ਥਾਈ ਤੇ ਜੈੱਟ ਏਅਰਵੇਜ਼ ਵੱਡੇ ਜਹਾਜ਼ਾਂ ਨਾਲ ਅੰਮ੍ਰਿਤਸਰ ਤੋਂ ਉਡਾਣਾਂ ਸ਼ੁਰੂ ਕਰਨ ਲਈ ਸਹਿਮਤ
Sunday, Aug 13, 2017 - 07:10 AM (IST)
ਅੰਮ੍ਰਿਤਸਰ - ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਸ ਸਾਲ ਦੇ ਅੰਤ ਤੱਕ 5 ਦੇ ਕਰੀਬ ਵੱਡੀਆਂ ਹਵਾਈ ਕੰਪਨੀਆਂ ਉਡਾਣਾਂ ਸ਼ੁਰੂ ਕਰ ਸਕਦੀਆਂ ਹਨ। ਥਾਈ ਏਅਰਵੇਜ਼ ਅਤੇ ਜੈੱਟ ਏਅਰਵੇਜ਼ ਨੇ ਆਪਣੇ ਸਰਵੇ ਮੁਕੰਮਲ ਕਰ ਲਏ ਹਨ, ਜਦੋਂਕਿ ਇਤਹਾਦ ਏਅਰਵੇਜ਼, ਬ੍ਰਿਟਿਸ ਏਅਰਵੇਜ਼, ਅਮੀਰਾਤ ਏਅਰਵੇਜ਼, ਫਲਾਈ ਦੁਬਈ ਤੇ ਸ਼੍ਰੀਲੰਕਾ ਏਅਰਵੇਜ਼ ਵੀ ਅੰਮ੍ਰਿਤਸਰ ਤੋਂ ਆਪਣੀਆਂ ਉਡਾਣਾਂ ਸ਼ੁਰੂ ਕਰਨ ਵਿਚ ਦਿਲਚਸਪੀ ਵਿਖਾ ਰਹੀਆਂ ਹਨ। ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਅੱਜ ਥਾਈ ਏਅਰਵੇਜ਼ ਦੇ ਉੱਤਰੀ ਭਾਰਤ ਦੇ ਸੇਲ ਮੈਨੇਜਰ ਸੁਨੀਲ ਕੁਮਾਰ ਤੇ ਜੈੱਟ ਏਅਰਵੇਜ਼ ਉੱਤਰੀ ਭਾਰਤ ਦੇ ਹੈੱਡ ਮੈਡਮ ਕਵਿਤਾ ਜੋਸ਼ੀ ਨਾਲ ਉੱਚ ਪੱਧਰੀ ਮੀਟਿੰਗ ਉਪਰੰਤ ਦੱਸਿਆ ਕਿ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ 'ਤੇ ਜੋ ਵੀ ਕਮੀਆਂ ਵੱਖ-ਵੱਖ ਹਵਾਈ ਕੰਪਨੀਆਂ ਵੱਲੋਂ ਉਨ੍ਹਾਂ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ, ਨੂੰ ਦੂਰ ਕਰਵਾ ਕੇ ਕੌਮਾਂਤਰੀ ਪੱਧਰ ਦੀਆਂ ਉਡਾਣਾਂ ਲਈ ਸਮਰੱਥ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਕ ਧਿਰ ਜਾਣਬੁੱਝ ਕੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਪ੍ਰਫੁੱਲਿਤ ਹੋਣ 'ਚ ਰੁਕਾਵਟਾਂ ਖੜ੍ਹੀਆਂ ਕਰਨਾ ਚਾਹੁੰਦੀ ਹੈ, ਜਦੋਂ ਕਿ ਕੌਮਾਂਤਰੀ ਹਵਾਈ ਕੰਪਨੀਆਂ ਅੰਮ੍ਰਿਤਸਰ ਤੋਂ ਉਡਾਣਾਂ ਲਈ ਡੂੰਘੀ ਦਿਲਚਸਪੀ ਰੱਖਦੀਆਂ ਹਨ। ਥਾਈ ਅਤੇ ਜੈੱਟ ਏਅਰਵੇਜ਼ ਨੇ ਇਥੋਂ ਤੱਕ ਭਰੋਸਾ ਦਿੱਤਾ ਹੈ ਕਿ ਉਹ ਅਕਤੂਬਰ-ਨਵੰਬਰ 'ਚ ਵੱਖ-ਵੱਖ ਦੇਸ਼ਾਂ ਦੀਆਂ ਸਿੱਧੀਆਂ ਉਡਾਣਾਂ ਲਈ ਗਰਾਊਂਡ ਤਿਆਰ ਕਰ ਚੁੱਕੀ ਹੈ। ਅਜੇ ਇਨ੍ਹਾਂ ਦੋਵਾਂ ਹਵਾਈ ਕੰਪਨੀਆਂ ਨੂੰ ਜਹਾਜ਼ਾਂ ਦੀ ਕਮੀ ਹੈ। ਨਵੇਂ ਜਹਾਜ਼ ਮਿਲਦਿਆਂ ਹੀ ਉਹ ਉਡਾਣਾਂ ਸ਼ੁਰੂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਕ ਪਾਸੇ ਅੰਤਰਰਾਸ਼ਟਰੀ ਕੰਪਨੀਆਂ ਅੰਤਰਰਾਸ਼ਟਰੀ ਯਾਤਰੀਆਂ ਦੀ ਮੰਗ 'ਤੇ ਫਲਾਈਟਾਂ ਸ਼ੁਰੂ ਕਰਨਾ ਚਾਹੁੰਦੀਆਂ ਹਨ, ਦੂਜੇ ਪਾਸੇ ਭਾਰਤ ਸਰਕਾਰ ਦਾ ਰਵੱਈਆ ਠੀਕ ਨਾ ਹੋਣ ਕਾਰਨ ਉਹ ਥੋੜ੍ਹੇ ਨਿਰਾਸ਼ ਜ਼ਰੂਰ ਹਨ। ਉਹ ਲੋਕ ਸਭਾ 'ਚ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਸਾਰੀਆਂ ਸੁੱਖ-ਸਹੂਲਤਾਂ ਦਿਵਾਉਣ ਲਈ ਆਵਾਜ਼ ਉਠਾ ਰਹੇ ਹਨ। ਦੂਸਰੀਆਂ ਸਿਆਸੀ ਪਾਰਟੀਆਂ ਅਤੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਹਵਾਈ ਅੱਡੇ ਲਈ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਸਹਿਯੋਗ ਦੇਣ।
ਉਨ੍ਹਾਂ ਦੱਸਿਆ ਕਿ ਉਹ ਅੰਮ੍ਰਿਤਸਰ ਏਅਰਪੋਰਟ ਅਥਾਰਟੀ ਨਾਲ ਉੱਚ ਪੱਧਰੀ ਮੀਟਿੰਗ ਵੀ ਕਰਨ ਜਾ ਰਹੇ ਹਨ ਤਾਂ ਜੋ ਸਰਵੇ 'ਤੇ ਆਏ ਤੱਥਾਂ ਦਾ ਮੁਲਾਂਕਣ ਕੀਤਾ ਜਾ ਸਕੇ। ਥਾਈ ਤੇ ਜੈੱਟ ਏਅਰਵੇਜ਼ ਵੱਡੇ ਜਹਾਜ਼ ਵੀ ਇਥੇ ਲਿਆ ਰਹੇ ਹਨ, ਜਿਨ੍ਹਾਂ ਰਾਹੀਂ ਦੂਸਰੇ ਦੇਸ਼ਾਂ ਤੱਕ ਮਾਲ ਵੀ ਢੋਇਆ ਜਾਵੇਗਾ, ਜਿਸ ਨਾਲ ਪੂਰੇ ਪੰਜਾਬ ਨੂੰ ਲਾਭ ਪੁੱਜੇਗਾ।
