ਅਕਾਲੀਆਂ ਦੇ ਕਾਲੇ ਕਾਰਨਾਮਿਆਂ ਦਾ ਨਿਬੇੜਾ ਸਹੁੰ ਨਾਲ ਨਹੀਂ ਸਬੂਤਾਂ ਨਾਲ ਹੋਵੇਗਾ : ਬਰਾੜ
Thursday, Sep 28, 2017 - 01:51 PM (IST)

ਬਾਘਾਪੁਰਾਣਾ (ਚਟਾਨੀ/ਮੁਨੀਸ਼) - ਬਾਘਾਪੁਰਾਣਾ ਹਲਕੇ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਦੇ ਕਾਲੇ ਕਾਰਨਾਮਿਆਂ ਦਾ ਨਿਬੇੜਾ ਸਹੁੰ ਨਾਲ ਨਹੀਂ ਸਗੋਂ ਠੋਸ ਸਬੂਤਾਂ ਦੇ ਆਧਾਰ 'ਤੇ ਹੋਣਾ ਹੈ, ਜਿਸ ਦਾ ਰਸਤਾ ਹੁਣ ਬਿਲਕੁਲ ਪੱਧਰਾ ਹੋ ਚੁੱਕਾ ਹੈ। ਬਰਾੜ ਨੇ ਕਿਹਾ ਕਿ ਨਸ਼ਿਆਂ ਨਾਲ ਪੱਟੇ ਗਏ ਸੈਂਕੜੇ ਪਰਿਵਾਰਾਂ ਦੇ ਮੈਂਬਰਾਂ ਦੀ ਕਚਹਿਰੀ 'ਚੋਂ ਸਹੁੰਆਂ ਖਾ ਕੇ ਦੁੱਧ ਧੋਤਾ ਹੋ ਕੇ ਨਿਕਲਣ ਦੀ ਅਕਾਲੀ ਆਗੂ ਦੀ ਕੋਸ਼ਿਸ਼ ਹਰਗਿਜ਼ ਕਾਮਯਾਬ ਨਹੀਂ ਹੋਵੇਗੀ। ਵਿਧਾਇਕ ਨੇ ਬਾਦਲ ਦੇ ਰਾਜ ਦੌਰਾਨ ਨੱਥੂਵਾਲਾ ਪੁਲਸ ਚੌਕੀ 'ਚੋਂ ਅਕਾਲੀ ਆਗੂ ਨਾਲ ਸਬੰਧਿਤ ਮਿਲੀ ਪੋਸਤ ਦੀ ਵੱਡੀ ਖੇਪ ਦੀ ਅਸਲੀਅਤ ਦੀ ਇਕ-ਇਕ ਪਰਤ ਨੂੰ ਫਰੋਲਦਿਆਂ ਦੱਸਿਆ ਕਿ ਚੌਕੀ ਵਿਚ ਹਾਜ਼ਰ ਪੁਲਸ ਮੁਲਾਜ਼ਮਾਂ ਨੇ ਚੀਕ-ਚੀਕ ਕੇ ਕਿਹਾ ਸੀ ਕਿ ਇਹ ਸਭ ਕੁਝ ਅਕਾਲੀ ਆਗੂ ਦੀ ਸਰਪ੍ਰਸਤੀ ਹੇਠ ਹੋ ਰਿਹਾ ਹੈ।
ਵਿਧਾਇਕ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸਰਕਾਰ ਅਤੇ ਪਾਰਟੀ ਦੀ ਬਦਨਾਮੀ ਉਪਰ ਪਰਦਾ ਪਾਉਣ ਲਈ ਭਾਵੇਂ ਉਦੋਂ ਕੋਈ ਕਸਰ ਨਹੀਂ ਛੱਡੀ ਸੀ ਪਰ ਇਸ ਪੋਸਤ ਕਾਂਡ ਦਾ ਧੁਖਦਾ ਧੂੰਆਂ, ਹੁਣ ਭਾਂਬੜ ਜ਼ਰੂਰ ਬਣੇਗਾ। ਅਕਾਲੀ ਆਗੂ ਵੱਲੋਂ ਕਾਂਗਰਸੀ ਨੇਤਾਵਾਂ ਦੀ ਹਿੰਮਤ ਨੂੰ ਚੁਣੌਤੀ ਦੇਣ ਵਾਲੇ ਮਾਰੇ ਲਲਕਾਰਿਆਂ 'ਤੇ ਪ੍ਰਤੀਕਰਮ ਦਿੰਦਿਆਂ ਵਿਧਾਇਕ ਨੇ ਕਿਹਾ ਕਿ ਪਹਿਲਾਂ ਅਕਾਲੀ ਆਗੂ ਆਪਣੇ ਉਪਰ ਲੱਗੇ ਪੋਸਤ, ਭੁੱਕੀ, ਰੇਤ ਆਦਿ ਦੇ ਦਾਗ ਧੋ ਲੈਣ, ਉਸ ਤੋਂ ਬਾਅਦ ਉਨ੍ਹਾਂ ਦੀ ਸੀ. ਬੀ. ਆਈ. ਜਾਂਚ ਵਾਲਾ ਚਾਅ ਵੀ ਜਲਦ ਪੂਰਾ ਕਰ ਦਿਆਂਗੇ ਪਰ ਅਕਾਲੀ ਹੁਣ ਥੋੜ੍ਹਾ ਸਬਰ ਜ਼ਰੂਰ ਕਰ ਲੈਣ। ਵਿਧਾਇਕ ਨੇ ਪੁਲਸ ਚੌਕੀ ਵਾਲੇ ਪੋਸਤ ਕੇਸ ਵਿਚ ਫਰੇਮ ਹੋਏ ਚਾਰਜਾਂ ਦੀ ਗੱਲ ਵੀ ਆਖੀ।
ਇਸ ਮੌਕੇ ਬਰਾੜ ਨਾਲ ਜਗਸੀਰ ਸਿੰਘ ਕਾਲੇਕੇ, ਜਗਸੀਰ ਗਰਗ, ਸ਼ਸ਼ੀ ਗਰਗ, ਲਖਵੀਰ ਖੀਰਾ, ਰੂਪਾ, ਵੇਦ ਤਨੇਜਾ, ਬਾਬਾ ਹੰਸ ਰਾਜ, ਸੁੱਖਾ ਲੰਗੇਆਣਾ, ਜਗਰੂਪ ਗੋਦਾਰਾ ਆਦਿ ਆਗੂ ਮੌਜੂਦ ਸਨ।