛੋਟੇ ਬੱਚੇ ਜਸ਼ਨਦੀਪ ਸਿੰਘ ਤੇ ਅਕਾਸ਼ਦੀਪ ਸਿੰਘ ਛੱਡ ਗਿਆ ਹੈ । 


Related News