ਈਸੇਵਾਲ ਗੈਂਗਰੇਪ ਮਾਮਲੇ ਦੇ ਸਾਰੇ 6 ਆਰੋਪੀ ਦੋਸ਼ੀ ਕਰਾਰ, 4 ਮਾਰਚ ਨੂੰ ਸੁਣਾਈ ਜਾਵੇਗੀ ਸਜ਼ਾ
Monday, Feb 28, 2022 - 05:57 PM (IST)
ਲੁਧਿਆਣਾ (ਮਹਿਰਾ) : ਬਹੁ-ਚਰਚਿਤ ਈਸੇਵਾਲ ਨਹਿਰ ਨੇੜੇ ਹੋਏ ਸਮੂਹਿਕ ਜਬਰ-ਜ਼ਿਨਾਹ ਮਾਮਲੇ 'ਚ ਅੱਜ ਵਧੀਕ ਸੈਸ਼ਨ ਜੱਜ ਰਸ਼ਮੀ ਸ਼ਰਮਾ ਦੀ ਅਦਾਲਤ ਨੇ ਗੈਂਗਰੇਪ 'ਚ ਸ਼ਾਮਲ ਸਾਰੇ 6 ਆਰੋਪੀਆਂ ਸਾਦਿਕ ਅਲੀ ਵਾਸੀ ਪੁਲਸ ਥਾਣਾ ਮੁਕੰਦਪੁਰ ਜ਼ਿਲਾ ਨਵਾਂਸ਼ਹਿਰ, ਜਗਰੂਪ ਸਿੰਘ ਉਰਫ਼ ਰੂਪੀ ਵਾਸੀ ਪਿੰਡ ਜਸਪਾਲ ਬਾਂਗੜ, ਅਜੈ ਉਰਫ਼ ਬ੍ਰਿਜਨੰਦਨ ਵਾਸੀ ਯੂ. ਪੀ., ਸੈਫ਼ ਅਲੀ ਵਾਸੀ ਹਿਮਾਚਲ ਪ੍ਰਦੇਸ਼, ਸੁਰਮਾ ਵਾਸੀ ਖਾਨਪੁਰ ਥਾਣਾ ਡੇਹਲੋਂ, ਲਿਆਕਤ ਅਲੀ ਵਾਸੀ ਜੰਮੂ-ਕਸ਼ਮੀਰ ਨੂੰ ਦੋਸ਼ੀ ਕਰਾਰ ਦਿੱਤਾ ਹੈ ਪਰ ਇਨ੍ਹਾਂ ਨੂੰ ਸਜ਼ਾ 4 ਮਾਰਚ ਸੁਣਾਈ ਜਾਵੇਗੀ। ਉਪਰੋਕਤ ਕੇਸ ਦੀ ਪੈਰਵੀ ਕਰੀਬ 3 ਸਾਲ ਚੱਲੀ। ਪੁਲਸ ਵੱਲੋਂ ਅਦਾਲਤ ਵਿੱਚ 54 ਗਵਾਹ ਪੇਸ਼ ਹੋਏ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੀੜਤਾ ਦੀ ਗਵਾਹੀ ਦੇ ਨਾਲ-ਨਾਲ ਤਫ਼ਤੀਸ਼ੀ ਅਫ਼ਸਰ ਦੀ ਗਵਾਹੀ ਨੇ ਆਰੋਪੀਆਂ ਨੂੰ ਸਜ਼ਾ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ।
ਇਹ ਵੀ ਪੜ੍ਹੋ : ਸਲਾਖ਼ਾਂ ਪਿੱਛੇ ਬੰਦ ਕੈਦੀ ਤੇ ਹਵਾਲਾਤੀ ਦੇਣਗੇ BA ਤੇ ਬਾਰਵ੍ਹੀਂ ਦੀਆਂ ਪ੍ਰੀਖਿਆਵਾਂ
ਵਰਨਣਯੋਗ ਹੈ ਕਿ ਜਾਂਚ ਅਧਿਕਾਰੀ ਮਨਜੀਤ ਕੌਰ ਵੱਲੋਂ ਪੀੜਤ ਲੜਕੀ ਦੇ ਬਿਆਨ ਲਿਖੇ ਗਏ ਸਨ ਅਤੇ ਉਸ ਦਾ ਮੈਡੀਕਲ ਵੀ ਕਰਵਾਇਆ ਗਿਆ ਸੀ। ਇਸ ਮਾਮਲੇ 'ਚ ਪੁਲਸ ਵੱਲੋਂ ਆਰੋਪੀਆਂ ਖ਼ਿਲਾਫ਼ 4 ਅਪ੍ਰੈਲ 2019 ਨੂੰ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਥਾਣਾ ਦਾਖਾ ਦੀ ਪੁਲਸ ਨੇ ਲੜਕੀ ਦੀ ਸ਼ਿਕਾਇਤ 'ਤੇ ਆਰੋਪੀਆਂ ਸਾਦਿਕ ਅਲੀ ਵਾਸੀ ਥਾਣਾ ਮੁਕੰਦਪੁਰ ਜ਼ਿਲ੍ਹਾ ਨਵਾਂਸ਼ਹਿਰ, ਜਗਰੂਪ ਸਿੰਘ ਉਰਫ਼ ਰੂਪੀ ਵਾਸੀ ਪਿੰਡ ਜਸਪਾਲ ਬਾਂਗੜ, ਅਜੈ ਉਰਫ਼ ਬ੍ਰਿਜਨੰਦਨ ਵਾਸੀ ਯੂ. ਪੀ., ਸੈਫ਼ ਅਲੀ ਵਾਸੀ ਹਿਮਾਚਲ ਪ੍ਰਦੇਸ਼, ਸੁਰਮਾ ਵਾਸੀ ਖਾਨਪੁਰ ਥਾਣਾ ਡੇਹਲੋਂ 'ਤੇ ਗੈਂਗਰੇਪ ਦੇ ਆਰੋਪ 'ਚ 10 ਫਰਵਰੀ 2019 ਨੂੰ ਧਾਰਾ 376-ਡੀ, 342, 384, 354-ਬੀ, 279-ਬੀ, 364-ਏ, 397 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਸੀ।
ਇਹ ਵੀ ਪੜ੍ਹੋ : ਮਜੀਠਾ ’ਚ ਵੱਡੀ ਵਾਰਦਾਤ, ਜੇਠ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਭਰਜਾਈ ਦਾ ਗਲ਼ਾ
ਕੀ ਸੀ ਮਾਮਲਾ
ਪੀੜਤਾ ਮੁਤਾਬਕ ਘਟਨਾ ਵਾਲੇ ਦਿਨ 9 ਫਰਵਰੀ 2019 ਨੂੰ ਉਹ ਆਪਣੇ ਬੁਆਏਫ੍ਰੈਂਡ ਨਾਲ ਰਾਤ 8 ਵਜੇ ਦੇ ਕਰੀਬ ਈਸੇਵਾਲ ਵੱਲੋਂ ਲੁਧਿਆਣਾ ਵੱਲ ਆਈ ਸੀ ਅਤੇ ਜਦੋਂ ਉਹ ਈਸੇਵਾਲ ਨਹਿਰ ਤੋਂ ਥੋੜ੍ਹੀ ਦੂਰ ਚਗਨਾ ਨੇੜੇ ਪਹੁੰਚੇ ਤਾਂ ਇਕ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨ ਉਸ ਦਾ ਪਿੱਛਾ ਕਰਨ ਲੱਗੇ, ਜਿਨ੍ਹਾਂ 'ਚੋਂ ਇਕ ਪੱਗੜੀਧਾਰੀ ਸੀ, ਜਦਕਿ 2 ਮੋਨੇ ਸਨ, ਜਿਨ੍ਹਾਂ ਨੇ ਇੱਟ ਮਾਰ ਕੇ ਉਸ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਸਟੇਅਰਿੰਗ ਫੜ ਲਿਆ ਤੇ ਬਾਅਦ 'ਚ ਮੋਟਰਸਾਈਕਲ 'ਤੇ 7 ਹੋਰ ਨੌਜਵਾਨਾਂ ਨੂੰ ਬੁਲਾ ਲਿਆ, ਜਿਨ੍ਹਾਂ ਨੇ ਉਸ ਦੇ ਦੋਸਤ ਨੂੰ ਜ਼ਬਰਦਸਤੀ ਖਿੱਚ ਕੇ ਕਾਰ ਦੀ ਪਿਛਲੀ ਸੀਟ 'ਤੇ ਬੰਨ੍ਹ ਦਿੱਤਾ, ਜਦਕਿ ਉਸ ਨੂੰ ਖਾਲੀ ਪਲਾਟ 'ਚ ਲਿਜਾ ਕੇ 10 ਦੇ ਕਰੀਬ ਵਿਅਕਤੀਆਂ ਨੇ ਉਸ ਨਾਲ ਜ਼ਬਰਦਸਤੀ ਕਰਦਿਆਂ ਗੈਂਗਰੇਪ ਕੀਤਾ ਅਤੇ ਉਸ ਨੂੰ ਛੱਡਣ ਦੇ ਬਦਲੇ ਉਸ ਦੇ ਫ੍ਰੈਂਡ ਨੂੰ ਫ਼ੋਨ ਕਰਨ ਲੱਗੇ ਤੇ 1 ਲੱਖ ਰੁਪਏ ਦੀ ਫਿਰੌਤੀ ਮੰਗਣੀ ਸ਼ੁਰੂ ਕਰ ਦਿੱਤੀ, ਜਦੋਂ ਉਸ ਦਾ ਫ੍ਰੈਂਡ ਰੁਪਏ ਲੈ ਕੇ ਨਹੀਂ ਆਇਆ ਤਾਂ ਰਾਤ ਕਰੀਬ 2 ਵਜੇ ਉਨ੍ਹਾਂ ਨੇ ਉਸ ਦੀ ਕਾਰ ਦੀ ਚਾਬੀ ਸੁੱਟ ਦਿੱਤੀ ਅਤੇ ਖ਼ੁਦ ਫਰਾਰ ਹੋ ਗਏ। ਬਾਅਦ 'ਚ ਉਹ ਕਿਸੇ ਤਰ੍ਹਾਂ ਮੁੱਲਾਪੁਰ ਸਥਿਤ ਇਕ ਢਾਬੇ 'ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਸਾਰੀ ਘਟਨਾ ਆਪਣੇ ਫ੍ਰੈਂਡ ਨੂੰ ਦੱਸੀ ਪਰ ਦੇਰ ਰਾਤ ਹੋਣ ਕਾਰਨ ਸਾਰੇ ਆਪਣੇ ਘਰਾਂ ਨੂੰ ਚਲੇ ਗਏ ਤੇ ਆਪਣੇ ਪੱਧਰ 'ਤੇ ਆਰੋਪੀਆਂ ਦੀ ਭਾਲ ਕਰਦੇ ਰਹੇ। (ਜਿਵੇਂ ਕਿ ਪੀੜਤਾ ਨੇ ਪੁਲਸ ਨੂੰ ਦਿੱਤੇ ਗਏ ਬਿਆਨ 'ਚ ਦੱਸਿਆ)
ਇਹ ਵੀ ਪੜ੍ਹੋ : ਮੋਗਾ ’ਚ ਅਗਵਾ ਕੀਤੀ ਗਈ ਕੁੜੀ ਦੇ ਮਾਮਲੇ ’ਚ ਵੱਡਾ ਖੁਲਾਸਾ, ਸਾਹਮਣੇ ਆਇਆ ਹੈਰਾਨ ਕਰਦਾ ਸੱਚ
ਫਲੈਸ਼ਬੈਕ
ਉਕਤ ਮਾਮਲਾ ਪੁਲਸ ਕੋਲ ਪਹੁੰਚਣ ਦੇ ਨਾਲ ਜਦੋਂ ਮੀਡੀਆ ਤੱਕ ਪਹੁੰਚਿਆ ਤਾਂ ਪੂਰੇ ਪੰਜਾਬ 'ਚ ਹਲਚਲ ਮਚ ਗਿਆ।ਪੁਲਸ ਨੇ ਆਪਣੀ ਕਾਰਵਾਈ ਤੇਜ਼ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਪੀੜਤਾ ਦੇ ਬਿਆਨ ਲੈਣ ਦੇ ਨਾਲ-ਨਾਲ ਉਸ ਦਾ ਮੈਡੀਕਲ ਵੀ ਕਰਵਾਇਆ। ਬਾਅਦ ਵਿੱਚ ਪੁਲਸ ਨੇ ਆਪਣੀ ਟੀਮ ਨਾਲ ਤਫਤੀਸ਼ ਦੌਰਾਨ ਪੀੜਤਾ ਤੋਂ ਸਕੈਚ ਵੀ ਬਣਵਾਏ, ਜਿਸ ਦੇ ਅਧਾਰ 'ਤੇ ਪੁਲਸ ਨੇ ਸਭ ਤੋਂ ਪਹਿਲਾਂ ਸਾਦਿਕ ਅਲੀ ਵਾਸੀ ਨਵਾਂਸ਼ਹਿਰ ਨੂੰ ਨਾਮਜ਼ਦ ਕੀਤਾ ਤੇ ਬਾਅਦ ਵਿੱਚ ਪੁਲਸ ਨੇ ਕੜੀਆਂ ਜੋੜਦਿਆਂ ਬਾਕੀ ਦੇ ਹੋਰ ਆਰੋਪੀਆਂ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਤੇ ਆਖਿਰਕਾਰ 3 ਅਪ੍ਰੈਲ 2019 ਨੂੰ ਪੁਲਸ ਵੱਲੋਂ ਆਰੋਪੀਆਂ ਖ਼ਿਲਾਫ਼ ਅਦਾਲਤ 'ਚ 450 ਪੰਨਿਆਂ ਦੀ ਚਾਰਜਸ਼ੀਟ ਵੀ ਦਾਇਰ ਕੀਤੀ ਗਈ। ਇਸ ਮਾਮਲੇ ਦੇ ਮੁੱਖ ਆਰੋਪੀ ਜਗਰੂਪ ਸਿੰਘ, ਜਿਸ ਨੂੰ ਪੁਲਸ ਨੇ ਜਾਂਚ ਦੌਰਾਨ ਮੋਬਾਈਲ ਲੋਕੇਸ਼ਨ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਸੀ, ਨੂੰ ਵੀ ਹਾਈ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ ਪਰ ਬਾਕੀ ਆਰੋਪੀ ਜੇਲ੍ਹ ਵਿੱਚ ਬੰਦ ਸਨ।
ਇਹ ਵੀ ਪੜ੍ਹੋ : ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ, ਇੱਕਲੀ ਦੇਖ ਕੀਤਾ ਸੀ ਘਟੀਆ ਕਾਰਾ
ਆਰੋਪੀਆਂ ਵੱਲੋਂ ਆਪਣੇ ਬਚਾਅ ਵਿੱਚ ਕੋਈ ਗਵਾਹ ਪੇਸ਼ ਨਹੀਂ ਕੀਤਾ ਗਿਆ। ਅਦਾਲਤ 'ਚ ਸਰਕਾਰੀ ਵਕੀਲ ਬੀ. ਡੀ. ਗੁਪਤਾ ਵੱਲੋਂ ਇਸ ਕੇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੱਖਦੇ ਹੋਏ ਆਪਣੇ ਗਵਾਹ ਕਲਮ ਬੰਦ ਕਰਵਾਉਣ ਦੇ ਨਾਲ ਹੀ ਅਦਾਲਤ ਵਿੱਚ ਬਹਿਸ ਦੌਰਾਨ ਕੇਸ ਨਾਲ ਸਬੰਧਿਤ ਇਕ-ਇਕ ਗੱਲ ਅਦਾਲਤ 'ਚ ਰਖੀ ਗਈ ਤੇ ਅਦਾਲਤ ਨੂੰ ਆਰੋਪੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਅਪੀਲ ਕੀਤੀ, ਹਾਲਾਂਕਿ ਅਦਾਲਤ 'ਚ ਸਾਰੇ ਆਰੋਪੀਆਂ ਨੇ ਆਪਣੇ-ਆਪ ਨੂੰ ਬੇਕਸੂਰ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਝੂਠਾ ਫਸਾਇਆ ਗਿਆ ਹੈ ਪਰ ਅਦਾਲਤ ਵਿਚ ਆਪਣੇ ਪੱਖ 'ਚ ਜਦੋਂ ਕੋਈ ਵੀ ਗਵਾਹ ਠੋਸ ਸਬੂਤ ਪੇਸ਼ ਕਰਨ ਵਿੱਚ ਅਸਫਲ ਰਿਹਾ ਤਾਂ ਅਦਾਲਤ ਨੇ ਆਖਿਰਕਾਰ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਅਤੇ ਹੁਣ ਉਨ੍ਹਾਂ ਨੂੰ 4 ਮਾਰਚ ਨੂੰ ਸਜ਼ਾ ਸੁਣਾਈ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ