ਕਰਜ਼ੇ ਦੀਆਂ ਲਿਸਟਾਂ ''ਚ ਵਿਤਕਰਾ ਕਰਨ ''ਤੇ ਸੰਘਰਸ਼ ਦਾ ਐਲਾਨ
Wednesday, Jan 03, 2018 - 05:51 PM (IST)
ਮਾਨਸਾ (ਜੱਸਲ) - ਕੈਪਟਨ ਸਰਕਾਰ ਵੱਲੋਂ ਢਾਈ ਏਕੜ ਜ਼ਮੀਨ ਵਾਲੇ ਕਿਸਾਨਾਂ ਦੇ ਸਹਿਕਾਰੀ ਸੁਸਾਇਟੀਆਂ ਦੇ ਕਰਜ਼ੇ ਮੁਆਫ ਕਰਨ ਦੀਆਂ ਜਾਰੀ ਕੀਤੀਆਂ ਲਿਸਟਾਂ 'ਚ ਹੋਈ ਧਾਂਦਲੀ ਅਤੇ ਵਿਤਕਰੇਬਾਜ਼ੀ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਨਰਾਜਗੀ ਪਾਈ ਜਾ ਰਹੀ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਅੱਜ ਬੁਰਜ ਰਾਠੀ 'ਚ ਕਿਸਾਨਾਂ ਦੀ ਭਰਮੀ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸਮੁੱਚੇ ਕਰਜ਼ੇ ਮੁਆਫ ਕਰਨ ਦੇ ਵਾਅਦੇ ਕਰਕੇ ਰਾਜ ਸਤਾ ਤੇ ਬਿਰਾਜਮਾਨ ਹੋਈ ਕੈਪਟਨ ਹਕੂਮਤ ਨੇ ਸੁਸਾਇਟੀਆਂ ਦੇ ਕਰਜ਼ੇ ਮੁਆਫ ਕਰਨ ਦੀ ਜਾਰੀ ਕੀਤੀ ਲਿਸਟ ਨਾਲ ਕਰਜ਼ੇ ਮੁਆਫੀ ਦੀ ਫੂਕ ਕੱਢ ਦਿੱਤੀ ਹੈ। ਦੋ ਢਾਈ ਏਕੜ ਵਾਲੇ ਕਿਸਾਨਾਂ ਵੱਲੋਂ ਸੁਸਾਇਟੀਆਂ ਕੋਲੋ ਲਏ ਕੁੱਲ 30-35 ਹਜ਼ਾਰ ਰੁਪਏ ਦੇ ਕਰਜ਼ਾ ਮੁਆਫੀ 'ਚੋਂ ਵੱਡੇ ਹਿੱਸੇ ਨੂੰ ਬਾਹਰ ਕੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਾਰੀ ਲਿਸਟਾਂ ਦੀ ਦਰੁਸਤੀ ਨਾ ਕੀਤੀ ਤਾਂ ਕਿਸਾਨ ਚੁੱਪ ਕਰਕੇ ਨਹੀਂ ਬੈਠਣਗੇ। ਉਹ ਜਥੇਬੰਦੀ ਪੀੜਤ ਕਿਸਾਨਾਂ ਨਾਲ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਮਾਨਸਾ ਸ਼ਹਿਰ 'ਚ ਰੋਸ ਪ੍ਰਦਰਸ਼ਨ ਕਰੇਗੀ। ਸਮੁੱਚੇ ਕਰਜ਼ੇ ਦਾ ਖਾਤਮਾ ਅਤੇ ਹੋਰ ਕਿਸਾਨ ਮੰਗਾਂ ਨੂੰ ਲੈ ਕੇ 22 ਤੋਂ 26 ਜਨਵਰੀ ਤੱਕ ਡੀ. ਸੀ. ਦਫ਼ਤਰਾਂ ਅੱਗੇ ਪੰਜ ਰੋਜ਼ਾਂ ਧਰਨੇ ਲਾਏ ਜਾਣਗੇ। ਇਸ ਮੌਕੇ ਜਗਦੇਵ ਸਿੰਘ ਭੈਣੀ ਬਾਘਾ, ਹਰਿੰਦਰ ਸਿੰਘ ਟੋਨੀ, ਕਾਕਾ ਸਿੰਘ, ਜੀਤ ਸਿੰਘ ਬੁਰਜ ਰਾਠੀ ਆਦਿ ਆਗੂ ਹਾਜ਼ਰ ਸਨ।
