ਫੌਜ ਦੇ ਬਿਆਨ 'ਤੇ ਪਾਕਿ ਸਰਕਾਰ ਦੀ ਸਫਾਈ, 'ਸ਼ਰਧਾਲੂਆਂ ਲਈ ਪਾਸਪੋਰਟ ਜ਼ਰੂਰੀ ਨਹੀਂ'
Thursday, Nov 07, 2019 - 10:20 PM (IST)
ਇਸਲਾਮਾਬਾਦ - ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੇ ਪਾਸਪੋਰਟ ਸਬੰਧੀ ਬਿਆਨ 'ਤੇ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਫੌਜ ਦੇ ਬਿਆਨ 'ਤੇ ਸਫਾਈ ਦਿੱਤੀ ਹੈ। ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਵੀਰਵਾਰ ਨੂੰ ਆਖਿਆ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ਦਾ ਇਸਤੇਮਾਲ ਕਰ ਗੁਰਦੁਆਰਾ ਦਰਬਾਰ ਸਾਹਿਬ ਅੱਗੇ ਆਉਣ ਵਾਲੇ ਭਾਰਤੀ ਸਿੱਖ ਸ਼ਰਧਾਲੂਆਂ ਲਈ ਇਕ ਸਾਲ ਤੱਕ ਪਾਸਪੋਰਟ ਦੀ ਸ਼ਰਤ ਹਟਾ ਦਿੱਤੀ ਹੈ। ਇਸ ਦੇ ਉਲਟ ਪਾਕਿਸਤਾਨ ਫੌਜ ਦੇ ਇਕ ਬੁਲਾਰੇ ਨੇ ਪਹਿਲਾਂ ਆਖਿਆ ਸੀ ਕਿ ਤੀਰਥ ਯਾਤਰੀਆਂ ਨੂੰ ਪਾਸਪੋਰਟ ਦੀ ਜ਼ਰੂਰਤ ਹੋਵੇਗੀ। ਆਪਣੇ ਮੀਡੀਆ ਪ੍ਰੋਗਰਾਮ 'ਚ ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੀ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤੀ ਸਿੱਖਾਂ ਲਈ ਪਾਸਪੋਰਟ ਦੀ ਸ਼ਰਤ ਨੂੰ ਇਕ ਸਾਲ ਲਈ ਹਟਾ ਦਿੱਤੀ ਗਈ ਹੈ।
ਫੈਸਲ ਨੇ ਆਖਿਆ ਕਿ ਪ੍ਰਧਾਨ ਮੰਤਰੀ ਖਾਨ ਨੇ ਸ਼ਰਧਾਲੂਆਂ ਦੇ ਆਉਣ ਤੋਂ 10 ਦਿਨ ਪਹਿਲਾਂ ਪਾਕਿਸਤਾਨੀ ਸਰਕਾਰ ਨੂੰ ਤੀਰਥ ਯਾਤਰੀਆਂ ਦੀ ਜਾਣਕਾਰੀ ਮੁਹੱਈਆ ਕਰਾਉਣ ਦੀ ਜ਼ਰੂਰਤ ਤੋਂ ਵੀ ਛੋਟ ਦੇ ਦਿੱਤੀ ਹੈ ਅਤੇ ਇਸ ਦੇ ਨਾਲ ਹੀ 9 ਅਤੇ 12 ਨਵੰਬਰ ਨੂੰ ਆਉਣ ਵਾਲੇ ਸ਼ਰਧਾਲੂਆਂ ਤੋਂ 20 ਅਮਰੀਕੀ ਡਾਲਰ (ਕਰੀਬ 1400 ਰੁਪਏ) ਦਾ ਸ਼ੁਲਕ ਵੀ ਨਹੀਂ ਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਅਸੀਂ ਭਾਰਤ ਨੂੰ ਰਸਮੀ ਰੂਪ ਤੋਂ ਇਸ ਤੋਂ ਜਾਣੂ ਕਰਾ ਦਿੱਤਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਆਖਿਆ ਕਿ ਕਰਤਾਰਪੁਰ ਸਾਹਿਬ ਆਉਣ ਵਾਲੇ ਭਾਰਤੀ ਸ਼ਰਧਾਲੂਆਂ ਨੂੰ ਕਰਤਾਰਪੁਰ ਗਲਿਆਰੇ ਦਾ ਇਸਤੇਮਾਲ ਕਰਨ ਲਈ ਪਾਸਪੋਰਟ ਦੀ ਜ਼ਰੂਰਤ ਹੋਵੇਗੀ। ਇਸ ਤੋਂ ਬਾਅਦ ਪਾਸਪੋਰਟ 'ਤੇ ਸਥਿਤੀ ਨੂੰ ਲੈ ਕੇ ਥੋੜਾ ਭਰਮ ਹੋ ਗਿਆ ਸੀ।