ਕੇਂਦਰੀ ਮੰਤਰੀ ਦੇ ਸ਼ਹਿਰ ਫਗਵਾੜਾ ’ਚ ਕੌਮੀ ਝੰਡਾ ਸਥਾਨ ਤੋਂ ‘ਤਿਰੰਗਾ’ ਗਾਇਬ!
Monday, Aug 15, 2022 - 06:01 PM (IST)
ਫਗਵਾੜਾ (ਜਲੋਟਾ)-ਦੇਸ਼ ’ਚ ਜਿੱਥੇ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਮਨਾਇਆ ਜਾ ਰਿਹਾ ਹੈ ਅਤੇ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕੇਂਦਰ ਸਰਕਾਰ ਅਤੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ, ਕੈਬਨਿਟ ਮੰਤਰੀਆਂ ਸਮੇਤ ਸਰਕਾਰੀ ਅਫ਼ਸਰਾਂ ਵੱਲੋਂ ਇਸ ਨੂੰ ਲੈ ਕੇ ਲੋਕਾਂ ਨੂੰ ‘ਹਰ ਘਰ ਤਿਰੰਗਾ’ ਸਮੇਤ ‘ਤਿਰੰਗਾ’ ਯਾਤਰਾਵਾਂ ਕੱਢਣ ਲਈ ਆਖਿਆ ਜਾ ਰਿਹਾ ਹੈ। ਉੱਥੇ ਹੀ ਕੇਂਦਰ ਸਰਕਾਰ ’ਚ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਆਪਣੇ ਸ਼ਹਿਰ ਫਗਵਾੜਾ ’ਚ ਨਗਰ ਨਿਗਮ ਵੱਲੋਂ ਕੌਮੀ ਝੰਡੇ ਨੂੰ ਲੈ ਕੇ ਅਜੀਬੋ-ਗਰੀਬ ਵਤੀਰਾ ਅਪਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਮੰਤਰੀ ਇੰਦਰਬੀਰ ਸਿੰਘ ਨਿੱਝਰ ਦਾ ਐਲਾਨ, ਜਲੰਧਰ ਜ਼ਿਲ੍ਹੇ ’ਚ ਕੱਲ੍ਹ ਸਾਰੇ ਸਕੂਲ ਰਹਿਣਗੇ ਬੰਦ
ਗੱਲ ਸੁਣਨ ਅਤੇ ਪੜ੍ਹਨ ’ਚ ਭਾਵੇਂ ਹੈਰਾਨ ਕਰਨ ਵਾਲੀ ਜਾਪੇ ਪਰ ਇਹ ਹਕੀਕਤ ਹੈ ਕਿ ਫਗਵਾੜਾ ’ਚ ਸਰਕਾਰੀ ਪੱਧਰ ’ਤੇ ਲੱਖਾਂ ਰੁਪਏ ਦਾ ਖ਼ਰਚਾ ਕਰਕੇ ਸਥਾਨਕ ਰੈਸਟ ਹਾਊਸ ਦੇ ਲਾਗੇ ਖ਼ਾਸ ਤੌਰ ’ਤੇ ਬਣਾਏ ਗਏ ਕੌਮੀ ਝੰਡਾ ਸਥਾਨ ’ਤੇ ਬੀਤੇ ਲੰਮੇ ਸਮੇਂ ਤੋਂ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਦਾ ਪ੍ਰਤੀਕ ਕੌਮੀ ਝੰਡਾ ਹੀ ਗਾਇਬ ਹੈ। ਫਗਵਾੜਾ ਫਲਾਈਓਵਰ ਤੋਂ ਇਹ ਸਥਾਨ ਜਦੋਂ ਵੇਖਣ ਨੂੰ ਮਿਲਦਾ ਹੈ ਤਾਂ ਉੱਥੇ ਸਿਰਫ਼ ਲੰਬਾ ਪੋਲ ਬਿਨਾਂ ਕੌਮੀ ਝੰਡੇ ਤੋਂ ਦਿੱਸਦਾ ਹੈ, ਜਿਸ ਨੂੰ ਲੈ ਕੇ ਫਗਵਾੜਾ ਦੇ ਵਸਨੀਕਾਂ ਸਮੇਤ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਫਗਵਾੜਾ ’ਚ ਆਉਣ ਵਾਲੇ ਲੋਕਾਂ ’ਚ ਇਹ ਗੱਲ ਭਾਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਆਖ਼ਰ ਸਰਕਾਰ ਵੱਲੋਂ ਲੱਖਾਂ ਰੁਪਏ ਦਾ ਖਰਚਾ ਕਰਕੇ ਬਣਾਏ ਗਏ ਇਸ ਕੌਮੀ ਝੰਡੇ ਸਥਾਨ ਨੂੰ ਕੌਮੀ ਝੰਡੇ ਤੋਂ ਵਾਂਝਾ ਕਿਉਂ ਰੱਖਿਆ ਗਿਆ ਹੈ, ਜਦਕਿ ਆਜ਼ਾਦੀ ਦਿਹਾੜੇ ਨੂੰ ਲੈ ਕੇ ਅੱਜ ਪੂਰੇ ਦੇਸ਼ ’ਚ ਲੋਕਾਂ ਵੱਲੋਂ ‘ਘਰ-ਘਰ ਤਿਰੰਗਾ’ ਅਤੇ ‘ਤਿਰੰਗਾ’ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ।
ਇਸ ਦੌਰਾਨ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਮਾਮਲੇ ਦੀ ਜਾਣਕਾਰੀ ਖ਼ੁਦ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੂੰ ਵੀ ਮਿਲ ਚੁੱਕੀ ਹੈ ਅਤੇ ਉਨ੍ਹਾਂ ਵੱਲੋਂ ਫਗਵਾੜਾ ’ਚ ਸਰਕਾਰੀ ਪੱਧਰ ’ਤੇ ਹੋਈ ਇਸ ਅਣਗਹਿਲੀ ਨੂੰ ਲੈ ਕੇ ਵੱਡੇ ਸਰਕਾਰੀ ਅਫ਼ਸਰਾਂ ਨੂੰ ਤਾੜਨਾ ਕੀਤੀ ਗਈ ਹੈ। ਖ਼ਬਰ ਲਿਖੇ ਜਾਣ ਤਕ ਸਰਕਾਰੀ ਪੱਧਰ ’ਤੇ ਸਰਕਾਰੀ ਖ਼ਰਚਾ ਕਰਕੇ ਬਣਾਏ ਗਏ ਕੌਮੀ ਝੰਡਾ ਸਥਾਨ ’ਤੇ ਕੌਮੀ ਝੰਡਾ ਮੌਜੂਦ ਨਹੀਂ ਹੈ।
ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ 'ਤੇ ਮੰਤਰੀ ਹਰਜੋਤ ਬੈਂਸ ਦਾ ਐਲਾਨ, ਸਰਕਾਰੀ ਸਕੂਲਾਂ ਨੂੰ ਲੈ ਕੇ ਆਖੀ ਇਹ ਗੱਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ