ਭਗੌੜਾ ਐਲਾਨੇ ਦੋਸ਼ੀਆਂ ਦੀ ਫੜੋ-ਫੜੀ ਜਾਰੀ
Tuesday, Jul 11, 2017 - 05:07 AM (IST)
ਹੁਸ਼ਿਆਰਪੁਰ/ਹਰਿਆਣਾ, (ਅਸ਼ਵਨੀ, ਰੱਤੀ)- ਐੱਸ. ਐੱਸ. ਪੀ. ਹੁਸ਼ਿਆਰਪੁਰ ਜੇ. ਏਲੀਚੇਲਿਅਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਸ ਨੇ ਭਗੌੜੇ ਐਲਾਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ 4 ਹੋਰ ਭਗੌੜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਹਰਿਆਣਾ ਦੇ ਏ. ਐੱਸ. ਆਈ. ਮਦਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਭਗੌੜੇ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਮਿਰਜ਼ਾਪੁਰ ਥਾਣਾ ਹਰਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਖਿਲਾਫ਼ 4 ਅਗਸਤ 2015 ਨੂੰ ਲੁੱਟ-ਖੋਹ ਦੇ ਦੋਸ਼ 'ਚ ਧਾਰਾ 379-ਬੀ ਤਹਿਤ ਕੇਸ ਦਰਜ ਸੀ ਅਤੇ ਪੁਲਸ ਨੂੰ ਲੋੜੀਂਦਾ ਸੀ। ਦੋਸ਼ੀ ਨੂੰ ਅਦਾਲਤ ਨੇ ਸੀ. ਆਰ. ਪੀ. ਸੀ. ਦੀ ਧਾਰਾ 299 ਤਹਿਤ ਭਗੌੜਾ ਐਲਾਨ ਦਿੱਤਾ ਸੀ।
ਡੀ. ਐੱਸ. ਪੀ. ਡਿਟੈਕਟਿਵ ਗੁਰਜੀਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਕ ਹੋਰ ਭਗੌੜੇ ਦੋਸ਼ੀ ਸੰਨੀ ਗਿੱਲ ਪੁੱਤਰ ਬਿੱਟੂ ਵਾਸੀ ਪਿੰਡ ਕੋਟ ਕਰਾਰ ਖਾਂ ਥਾਣਾ ਸਦਰ ਕਪੂਰਥਲਾ ਨੂੰ ਸੜਕ ਹਾਦਸੇ ਸਬੰਧੀ ਧਾਰਾ 337, 338, 427 ਤਹਿਤ 26 ਮਈ 2015 ਨੂੰ ਦਰਜ ਕੇਸ ਵਿਚ ਗ੍ਰਿਫ਼ਤਾਰ ਕੀਤਾ ਹੈ।
ਇਸੇ ਤਰ੍ਹਾਂ ਮਨਜੀਤ ਉਰਫ ਗੋਪੀ ਪੁੱਤਰ ਪ੍ਰਕਾਸ਼ ਸਿੰਘ ਵਾਸੀ ਤਲਵੰਡੀ ਸੱਲ੍ਹਾਂ ਨੂੰ 24 ਅਪ੍ਰੈਲ 13 ਨੂੰ ਧਾਰਾ 399, 402, 379, 482 ਤਹਿਤ ਦਰਜ ਕੇਸ ਵਿਚ ਗ੍ਰਿਫ਼ਤਾਰ ਕੀਤਾ ਹੈ। ਉਹ ਨਸ਼ਾ ਵਿਰੋਧੀ ਐਕਟ ਦੀ ਧਾਰਾ ਤਹਿਤ ਇਕ ਮਾਮਲੇ ਵਿਚ ਅਦਾਲਤ ਵੱਲੋਂ ਭਗੌੜਾ ਐਲਾਨਿਆ ਹੋਇਆ ਸੀ। ਇਕ ਹੋਰ ਮਾਮਲੇ 'ਚ ਭਗੌੜਾ ਐਲਾਨੇ ਮਨੀਸ਼ ਕੁਮਾਰ ਪੁੱਤਰ ਸ਼ਿਵ ਕੁਮਾਰ ਵਾਸੀ ਰਵਿਦਾਸ ਨਗਰ ਹੁਸ਼ਿਆਰਪੁਰ ਨੂੰ ਸਾਲ 2014 ਵਿਚ ਨਸ਼ਾ ਵਿਰੋਧੀ ਐਕਟ ਤਹਿਤ ਦਰਜ ਕੇਸ ਸਬੰਧੀ ਗ੍ਰਿਫ਼ਤਾਰ ਕੀਤਾ ਗਿਆ ਹੈ।
