ਮਨੁੱਖੀ ਲਾਪਰਵਾਹੀਆਂ ਕਾਰਨ ਹਰ ਸਾਲ ਡਗਮਗਾ ਰਿਹੈ ਵਾਤਾਵਰਨ, ਅੰਤਰਰਾਸ਼ਟਰੀ ਜਲਵਾਯੂ ਵਲੋਂ ਰਿਪੋਰਟ ਜਾਰੀ

Monday, Jul 01, 2024 - 06:30 PM (IST)

ਮਨੁੱਖੀ ਲਾਪਰਵਾਹੀਆਂ ਕਾਰਨ ਹਰ ਸਾਲ ਡਗਮਗਾ ਰਿਹੈ ਵਾਤਾਵਰਨ, ਅੰਤਰਰਾਸ਼ਟਰੀ ਜਲਵਾਯੂ ਵਲੋਂ ਰਿਪੋਰਟ ਜਾਰੀ

ਗੁਰਦਾਸਪੁਰ (ਹਰਮਨ)-ਪਿਛਲੇ ਸਾਲਾਂ ਤੋਂ ਮਨੁੱਖੀ ਲਾਪਰਵਾਹੀਆਂ ਸਮੇਤ ਕਈ ਕਾਰਨਾਂ ਸਦਕਾ ਗਰਮੀ, ਸਰਦੀ ਅਤੇ ਬਾਰਿਸ਼ ਦਾ ਡਗਮਗਾ ਰਿਹਾ ਸੰਤੁਲਨ ਅਕਸਰ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ, ਜਿਸ ਤਹਿਤ ਨਾ ਸਿਰਫ ਆਮ ਲੋਕ ਮੌਸਮੀ ਤਬਦੀਲੀਆਂ ਨੂੰ ਲੈ ਕੇ ਫਿਕਰਮੰਦ ਰਹਿੰਦੇ ਹਨ, ਸਗੋਂ ਵੱਖ-ਵੱਖ ਸਾਇੰਸਦਾਨ ਵੀ ਇਸ ਵੱਡੇ ਪਰਿਵਰਤਨ ਨੂੰ ਲੈ ਕੇ ਚਿੰਤਤ ਹਨ। ਇਸ ਤਹਿਤ ਅੰਤਰਰਾਸ਼ਟਰੀ ਜਲਵਾਯੂ ਪਰਿਵਰਤਨ ਪੈਨਲ ਵੱਲੋਂ ਪੇਸ਼ ਕੀਤੀ ਰਿਪੋਰਟ ਅਨੁਸਾਰ 21ਵੀਂ ਸਦੀ ਦੇ ਅੰਤ ਤੱਕ 4.8 ਡਿਗਰੀ ਸੈਂਟੀਗ੍ਰੇਟ ਤੱਕ ਔਸਤਨ ਤਾਪਮਾਨ ਵਧਣ ਦਾ ਅਨੁਮਾਨ ਹੈ। ਜੇਕਰ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਹਰੇਕ ਸਾਲ ਹੀ ਪਹਿਲਾਂ ਤਾਂ ਤਾਪਮਾਨ ਵਿਚ ਵਾਧੇ ਕਾਰਨ ਪਿਛਲੇ ਰਿਕਾਰਡ ਟੁੱਟ ਜਾਂਦੇ ਹਨ ਅਤੇ ਬਾਅਦ ਵਿਚ ਬਾਰਿਸ਼ ਦਾ ਪਾਣੀ ਵੱਡੀ ਬਰਬਾਦੀ ਕਰਦਾ ਹੈ।

ਇਸੇ ਤਰ੍ਹਾਂ ਸਰਦੀ ਦੇ ਮੌਸਮ ਵਿਚ ਵੀ ਆਮ ਦੇ ਮੁਕਾਬਲੇ ਤਾਪਮਾਨ ’ਚ ਗਿਰਾਵਟ ਦੇ ਨਵੇਂ ਅੰਕੜੇ ਦਰਜ ਕੀਤੇ ਜਾਂਦੇ ਹਨ। ਜਲਵਾਯੂ ਪਰਿਵਰਤਨ ਦਾ ਅਸਰ ਸਿਰਫ ਆਮ ਜ਼ਿੰਦਗੀ ’ਤੇ ਹੀ ਨਹੀਂ ਪੈਂਦਾ, ਸਗੋਂ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਸਮੁੱਚੇ ਕੰਮ ਕਾਜ ’ਤੇ ਇਸ ਦਾ ਵੱਡਾ ਅਸਰ ਹੁੰਦਾ ਹੈ। ਜੇਕਰ ਅਜੇ ਵੀ ਗੰਭੀਰਤਾ ਨਾ ਦਿਖਾਈ ਤਾਂ ਆਉਣ ਵਾਲੀਆਂ ਨਸਲਾਂ ਲਈ ਹਾਲਾਤ ਹੋਰ ਵੀ ਬਦਤਰ ਹੋ ਜਾਣਗੇ।

ਖਾਸ ਤੌਰ ’ਤੇ ਭਾਰਤ ਪਹਿਲਾਂ ਹੀ ਬਹੁਤ ਸਾਰੀਆਂ ਕੁਦਰਤੀ ਆਫਤਾਂ ਤੋਂ ਪ੍ਰਭਾਵਿਤ ਦੇਸ਼ਾਂ ’ਚੋਂ ਇਕ ਹੈ। ਭਾਰਤ ਵਿਚ ਸਾਲ 2050 ਤੱਕ ਅਾਬਾਦੀ ’ਚ 40 ਫੀਸਦੀ ਵਾਧੇ ਦੇ ਅਨੁਮਾਨ ਹਨ, ਜਿਸ ਕਾਰਨ ਇਕ ਪਾਸੇ ਭਾਰਤ ਵਿਚ ਅਨਾਜ ਦੀ ਪੈਦਾਵਾਰ 235 ਮਿਲੀਅਨ ਟਨ ਤੋਂ ਵਧਾ ਕੇ 450 ਮਿਲੀਅਨ ਟਨ ਕਰਨੀ ਪਵੇਗੀ। ਦੂਜੇ ਪਾਸੇ ਖੇਤੀ ਜਮੀਨ ਦਾ ਘੱਟ ਰਿਹਾ ਰਕਬਾ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਖੇਤੀਬਾੜੀ ਅਧੀਨ ਰਕਬਾ 163.4 ਮਿਲੀਅਨ ਹੈੱਕਟੇਅਰ ਤੋਂ ਘੱਟ ਕੇ 158 ਮਿਲੀਅਨ ਹੈਕਟੇਅਰ ਰਹਿ ਗਿਆ ਹੈ। ਅਜਿਹੀ ਸਥਿਤੀ ਵਿਚ ਘੱਟ ਰਕਬੇ ’ਚੋਂ ਜ਼ਿਆਦਾ ਪੈਦਾਵਾਰ ਲੈਣੀ ਦੀ ਵੱਡੀ ਚੁਣੌਤੀ ਹੈ ਪਰ ਨਾਲ ਹੀ ਇਸ ਦੀ ਲੋੜ ਵੀ ਹੈ ਕਿ ਇਸ ਲੋੜ ਦੀ ਪੂਰਤੀ ਲਈ ਵਾਤਾਵਰਣ ਦਾ ਨੁਕਸਾਨ ਨਾ ਹੋਵੇ। ਕਿਉਂਕਿ ਖੇਤੀਬਾੜੀ ਸਮਸਿਆਵਾਂ ਦਾ ਗਲੋਬਲ ਵਾਰਮਿੰਗ ਵਧਾਉਣ ਵਿੱਚ ਸਿੱਧੇ ਅਤੇ ਅਸਿੱਧੇ ਤੌਰ ਤੇ ਬਹੁਤ ਅਹਿਮ ਯੋਗਦਾਨ ਹੈ।
 ਇਸ ਲਈ ਮੌਸਮੀ ਬਦਲਾਅ ਨੂੰ ਰੋਕਣ ਲਈ ਜਿਥੇ ਹੋਰ ਉਪਰਾਲੇ ਕਰਨ ਦੀ ਲੋੜ ਹੈ, ਉਥੇ ਖੇਤੀਬਾੜੀ ਲਈ ਵੀ ਕਈ ਬਦਲ ਅਤੇ ਨਵੇਂ ਤਰੀਕੇ ਲੱਭਣੇ ਪੈਣਗੇ।

 ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਅੱਗੇ ਪੇਸ਼ ਨਹੀਂ ਹੋਈ ਯੋਗਾ ਗਰਲ, ਮੁੜ ਨੋਟਿਸ ਭੇਜਣ ਦੀ ਤਿਆਰੀ

ਫਸਲਾਂ ਦੀਆਂ ਕਿਸਮਾਂ ਦਾ ਬਦਲਾਅ

ਫਸਲਾਂ ਦੀਆਂ ਕਿਸਮਾਂ ਵਿਚ ਬਦਲਾਅ ਕਰ ਕੇ ਵਾਤਾਵਰਣ ਉਪਰ ਅਤੇ ਮੌਸਮ ਦਾ ਉਤਪਾਦਕਤਾ ’ਤੇ ਅਸਰ ਘੱਟ ਕੀਤਾ ਜਾ ਸਕਦਾ ਹੈ। ਕਿਸਾਨਾਂ ਨੂੰ ਉਨ੍ਹਾਂ ਕਿਸਮਾਂ ਦੀ ਚੋਣ ਕਰਨੀ ਹੋਵੇਗੀ, ਜੋ ਵਾਤਾਵਰਣ ਲਈ ਘਾਤਕ ਨਾ ਹੋਣ ਅਤੇ ਬਦਲਦੇ ਮੌਸਮ ਵਿਚ ਵਧੀਆ ਪ੍ਰਦਰਸ਼ਨ ਕਰ ਸਕਣ। ਝੋਨੇ ਦੀਆਂ ਗੈਰ ਸਿਫ਼ਾਰਸ਼ੀ ਲੰਮਾਂ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਥਾਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਚੋਣ ਕਰਨੀ ਚਾਹੀਦੀ ਹੈ। ਗੈਰ-ਸਿਫ਼ਾਰਸ਼ੀ ਕਿਸਮਾਂ ਜ਼ਿਆਦਾ ਸਮਾਂ ਲੈਣ ਕਰ ਕੇ ਪਾਣੀ ਦੀ ਵਧੇਰੇ ਖਪਤ ਕਰਦੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਦਾ ਪਰਾਲ ਜ਼ਿਆਦਾ ਹੋਣ ਕਰ ਕੇ ਬਾਅਦ ’ਚ ਇਸ ਦੀ ਸਾਂਭ ਸੰਭਾਲ ਵੀ ਔਖੀ ਹੈ।

ਇਸ ਲਈ ਕਿਸਾਨ ਪਰਾਲੀ ਦੀ ਸੁਚੱਜਾ ਪ੍ਰਬੰਧਨ ਕਰਨ ਦੀ ਥਾਂ ’ਤੇ ਅੱਗ ਲਗਾਉਣ ਨੂੰ ਹੀ ਤਰਜੀਹ ਦਿੰਦੇ ਹਨ, ਜੋ ਕਿ ਵਾਤਾਵਰਣ ਲਈ ਨਾਂਹ ਪੱਖੀ ਵਰਤਾਰਾ ਹੈ। ਇਸ ਲਈ ਕਿਸਾਨ ਜੇਕਰ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨ ਤਾਂ ਕਈ ਸਮੱਸਿਆਵਾਂ ਦਾ ਨਿਪਟਾਰਾ ਹੋ ਸਕਦਾ ਹੈ।

ਫਸਲੀ ਚੱਕਰ ਵਿਚ ਬਦਲਾਅ

ਕਿਸਮਾਂ ’ਚ ਬਦਲਾਅ ਦੇ ਨਾਲ-ਨਾਲ ਫ਼ਸਲੀ ਚੱਕਰ ਵਿਚ ਬਦਲਾਅ ਕਰਨਾ ਵੀ ਸਮੇਂ ਦੀ ਮੁੱਖ ਲੋੜ ਹੈ। ਕਣਕ ਝੋਨੇ ਦਾ ਫ਼ਸਲੀ ਚੱਕਰ ਮੁੱਖ ਫ਼ਸਲੀ ਚੱਕਰ ਬਣ ਗਿਆ ਹੈ, ਜੋ ਕਿ ਹਰੀ ਕਰਾਂਤੀ ਤੋਂ ਬਾਅਦ ਲਗਾਤਾਰ ਚੱਲਿਆ ਆ ਰਿਹਾ ਹੈ। ਇਸ ਫ਼ਸਲੀ ਚੱਕਰ ਨੇ ਕੁਦਰਤੀ ਸਰੋਤਾਂ ਦਾ ਬਹੁਤ ਵੱਡੇ ਪੱਧਰ ’ਤੇ ਘਾਣ ਕੀਤਾ ਹੈ। ਇਸ ਲਈ ਇਸ ਫ਼ਸਲੀ ਚੱਕਰ ਦੀ ਥਾਂ ਹੋਰ ਫ਼ਸਲਾਂ ਨੂੰ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਜੇਕਰ ਕਿਸਾਨ ਰਵਾਇਤੀ ਫਸਲਾਂ ਦੀ ਬਜਾਏ ਗੈਰ-ਰਵਾਇਤੀ ਫਸਲਾਂ ਦੀ ਕਾਸ਼ਤ ਨੂੰ ਤਰਜੀਹ ਦੇਣ ਤਾਂ ਕੁਦਰਤੀ ਸੋਮਿਆਂ ਦਾ ਬਚਾਅ ਅਤੇ ਆਮਦਨ ਵਿਚ ਵਾਧਾ ਕੀਤਾ ਜਾ ਸਕਦਾ ਹੈ।

 ਇਹ ਵੀ ਪੜ੍ਹੋ-  ਅਣਹੋਣੀ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ

ਕਾਸ਼ਤਕਾਰੀ ਦੇ ਢੰਗਾਂ ’ਚ ਤਬਦੀਲੀ

ਖੇਤੀਬਾੜੀ ਦੇ ਕੰਮ ਵਿਚ ਅਨੇਕਾਂ ਕਾਸ਼ਤਕਾਰੀ ਢੰਗ ਹੁਣ ਨੁਕਸਾਨਦੇਹ ਬਣ ਚੁੱਕੇ ਹਨ, ਜਿਨ੍ਹਾਂ ਨੂੰ ਬਦਲਣਾ ਵੀ ਬਹੁਤ ਜ਼ਰੂਰੀ ਹੋ ਗਿਆ ਹੈ। ਇਨ੍ਹਾਂ ਢੰਗਾਂ ’ਚ ਖੇਤੀ ਰਸਾਇਣਾਂ ਦੀ ਬੇਲੋੜੀ ਵਰਤੋਂ, ਜ਼ਮੀਨ ਦੀ ਤਿਆਰੀ ਲਈ ਹੱਦੋਂ ਵੱਧ ਵਹਾਈ ਅਤੇ ਪਾਣੀ ਦੀ ਦੁਰਵਰਤੋਂ ਆਦਿ ਮੁੱਖ ਹਨ। ਖੇਤੀ ਰਸਾਇਣਾਂ ਕੀਟਨਾਸ਼ਕ, ਨਦੀਨਨਾਸ਼ਕ, ਖਾਦਾਂ ਆਦਿ ਦੀ ਬੇਲੋੜੀ ਵਰਤੋਂ ਨੇ ਸਾਡੇ ਪਾਣੀ, ਮਿੱਟੀ ਅਤੇ ਹਵਾ ਨੂੰ ਬੁਰੀ ਤਰਾਂ ਪ੍ਰਦੂਸ਼ਿਤ ਕੀਤਾ ਹੈ। ਇਸ ਲਈ ਇਕੱਲੇ ਰਸਾਇਣਾਂ ਦੀ ਥਾਂ ’ਤੇ ਸਰਵਪੱਖੀ ਢੰਗਾਂ, ਸਰਵਪੱਖੀ ਕੀਟ ਪ੍ਰਬੰਧਨ, ਸਰਵਪੱਖੀ ਨਦੀਨ ਪ੍ਰਬੰਧਨ, ਸਰਵਪੱਖੀ ਖਾਦ ਪ੍ਰਬੰਧਨ ਆਦਿ ਵਿਚ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

ਫ਼ਸਲਾਂ ਦੀ ਬਿਨਾਂ ਵਹਾਈ ਸਿੱਧੀ ਬਿਜਾਈ ਅਤੇ ਝੋਨੇ ਦੀ ਸਿੱਧੀ ਬਿਜਾਈ ਵਰਗੀਆਂ ਤਕਨੀਕਾਂ ਵੀ ਇਸ ਸੰਦਰਭ ਵਿਚ ਕਾਰਗਾਰ ਸਿੱਧ ਹੋ ਸਕਦੀਆਂ ਹਨ। ਝੋਨੇ ਦੀ ਕਾਸ਼ਤ ਪਨੀਰੀ ਵਾਲੇ ਤਰੀਕੇ ਨਾਲ ਕਰਨ ਸਮੇਂ ਮੀਥੇਨ ਗੈਸ ਦੀ ਉਤਪਤੀ ਬਹੁਤ ਹੁੰਦੀ ਹੈ, ਜੋ ਕਿ ਮੌਸਮ ਵਿਚ ਤਬਦੀਲੀ ਅਹਿਮ ਭੁਮਿਕਾ ਨਿਭਾਉਂਦੀ ਹੈ। ਪ੍ਰੰਤੂ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਇਸ ਮੁਸ਼ਕਲ ਦਾ ਹੱਲ ਸਹਿਜੇ ਹੀ ਨਿਕਲ ਆਉਂਦਾ ਹੈ ਕਿਉਂਕਿ ਸਿੱਧੀ ਬਿਜਾਈ ਕਰਨ ਨਾਲ ਇਹ ਗੈਸ ਬਹੁਤ ਘੱਟ ਮਾਤਰਾ ਵਿੱਚ ਉਤਪੰਨ ਹੁੰਦੀ ਹੈ। ਇਸੇ ਤਰ੍ਹਾਂ ਕਣਕ ਦੀ ਬਿਜਾਈ ਬਿਨਾਂ ਵਾਹ ਵਹਾਈ ਦੇ ਕਰਨ ਲਈ ਤਕਨੀਕਾਂ ਵਿਕਸਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚ ਜ਼ੀਰੋ ਟਿਲ ਡਰਿੱਲ ਅਤੇ ਹੈਪੀ ਸੀਡਰ ਮੁੱਖ ਹਨ। ਹੈਪੀ ਸੀਡਰ ਦੀ ਵਰਤੋਂ ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜੇ ਕਣਕ ਦੀ ਬਿਜਾਈ ਕਰਨ ਲਈ ਕੀਤੀ ਜਾਂਦੀ ਹੈ।

ਲੇਜ਼ਰ ਕਰਾਹੇ ਦੀ ਵਰਤੋਂ

ਲੇਜ਼ਰ ਕਰਾਹੇ ਦੀ ਵਰਤੋਂ ਕਰਨੀ ਵੀ ਵਾਤਾਵਰਣ ਪੱਖੀ ਤਕਨੀਕ ਹੈ। ਇਸ ਦੀ ਵਰਤੋਂ ਕਰਨ ਨਾਲ ਜ਼ਮੀਨ ਪੱਧਰੀ ਹੋ ਜਾਂਦੀ ਹੈ, ਜਿਸ ਵਿਚ ਬਹੁਤ ਘੱਟ ਪਾਣੀ ਦੀ ਵਰਤੋਂ ਕਰ ਕੇ ਵਧੇਰੇ ਰਕਬਾ ਸਿੰਜਿਆ ਜਾ ਸਕਦਾ ਹੈ। ਇਸ ਤਰ੍ਹਾਂ ਲੇਜ਼ਰ ਕਰਾਹੇ ਦੀ ਵਰਤੋਂ ਨਾਲ ਕੁਦਰਤ ਦੇ ਸਭ ਤੋਂ ਕੀਮਤੇ ਸਰਮਾਏ ਪਾਣੀ ਦੀ ਕਾਫ਼ੀ ਬੱਚਤ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ-ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿ ਜਾਣ ਵਾਲੀ ਸੰਗਤ ਲਈ ਖ਼ਾਸ ਖ਼ਬਰ, SGPC ਵੱਲੋਂ ਵੀਜ਼ਾ ਪ੍ਰਕਿਰਿਆ ਸ਼ੁਰੂ

ਵਣ ਖੇਤੀ ਦਾ ਮਾਡਲ ਅਪਣਾਉਣਾ

ਵਣ ਖੇਤੀ ਖੇਤੀਬਾੜੀ ਦਾ ਉਹ ਢੰਗ ਹੈ, ਜਿਸ ਵਿਚ ਰੁੱਖਾਂ ਅਤੇ ਫਸਲਾਂ ਨੂੰ ਜ਼ਮੀਨ ਦੇ ਇਕੋ ਹਿੱਸੇ ਵਿਚ ਲਗਾਇਆ ਜਾਂਦਾ ਹੈ। ਅੱਜ ਦੇ ਬਦਲ ਰਹੇ ਮੌਸਮ ਦੇ ਸੰਦਰਭ ਵਿਚ ਵਣ ਖੇਤੀ ਦਾ ਮਾਡਲ ਅਪਣਾਉਣਾ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗਾ, ਕਿਉਂਕਿ ਦਰੱਖਤ ਵਧ ਰਹੀ ਕਾਰਬਨ ਡਾਈਆਕਸਾਈਡ ਜੋ ਕਿ ਮੌਸਮ ਦੀ ਤਬਦੀਲੀ ਵਿਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ, ਨੂੰ ਬਹੁਤ ਵੱਡੀ ਮਾਤਰਾ ਵਿਚ ਸੋਖ ਲੈਂਦੇ ਹਨ। ਇਸੇ ਤਰ੍ਹਾਂ ਵਣ ਖੇਤੀ ਵਿਚ ਉਗਾਏ ਹੋਏ ਦਰੱਖਤ ਮੌਸਮੀ ਵਖਰੇਵਿਆਂ ਦੇ ਫ਼ਸਲਾਂ ਉੱਤੇ ਪ੍ਰਭਾਵ ਨੂੰ ਘੱਟ ਕਰਨ ਵਿਚ ਵੀ ਸਹਾਈ ਸਿੱਧ ਹੁੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News