ਸਰਕਾਰੀ ਲਾਟਰੀ ਦੀ ਆੜ ''ਚ ਦੜੇ-ਸੱਟੇ ਦਾ ਕਾਰੋਬਾਰ ਕਰਨ ਵਾਲੇ 13 ਗ੍ਰਿਫਤਾਰ
Thursday, Jun 15, 2017 - 02:48 AM (IST)
ਬਟਾਲਾ, (ਬੇਰੀ)- ਵੱਖ-ਵੱਖ ਥਾਣਿਆਂ ਦੀ ਪੁਲਸ ਵੱਲੋਂ ਸਰਕਾਰੀ ਲਾਟਰੀ ਦੀ ਆੜ ਹੇਠ ਦੜੇ-ਸੱਟੇ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਵੱਡਾ ਆਪ੍ਰੇਸ਼ਨ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਡੀ. ਐੱਸ. ਪੀ. ਇਨਵੈਸਟੀਗੇਸ਼ਨ ਦਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਅੱਜ ਪੁਲਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ।
ਡੀ. ਐੱਸ. ਪੀ. ਸੰਧੂ ਨੇ ਅੱਗੇ ਦੱਸਿਆ ਕਿ ਉਕਤ ਪੁਲਸ ਟੀਮਾਂ ਨੇ ਪੁਲਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਸ਼ਹਿਰ ਦੀਆਂ ਵੱਖ-ਵੱਖ ਜਗ੍ਹਾ ਬੱਸ ਸਟੈਂਡ, ਡੇਰਾ ਬਾਬਾ ਨਾਨਕ ਰੋਡ, ਲੀਕ ਵਾਲਾ ਤਲਾਬ, ਚੱਕਰੀ ਬਾਜ਼ਾਰ, ਠਠਿਆਰੀ ਗੇਟ, ਹਾਥੀ ਗੇਟ, ਕਪੂਰੀ ਗੇਟ ਆਦਿ ਇਲਾਕਿਆਂ 'ਚ ਛਾਪੇਮਾਰੀ ਕਰਦਿਆਂ ਉਥੋਂ ਕੁੱਲ 13 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਦਕਿ 4 ਲੋਕ ਮੌਕੇ ਤੋਂ ਫਰਾਰ ਹੋ ਗਏ। ਡੀ. ਐੱਸ. ਪੀ. ਸੰਧੂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮੁਨੀਸ਼ ਕੁਮਾਰ ਪੁੱਤਰ ਕਿਸ਼ੋਰੀ ਲਾਲ ਵਾਸੀ ਮੋਨੀਆਂ ਮੁਹੱਲਾ ਬਟਾਲਾ, ਹੈਪੀ ਮਹਾਜਨ ਪੁੱਤਰ ਸੂਰਜ ਪ੍ਰਕਾਸ਼ ਵਾਸੀ ਪੁਰੀਆਂ ਮੁਹੱਲਾ ਬਟਾਲਾ, ਵਿਨੈ ਕੁਮਾਰ ਪੁੱਤਰ ਬਲਦੇਵ ਰਾਜ ਵਾਸੀ ਦਸੂਹਾ, ਸੰਜੀਵ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਕਪੂਰੀ ਗੇਟ ਬਟਾਲਾ, ਹਰਦੇਵ ਪੁੱਤਰ ਜੀਤ ਰਾਮ ਵਾਸੀ ਠਠਿਆਰੀ ਗੇਟ, ਬੁੱਧੂ ਪੁੱਤਰ ਜੋਗਿੰਦਰ ਪਾਲ ਵਾਸੀ ਸ਼ੁਕਰਪੁਰਾ ਬਟਾਲਾ, ਕਾਲੂ ਪੁੱਤਰ ਬਲਕਾਰ ਸਿੰਘ ਵਾਸੀ ਸ਼ੁਕਰਪੁਰਾ ਬਟਾਲਾ, ਪੰਜਾਬ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਨੌਸ਼ਹਿਰਾ ਮੱਝਾ ਸਿੰਘ, ਤ੍ਰਿਲੋਕ ਚੰਦ ਪੁੱਤਰ ਕਸਤੂਰੀ ਲਾਲ ਵਾਸੀ ਮਹਾਬੀਰ ਕਾਲੋਨੀ ਡੇਰਾ ਰੋਡ ਬਟਾਲਾ, ਰਾਕੇਸ਼ ਕੁਮਾਰ ਪੁੱਤਰ ਰਤਨ ਲਾਲ ਵਾਸੀ ਅਚਲੀ ਗੇਟ ਬਟਾਲਾ, ਰੋਹਿਤ ਪੁੱਤਰ ਰਾਜ ਕੁਮਾਰ ਵਾਸੀ ਹਾਥੀ ਗੇਟ ਬਟਾਲਾ, ਰਾਜੂ ਪੁੱਤਰ ਚੂਨੀ ਲਾਲ ਵਾਸੀ ਕਾਜ਼ੀਮੋਰੀ ਬਟਾਲਾ, ਗੋਲਡੀ ਪੁੱਤਰ ਨਰਿੰਦਰ ਕੁਮਾਰ ਵਾਸੀ ਮੋਤੀ ਬਾਜ਼ਾਰ ਬਟਾਲਾ ਵਜੋਂ ਹੋਈ ਹੈ ਜਦਕਿ ਫਰਾਰ ਵਿਅਕਤੀਆਂ ਦੀ ਪੁਲਸ ਵੱਲੋਂ ਤਲਾਸ਼ ਜਾਰੀ ਹੈ। ਡੀ. ਐੱਸ. ਪੀ. ਸੰਧੂ ਨੇ ਪ੍ਰੈੱਸ ਕਾਨਫਰੰਸ 'ਚ ਅੱਗੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਕੋਲੋਂ 17 ਮੋਬਾਇਲ, 37645 ਰੁਪਏ ਦੀ ਨਕਦੀ, ਕਾਪੀਆਂ, ਪੈਡ, ਪੈੱਨ ਤੇ ਕੈਲਕੂਲੇਟਰ ਬਰਾਮਦ ਕੀਤੇ ਹਨ। ਉਕਤ ਸਾਰਿਆਂ ਵਿਰੁੱਧ ਮੁਕੱਦਮੇ ਦਰਜ ਕਰ ਦਿੱਤੇ ਗਏ ਹਨ।
