ਅਕੈਡਮੀ ਸੰਚਾਲਕਾਂ 'ਤੇ ਰੋਲ ਨੰਬਰ ਨਾ ਦੇਣ ਦਾ ਦੋਸ਼
Saturday, Sep 09, 2017 - 11:25 AM (IST)
ਮੰਡੀ ਲਾਧੂਕਾ (ਸੰਧੂ) - ਪਿੰਡ ਲਾਧੂਕਾ ਵਾਸੀ ਨਿਰਮਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਬੋਬੀ ਸਿੰਘ ਪੁੱਤਰ ਮਹਿੰਦਰ ਨੇ ਫਾਜ਼ਿਲਕਾ ਸਥਿਤ ਇੰਡੀਅਨ ਇੰਸਟੀਚਿਊਟ ਅਕੈਡਮੀ ਝੁੱਲੇ ਲਾਲ ਕਾਲੋਨੀ ਦੇ ਖਿਲਾਫ ਈ. ਟੀ. ਟੀ. ਕੋਰਸ ਦੇ ਨਾਂ 'ਤੇ ਦਾਖਿਲਾ ਦੇਣ ਦੇ ਬਾਵਜੂਦ ਰੋਲ ਨੰਬਰ ਨਾ ਆਉਣ ਸਬੰਧੀ ਜ਼ਿਲਾ ਪੁਲਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਇੰਸਟੀਚਿਊਟੀ ਦੇ ਸੰਚਾਲਕਾਂ ਦਾ ਕਹਿਣਾ ਹੈ ਦੋਵੇਂ ਲੜਕਿਆਂ ਨੇ ਦਾਖਿਲਾ ਲੈਣ ਤੋਂ ਬਾਅਦ ਕਲਾਸਾਂ ਨਹੀਂ ਲਗਾਈਆਂ, ਜਿਸ ਕਾਰਨ ਇਨ੍ਹਾਂ ਦੇ ਰੋਲ ਨੰਬਰ ਨਹੀਂ ਆਏ।
ਆਪਣੇ ਬਿਆਨ ਹਲਫੀਆ ਵਿਚ ਦੋਵਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2016 ਵਿਚ ਈ. ਟੀ. ਟੀ. ਕੋਰਸ ਲਈ ਉਕਤ ਇੰਸਟੀਚਿਊਟ ਵਿਚ ਦਾਖਿਲਾ ਲਿਆ ਸੀ ਅਤੇ ਆਪਣੇ ਸਰਟੀਫਿਕੇਟ ਵੀ ਜਮ੍ਹਾ ਕਰਵਾਏ ਸਨ ਅਤੇ ਦਾਖਿਲੇ ਸਬੰਧੀ ਰਜਿਸਟ੍ਰੇਸ਼ਨ ਲਈ ਉਨ੍ਹਾਂ ਨੇ 3 ਹਜ਼ਾਰ ਰੁਪਏ ਫੀਸ ਵੀ ਜਮ੍ਹਾ ਕਰਵਾਈ ਸੀ। ਇੰਸਟੀਚਿਊਟ ਵੱਲੋਂ ਕਿਹਾ ਗਿਆ ਕਿ ਤੁਹਾਡਾ ਦਾਖਿਲਾ ਨਿਊ ਯੂਨੀਵਰਸਲ ਕਾਲਜ ਆਫ ਐਜੂਕੇਸ਼ਨ ਪਿੰਡ ਬੱਲੂਪੁਰ (ਲਾਲੜੂ ਮੰਡੀ) ਜ਼ਿਲਾ ਮੋਹਾਲੀ (ਚੰਡੀਗੜ੍ਹ) ਵਿਖੇ ਕਰਵਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਕਲਾਸਾਂ ਵੀ ਲਗਾਈਆਂ। 21-06-2017 ਨੂੰ ਉਹ ਕਾਲਜ ਗਏ ਤੇ ਆਪਣੇ ਪ੍ਰੀਖਿਆ ਫਾਰਮ ਵੀ ਭਰੇ ਅਤੇ ਕਾਲਜ ਵਾਲਿਆਂ ਵੱਲੋਂ ਇਹ ਕਿਹਾ ਗਿਆ ਕਿ ਤੁਹਾਡੇ ਪ੍ਰੈਕਟੀਕਲ ਹੋਣ ਵਾਲੇ ਹਨ ਅਤੇ ਅਕੈਡਮੀ ਵੱਲੋਂ ਤੁਹਾਨੂੰ ਸੂਚਿਤ ਕਰ ਦਿੱਤਾ ਜਾਵੇਗਾ। ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਫੋਨ ਆਇਆ ਕਿ ਤੁਸੀਂ ਆਪਣੀ ਫੀਸ ਜਮ੍ਹਾ ਕਰਵਾਓ ਅਤੇ ਸਾਡੇ ਵੱਲੋਂ ਜਵਾਬ ਦਿੱਤਾ ਗਿਆ ਕਿ ਸਾਡਾ ਦਾਖਿਲਾ ਐੱਸ. ਸੀ. ਕੋਟੇ ਵਿਚ ਹੈ ਤਾਂ ਕਾਲਜ ਵਾਲਿਆਂ ਨੇ ਫੋਨ ਕੱਟ ਦਿੱਤਾ।
ਇਸ ਤੋਂ ਬਾਅਦ ਉਹ ਅਗਲੇ ਦਿਨ ਅਕੈਡਮੀ ਵੀ ਗਏ ਪਰ ਉਥੋਂ ਕੋਈ ਢੁੱਕਵਾਂ ਜਵਾਬ ਨਹੀਂ ਮਿਲਿਆ ਅਤੇ ਕਿਹਾ ਗਿਆ ਕਿ ਤੁਹਾਡੀ ਐਡਮਿਸ਼ਨ ਕੈਂਸਲ ਹੋ ਗਈ ਹੈ ਅਤੇ ਰੋਲ ਨੰਬਰ ਦੇ ਨਾਂ 'ਤੇ ਉਨ੍ਹਾਂ ਨਾਲ ਅਪਸ਼ਬਦ ਵਰਤੇ ਗਏ ਅਤੇ ਕਿਹਾ ਕਿ ਜਿਥੇ ਤੁਹਾਡੀ ਐਡਮਿਸ਼ਨ ਹੋਈ ਹੈ, ਉਥੋਂ ਜਾ ਕੇ ਰੋਲ ਨੰਬਰ ਲਓ। ਵਿਦਿਆਰਥੀਆਂ ਨੇ ਦੱਸਿਆ ਕਿ ਉਕਤ ਅਕੈਡਮੀ ਵਾਲਿਆਂ ਵੱਲੋਂ ਉਨ੍ਹਾਂ ਨੂੰ ਗੁੰਮਰਾਹ ਕੀਤਾ ਗਿਆ ਅਤੇ ਨਾ ਹੀ ਸਾਨੂੰ ਰੋਲ ਨੰਬਰ ਲਿਆ ਕੇ ਦਿੱਤੇ ਗਏ। ਉਨ੍ਹਾਂ ਦੀ ਮੰਗ ਹੈ ਕਿ ਉਕਤ ਅਕੈਡਮੀ ਦੇ ਵਿਅਕਤੀਆਂ ਖਿਲਾਫ ਧੋਖਾ ਕਰਨ ਸਬੰਧੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।
ਕੀ ਕਹਿਣਾ ਹੈ ਅਕੈਡਮੀ ਸੰਚਾਲਕ ਦਾ
ਇਸ ਸਬੰਧੀ ਜਦੋਂ ਅਕੈਡਮੀ ਸੰਚਾਲਕ ਵਿਪਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪਹਿਲਾਂ ਤਾਂ ਉਕਤ ਮਾਮਲੇ ਸਬੰਧੀ ਕਿਹਾ ਕਿ ਸਾਡੇ ਕੋਲ ਇਨ੍ਹਾਂ ਨੇ ਕੋਈ ਐਡਮਿਸ਼ਨ ਨਹੀਂ ਕਰਵਾਈ ਅਤੇ ਬਾਅਦ ਵਿਚ ਕਿਹਾ ਕਿ ਇਹ ਕਾਲਜ ਵਿਚ ਹਾਜ਼ਰ ਨਹੀਂ ਹੋਏ ਸਨ।
ਕੀ ਕਹਿੰਦੇ ਨੇ ਜਾਂਚ ਅਧਿਕਾਰੀ
ਇਸ ਸਬੰਧੀ ਸਦਰ ਥਾਣਾ ਫਾਜ਼ਿਲਕਾ ਦੇ ਜਾਂਚ ਅਧਿਕਾਰੀ ਨੇ ਕਿਹਾ ਕਿ ਸ਼ਿਕਾਇਤ ਕਰਤਾਵਾਂ ਨੂੰ ਖੁੱਦ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਗਿਆ ਹੈ ਪਰ ਉਹ ਬਿਆਨ ਦਰਜ ਕਰਵਾਉਣ ਨਹੀਂ ਆ ਰਹੇ ਹਨ। ਜਿਵੇਂ ਹੀ ਉਹ ਬਿਆਨ ਦਰਜ ਕਰਵਾਉਣਗੇ ਤਾਂ ਅਗਲੀ ਕਰਾਵਾਈ ਕੀਤੀ ਜਾਵੇਗੀ।
