ਪਾਕਿਸਤਾਨ ਤੇ ਵਿਦੇਸ਼ਾਂ ’ਚ ਬੈਠੇ ਅੱਤਵਾਦੀ ਪੰਜਾਬ ’ਚ ਘਟਨਾਵਾਂ ਨੂੰ ਅੰਜਾਮ ਦੇਣ ਦੀ ਫਿਰਾਕ ’ਚ : ਬਿੱਟਾ
Friday, Aug 19, 2022 - 01:39 PM (IST)
ਅੰਮ੍ਰਿਤਸਰ (ਅਵਧੇਸ਼) : ਰਣਜੀਤ ਐਵੇਨਿਊ ਪਾਸ਼ ਇਲਾਕੇ 'ਚ ਪੰਜਾਬ ਪੁਲਸ ਦੇ ਐੱਸ. ਆਈ. ਦਿਲਬਾਗ ਸਿੰਘ ਦੇ ਘਰ ਬਾਹਰ ਉਸ ਦੀ ਗੱਡੀ ਹੇਠਾਂ ਦੋ ਨੌਜਵਾਨਾਂ ਵਲੋਂ ਬੰਬ ਰੱਖੇ ਜਾਣ ਦੀ ਸਖ਼ਤ ਨਿੰਦਾ ਕਰਦਿਆਂ ਆਲ ਇੰਡੀਆ ਅੱਤਵਾਦ ਵਿਰੋਧੀ ਸੰਗਠਨ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਕਿ ਇਸ ਘਟਨਾ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਬੰਬ ਫੜੇ ਜਾਣ ਨਾਲ ਵੱਡੀ ਘਟਨਾ ਨੂੰ ਹੋਣ ਤੋਂ ਰੋਕਿਆ ਗਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਬਿੱਟਾ ਨੇ ਕਿਹਾ ਕਿ ਪਾਕਿਸਤਾਨ, ਕੈਨੇਡਾ, ਜਰਮਨੀ ਅਤੇ ਹੋਰ ਦੇਸ਼ਾਂ ਅੰਦਰ ਬੈਠੇ ਅੱਤਵਾਦੀ ਅੱਜ ਵੀ ਦਿਲ ਦਲਿਹਾਉਣ ਵਾਲੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਤੱਤਪਰ ਹਨ, ਜਿੰਨ੍ਹਾਂ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕਰਨ ਦੀ ਪੰਜਾਬ ਪੁਲਸ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਬੈਠੇ ਰਿੰਦਾ, ਪੰਜਵੜ ਵਰਗੇ ਅਤੇ ਕੈਨੇਡਾ ਤੋਂ ਖ਼ਾਲਿਸਤਾਨ ਬਣਾਉਣ ਦੀਆਂ ਗੱਲਾਂ ਕਰਨ ਵਾਲੇ ਭਾਰਤ ਅੰਦਰ ਦਹਿਸ਼ਤ ਫੈਲਾਉਣਾ ਚਾਹੁੰਦੇ ਹਨ ਪਰ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਫੋਰਸਾਂ ਅੱਤਵਾਦੀਆਂ ਉਪਰ ਪੂਰੀ ਤਰ੍ਹਾਂ ਨਜ਼ਰ ਰੱਖ ਰਹੀਆਂ ਹਨ। ਇਸ ਕਰਕੇ ਹੀ ਅਸਲਾ ਅਤੇ ਆਰ. ਡੀ. ਐਕਸ ਬਰਾਮਦ ਕੀਤਾ ਜਾ ਰਿਹਾ ਹੈ। ਬਿੱਟਾ ਨੇ ਕਿਹਾ ਕਿ ਪੰਜਾਬ ਪੁਲਸ ਡੀ. ਜੀ. ਪੀ. ਦੀ ਅਗਵਾਈ ਹੇਠ ਚੰਗਾ ਕੰਮ ਕਰ ਰਹੀ ਹੈ ਜੋ ਪਹਿਲਾਂ ਨਹੀਂ ਸੀ।
ਉਹ ਪੂਰੇ ਭਾਰਤ ਅੰਦਰ ਅੱਤਵਾਦ ਨੂੰ ਰੋਕਣ ਲਈ ਸੈਮੀਨਾਰਾਂ 'ਚ ਜਾਂਦੇ ਰਹਿੰਦੇ ਹਨ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਦੀ ਜ਼ਰੂਰਤ ਹੈ। ਅੱਜ ਸਾਰੀਆਂ ਸਿਆਸੀ ਪਾਰਟੀਆਂ ਮਿਲ ਕੇ ਇਸ ਉਪਰ ਕੰਟਰੋਲ ਕਰ ਸਕਦੀਆਂ ਹਨ, ਪਹਿਲਾਂ ਵੀ ਜਦੋਂ ਅੱਤਵਾਦ ਪੰਜਾਬ 'ਚ ਆਪਣੇ ਜੋਰਾਂ 'ਤੇ ਸੀ ਤਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਮਿਲ ਕੇ ਆਪਣੀਆਂ ਕੁਰਬਾਨੀਆਂ ਦੇ ਕੇ ਖ਼ਤਮ ਕੀਤਾ ਸੀ।