ਅਕਾਲੀ ਤੇ ਇਨੈਲੋ ਗਰੀਬਾਂ, ਕਿਸਾਨਾਂ ਅਤੇ ਮਜਦੂਰਾਂ ਦੀ ਨੁਮਾਇੰਦਾ ਪਾਰਟੀ: ਬਾਦਲ

10/13/2019 11:26:57 PM

ਮਾਨਸਾ/ਬੋਹਾ/ਰਤੀਆ, (ਮਿੱਤਲ/ਮਨਜੀਤ/ਬਾਂਸਲ)- ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਰਤੀਆ ਵਿਖੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੱਕਜੁੱਟ ਹੋ ਕੇ ਹਰਿਆਣਾ ਅੰਦਰ ਪਿੰਡਾਂ ਦੀਆਂ ਪਾਰਟੀਆਂ ਸ਼੍ਰੌਮਣੀ ਅਕਾਲੀ ਦਲ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਨੂੰ ਸੱਤਾ ਵਿੱਚ ਲਿਆਉਣ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਗਰੀਬਾਂ, ਕਿਸਾਨਾਂ ਅਤੇ ਮਜਦੂਰਾਂ ਦੀਆਂ ਸੱਚੀਆਂ ਨੁਮਾਇੰਦਾ ਪਾਰਟੀਆਂ ਹਨ। ਇਸ ਹਲਕੇ ਵਿੱਚ ਪਾਰਟੀ ਉਮੀਦਵਾਰ ਕੁਲਵਿੰਦਰ ਸਿੰਘ ਦੇ ਹੱਕ ਵਿੱਚ ਚਾਰ ਵੱਡੀਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਨੈਲੋ ਦੇ ਚੌਧਰੀ ਦੇਵੀ ਲਾਲ ਅਤੇ ਅਕਾਲੀ ਦਲ ਦੇ ਸ: ਪ੍ਰਕਾਸ਼ ਸਿੰਘ ਬਾਦਲ ਦੋਵੇਂ ਹੀ ਵੱਡੇ ਕਿਸਾਨ ਆਗੂ ਹਨ। ਜਿਨ੍ਹਾਂ ਨੇ ਕਿਸਾਨਾਂ ਦੀ ਭਲਾਈ ਲਈ ਸਭ ਤੋਂ ਵੱਧ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਚੌਧਰੀ ਦੇਵੀ ਲਾਲ ਇੰਨੀਆਂ ਉਚਾਈਆਂ ਉੁੱਤੇ ਪਹੁੰਚਣ ਦੇ ਬਾਵਜੂਦ ਵੀ ਲੋਕਾਂ ਦੇ ਆਗੂ ਸਨ।  ਉਨ੍ਹਾਂ ਕਿਹਾ ਕਿ ਇਸ ਦੇ ਉਲਟ ਅੱਜ ਦੇ ਮੁੱਖ ਮੰਤਰੀ ਇੱਕ ਲਹਿਰ ਦੇ ਸਿਰ ਤੇ ਚੁਣੇ ਜਾਂਦੇ ਹਨ, ਇਹੀ ਵਜ੍ਹਾ ਹੈ ਕਿ ਉਹ ਪਿੰਡਾਂ ਵਿੱਚ ਜਾਣਾ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦੂਰ ਕਰਨਾ ਜਰੂਰੀ ਨਹੀਂ ਸਮਝਦੇ।  ਉਨ੍ਹਾਂ ਕਿਹਾ ਕਿ ਪਰ ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਉਹ ਲਹਿਰ ਹੁਣ ਖਤਮ ਹੋ ਚੁੱਕੀ ਹੈ। ਸ: ਬਾਦਲ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਸਿਰਸਾ ਜਿਲ੍ਹੇ ਵਿੱਚ ਭਾਜਪਾ ਅਤੇ ਕਾਂਗਰਸ ਇੱਕ ਵੀ ਸੀਟ ਜਿੱਤਣਗੀਆਂ। ਲੋਕਾਂ ਨੇ ਮਹਿਸੂਸ ਕਰ ਲਿਆ ਹੈ ਕਿ ਉਨ੍ਹਾਂ ਦਾ ਆਪਣਾ ਕੋਣ ਹੈ ਅਤੇ ਉਹ ਅਕਾਲੀ-ਇਨੈਲੋ ਉਮੀਦਵਾਰਾਂ ਦਾ ਦਿਲ ਖੋਲ੍ਹ ਕੇ ਸਮਰਥਨ ਕਰ ਰਹੇ ਹਨ।  ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਨੈਲੋ ਮੁੱਖੀ ਓਮ ਪ੍ਰਕਾਸ਼ ਚੋਟਾਲਾ ਇਸ ਲਈ ਜੇਲ੍ਹ ਵਿੱਚ ਸਨ, ਕਿਉਂਕਿ ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਨੌਕਰੀਆਂ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਨੇ ਚੌਟਾਲਾ ਪਰਿਵਾਰ ਨੂੰ ਇੱਕਠੇ ਰੱਖਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਇਹ ਸੰਭਵ ਨਹੀਂ ਹੋ ਪਾਇਆ। ਉਨ੍ਹਾਂ ਕਿਹਾ ਕਿ ਚੌਧਰੀ ਦੇਵੀ ਲਾਲ ਅਤੇ ਚੌਧਰੀ ਓਮ ਪ੍ਰਕਾਸ਼ ਚੌਟਾਲਾ ਵੱਲੋਂ ਸਿਰਸਾ ਜਿਲ੍ਹੇ ਲਈ ਕੀਤੇ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸਾਰਿਆਂ ਦਾ ਫਰਜ ਬਣ ਜਾਂਦਾ ਹੈ ਕਿ ਉਹ ਇਨੈਲੋ ਨਾਲ ਡਟ ਕੇ ਖੜ੍ਹਣ। ਬਾਦਲ ਨੇ ਕਿਹਾ ਕਿ ਚੌਟਾਲਾ ਪਰਿਵਾਰ ਦਿਹਾਤੀ ਖੇਤਰਾਂ ਦਾ ਵਿਕਾਸ ਕਰਨ ਵਾਸਤੇ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਜਾਣਦੇ ਹਨ ਕਿ ਦਿਹਾਤੀ ਖੇਤਰਾਂ ਵੱਲ ਸਭ ਤੋਂ ਵੱਧ ਧਿਆਨ ਉਸ ਸਮੇਂ ਦਿੱਤਾ ਜਾਂਦਾ ਹੈ, ਜਦੋਂ ਇਨੈਲੋ ਸੱਤਾ ਵਿੱਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਿੰਡਾਂ ਦੇ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਲੀ ਸਰਕਾਰ ਲਿਆਉਣ ਵਾਸਤੇ ਇੱਕ ਵਾਰ ਫਿਰ ਅਕਾਲੀ-ਇਨੈਲੋ ਗਠਜੋੜ ਦਾ ਡਟ ਕੇ ਸਮਰਥਨ ਕਰਨਾ ਚਾਹੀਦਾ ਹੈ। ਸ: ਬਾਦਲ ਨੇ ਕਿਹਾ ਕਿ ਸੱਤਾ ਵਿੱਚ ਹੁੰਦਿਆਂ ਅਕਾਲੀ ਦਲ ਨੇ ਵੀ ਸਦਾ ਕਿਸਾਨਾਂ ਨੂੰ ਸਭ ਤੋਂ ਅੱਗੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਖੇਤੀ ਦੇ ਕੰਮਾਂ ਵਾਸਤੇ ਮੁਫਤ ਬਿਜਲੀ ਦਿੱਤੀ, ਜਿਸ ਨਾਲ ਕਿਸਾਨਾਂ ਦੀ ਲਾਗਤ ਘਟ ਗਈ। ਇਸੇ ਤਰ੍ਹਾਂ ਅਕਾਲੀ ਦਲ ਨੇ ਦਿਹਾਤੀ ਖੇਤਰਾਂ ਲਈ ਆਟਾ ਦਾਲ ਸਕੀਮ  ਅਤੇ ਸ਼ਗਨ ਸਕੀਮ ਵਰਗੀਆਂ ਸ਼ੁਰੂ ਕੀਤੀਆਂ, ਜਿਸ ਨਾਲ ਸਮਾਜ ਦੇ ਗਰੀਬ ਤਬਕਿਆਂ ਨੂੰ ਬਹੁਤ ਵੱਡਾ ਸਹਾਰਾ ਮਿਲਿਆ। ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਅੰਦਰ ਸਾਡੀ ਸਰਕਾਰ ਬਣ ਜਾਂਦੀ ਹੈ ਤਾਂ ਅਸੀਂ ਇਹ ਸਕੀਮਾਂ ਇੱਥੇ ਵੀ ਲਾਗੂ ਕਰਾਂਗੇ। ਇਸ ਮੌਕੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ, ਜਿਲ੍ਹਾ ਪ੍ਰਧਾਨ ਦਿਹਾਤੀ ਮਾਨਸਾ ਗੁਰਮੇਲ ਸਿੰਘ ਫਫੜੇ, ਹਲਕਾ ਬੁਢਲਾਡਾ ਦੇ ਇੰ: ਡਾ: ਨਿਸ਼ਾਨ ਸਿੰਘ, ਬਲਵਿੰਦਰ ਸਿੰਘ ਪਟਵਾਰੀ ਸੀਨੀਅਰੀ ਅਕਾਲੀ ਆਗੂ,  ਯੂਥ ਅਕਾਲੀ ਦਲ ਮਾਨਸਾ ਦੇ ਸੀਨੀਅਰੀ ਆਗੂ ਜਗਸੀਰ ਸਿੰਘ ਅੱਕਾਂਵਾਲੀ, ਸੋਹਣਾ ਸਿੰਘ ਕਲੀਪੁਰ, ਦਵਿੰਦਰ ਸਿੰਘ ਚੱਕ ਅਲੀਸ਼ੇਰ, ਬਿੰਦਰ ਸਿੰਘ ਮੰਘਾਣੀਆਂ,  ਬਿੱਕਰ ਸਿੰਘ ਹਡੋਲੀ, ਵਿਨਰਜੀਤ ਸਿੰਘ ਗੋਲਡੀ ਸੁਨਾਮ, ਰਿਚੀ ਸੰਗਰੂਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


Bharat Thapa

Content Editor

Related News