ਦਰਜਨਾਂ ਮਨੁੱਖੀ ਜਾਨਾਂ ਨਿਗਲ ਚੁੱਕੇ ਸ਼ਹਿਰ ਦੇ ''ਖੂਨੀ ਪੁਲ''
Thursday, Oct 05, 2017 - 06:19 AM (IST)
ਅੰਮ੍ਰਿਤਸਰ, (ਗੰਡੀਵਿੰਡ)- ਸਰਹੱਦੀ ਖੇਤਰ 'ਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਭਾਵੇਂ ਸੜਕਾਂ ਦੀ ਹਾਲਤ ਸੁਧਰੀ ਹੈ ਪਰ ਇਸ ਖੇਤਰ ਵਿਚ ਨਿਕਾਸੀ ਨਾਲਿਆਂ ਅਤੇ ਡਿਫੈਂਸ ਡਰੇਨਾਂ 'ਤੇ ਬਣੇ ਪੁਲਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਬਿਨਾਂ ਰੇਲਿੰਗ ਦੇ ਅਜਿਹੇ ਪੁਲ ਕਈ ਕੀਮਤੀ ਜਾਨਾਂ ਨਿਗਲ ਚੁੱਕੇ ਹਨ। ਹਿੰਦ-ਪਾਕਿ ਸਰਹੱਦ ਦੇ ਐਨ ਕਿਨਾਰੇ ਸਥਿਤ ਪਿੰਡ ਮੁਹਾਵਾਂ ਵਿਖੇ 20 ਸਤੰਬਰ 2016 ਨੂੰ ਜਦ ਇਕ ਸਕੂਲੀ ਬੱਸ ਵਿਦਿਆਰਥੀਆਂ ਨੂੰ ਲੈ ਕੇ ਗੁਜ਼ਰਨ ਲੱਗੀ ਤਾਂ ਪੁਲ 'ਤੇ ਰੇਲਿੰਗ ਨਾ ਹੋਣ ਕਰ ਕੇ ਬੱਸ ਨਾਲੇ ਵਿਚ ਡਿੱਗਣ ਕਰ ਕੇ 7 ਮਾਸੂਮ ਜਿੰਦਾਂ ਮੌਤ ਦੇ ਮੂੰਹ ਜਾ ਪਈਆਂ ਸਨ। ਉਸ ਸਮੇਂ ਹਰੇਕ ਹਿਰਦਾ ਵਲੂੰਧਰਿਆ ਗਿਆ ਸੀ, ਹਰੇਕ ਰਾਜਸੀ ਪਾਰਟੀ ਤੇ ਉਸ ਸਮੇਂ ਦੇ ਹਾਕਮਾਂ ਨੇ ਵੀ ਇਸ ਦੁਖਦਾਈ ਘੜੀ 'ਚ ਪੁੱਤ-ਧੀਆਂ ਗੁਆ ਚੁੱਕੇ ਮਾਪਿਆਂ ਨਾਲ ਗਲੇ ਮਿਲ ਕੇ ਧਾਹਾਂ ਮਾਰੀਆਂ ਸਨ। ਇਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਸੀ।
ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਮਰਨ ਵਾਲੇ ਬੱਚਿਆਂ ਗੁਰਪ੍ਰੀਤ ਕੌਰ, ਯੁਵਰਾਜ, ਸਹਿਜਦੀਪ, ਰੌਬਿਨਜੀਤ, ਜਸਮੀਨ ਕੌਰ, ਸਹਿਜਪ੍ਰੀਤ, ਅੰਸ਼ਦੀਪ ਜੋ ਕਿ ਪਿੰਡ ਨੇਸ਼ਟਾ ਤੇ ਟਿੱਬੀ ਦੇ ਵਾਸੀ ਸਨ ਤੇ ਡੀ. ਏ. ਵੀ. ਪਬਲਿਕ ਸਕੂਲ ਨੇਸ਼ਟਾ ਦੇ ਵਿਦਿਆਰਥੀ ਸਨ, ਦੇ ਵਾਰਿਸਾਂ ਨਾਲ ਦੁੱਖ ਪ੍ਰਗਟ ਕਰਦਿਆਂ ਪੁਲਾਂ ਦੀ ਹਾਲਤ ਸੁਧਾਰਨ ਦੇ ਨਾਲ-ਨਾਲ ਕਈ ਤਰ੍ਹਾਂ ਦੇ ਐਲਾਨ ਕੀਤੇ ਸਨ ਪਰ ਇਕ ਸਾਲ ਬੀਤ ਜਾਣ ਦੇ ਬਾਵਜੂਦ ਆਗੂਆਂ ਵੱਲੋਂ ਕੀਤੇ ਐਲਾਨਾਂ 'ਚੋਂ ਕੋਈ ਵੀ ਵਫਾ ਨਹੀਂ ਹੋਇਆ ਪਰ ਸਰਕਾਰ ਨੇ ਇਸ ਖੂਨੀ ਪੁਲ 'ਤੇ ਰੇਲਿੰਗ ਬਣਾਉਣ ਦੀ ਥਾਂ ਗੱਡੇ ਤਿੱਖੇ-ਤਿੱਖੇ ਸਰੀਏ ਦੀਆਂ ਸੂਲਾਂ ਸਰਕਾਰ ਵੱਲੋਂ ਕੀਤੇ ਵਾਅਦਿਆਂ ਦਾ ਮੂੰਹ ਜ਼ਰੂਰ ਚਿੜਾ ਰਹੀਆਂ ਹਨ ਕਿ ਅਚਾਨਕ ਜੇਕਰ ਕੋਈ ਤਿਲਕ ਵੀ ਜਾਵੇ ਤਾਂ ਤਿੱਖੇ ਸਰੀਏ ਉਸ ਦਾ ਸਰੀਰ ਤਾਂ ਵਿੰਨ੍ਹ ਦੇਣਗੇ।
ਇਸ ਤੋਂ ਇਲਾਵਾ ਰਮਦਾਸ ਇਲਾਕੇ ਵਿਚ ਵੀ ਅਜਿਹਾ ਬਿਨਾਂ ਰੇਲਿੰਗ ਵਾਲਾ ਪੁਲ ਅੱਜ ਵੀ ਸਰਕਾਰ ਤੇ ਪ੍ਰਸ਼ਾਸਨ ਨੂੰ ਕੋਸ ਰਿਹਾ ਹੈ, ਜਿਸ 'ਤੇ ਸਾਲ 2014 ਵਿਚ ਵਾਪਰੇ ਹਾਦਸੇ 'ਚ 10 ਕੀਮਤੀ ਮਨੁੱਖੀ ਜਾਨਾਂ ਚਲੀਆਂ ਗਈਆਂ ਸਨ, ਜਿਸ ਨੂੰ ਮੁੱਖ ਰੱਖ ਕੇ ਪ੍ਰਸ਼ਾਸਨ ਵੱਲੋਂ ਅਜਿਹੇ ਪੁਲਾਂ ਬਾਰੇ ਕਰਵਾਏ ਇਕ ਸਰਵੇ ਦੌਰਾਨ ਅਜਿਹੇ 80 ਬਿਨਾਂ ਰੇਲੰਗ ਵਾਲੇ ਪੁਲਾਂ ਦੀ ਸ਼ਨਾਖਤ ਕੀਤੀ ਗਈ ਸੀ, ਜਿਸ ਸਬੰਧੀ ਗੱਲ ਕਰਦਿਆਂ ਪਿੰਡ ਨੇਸ਼ਟਾ ਦੇ ਸਰਪੰਚ ਸੁਰਜੀਤ ਸਿੰਘ, ਟਿੱਬੀ ਦੇ ਨੰਬਰਦਾਰ ਰਣਧੀਰ ਸਿੰਘ ਧੀਰਾ, ਪੰਚ ਕੁਲਵੰਤ ਸਿੰਘ, ਸਰਬਜੀਤ ਸਿੰਘ ਗੁ. ਮਿੱਠਾਸਰ, ਬਲਰਾਜ ਸਿੰਘ, ਰਣਜੀਤ ਸਿੰਘ ਰਾਣਾ ਸੀਨੀਅਰ ਆਗੂ ਡਿਪੂ ਹੋਲਡਰ ਯੂਨੀਅਨ ਆਦਿ ਨੇ ਮੌਜੂਦਾ ਸਰਕਾਰ ਤੋਂ ਮੰਗ ਕੀਤੀ ਕਿ ਸਰਹੱਦੀ ਪੱਟੀ ਵਿਚ ਖਸਤਾਹਾਲ ਪੁਲਾਂ ਦੀ ਹਾਲਤ ਸੁਧਾਰਨ ਦੇ ਨਾਲ-ਨਾਲ ਬਿਨਾਂ ਰੇਲਿੰਗ ਵਾਲੇ ਪੁਲਾਂ ਦੇ ਮਜ਼ਬੂਤ ਦੀਵਾਰਾਂ ਵਾਲੀਆਂ ਰੇਲਿੰਗਾਂ ਬਣਾਈਆਂ ਜਾਣ ਤਾਂ ਕਿ ਰੋਜ਼ਾਨਾ ਕੰਮਾਂ ਲਈ ਜਾਂਦੇ ਆਮ ਲੋਕ ਅਤੇ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀ ਮਹਿਫੂਜ਼ ਘਰਾਂ ਨੂੰ ਪਰਤ ਸਕਣ।
