ਜੰਮੂ ਤੋਂ ਪੰਜਾਬ ''ਚ 10-12 ਅੱਤਵਾਦੀ ਵੜਨ ਦਾ ਖਦਸ਼ਾ, ਖੁਫੀਆ ਏਜੰਸੀਆਂ ਦਾ ਅਲਰਟ

Friday, Sep 27, 2019 - 11:15 AM (IST)

ਜੰਮੂ ਤੋਂ ਪੰਜਾਬ ''ਚ 10-12 ਅੱਤਵਾਦੀ ਵੜਨ ਦਾ ਖਦਸ਼ਾ, ਖੁਫੀਆ ਏਜੰਸੀਆਂ ਦਾ ਅਲਰਟ

ਜਲੰਧਰ : ਭਾਰਤ-ਪਾਕਿਸਤਾਨ ਸਰਹੱਦ 'ਤੇ ਜੰਮੂ-ਕਸ਼ਮੀਰ ਤੋਂ ਪੰਜਾਬ 'ਚ ਕਰੀਬ 10 ਤੋਂ 12 ਅੱਤਵਾਦੀ ਵੜਨ ਦਾ ਖਦਸ਼ਾ ਹੈ, ਜਿਸ ਕਾਰਨ ਸੂਬੇ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਇਸ ਦੇ ਕਾਰਨ ਜੰਮੂ ਨਾਲ ਲੱਗਦੀ ਸਰਹੱਦ 'ਤੇ ਪੰਜਾਬ ਪੁਲਸ ਨੇ ਚੱਪੇ-ਚੱਪੇ 'ਤੇ ਸੁਰੱਖਿਆ ਦੇ ਇੰਤਜ਼ਾਮ ਸਖਤ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨਾਂ ਤੋਂ ਪਾਕਿਸਤਾਨ ਵਲੋਂ ਸੀਜ਼ਫਾਇਰ ਦਾ ਲਗਾਤਾਰ ਉਲੰਘਣ ਕੀਤਾ ਜਾ ਰਿਹਾ ਹੈ।

PunjabKesari

ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਅਜਿਹਾ ਕਰਕੇ ਸਰਹੱਦ 'ਤੇ ਅੱਤਵਾਦੀਆਂ ਦੀ ਘੁਸਪੈਠ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਨਪੁਟ ਦੇ ਮੁਤਾਬਕ ਕਠੂਆ ਜ਼ਿਲੇ ਦੇ ਹੀਰਾਨਗਰ ਸੈਕਟਰ ਦੇ ਕਰੀਬ 3 ਲਾਂਚਿੰਗ ਪੈਡਸ 'ਤੇ ਸ਼ੱਕੀ ਲੋਕਾਂ ਨੂੰ ਹਰਕਤ 'ਚ ਦੇਖਿਆ ਗਿਆ ਹੈ। ਇਨ੍ਹਾਂ 3 ਥਾਵਾਂ ਤੋਂ ਕਰੀਬ 10 ਲੋਕਾਂ ਨੂੰ ਭਾਰਤ ਦੀ ਸਰਹੱਦ 'ਚ ਦਾਖਲ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖੁਫੀਆ ਏਜੰਸੀਆਂ ਨੇ ਇਨ੍ਹਾਂ ਲਾਂਚਿੰਗ ਪੈਡਸ 'ਤੇ ਸਖਤ ਨਿਗਰਾਨੀ ਰੱਖੀ ਹੋਈ ਹੈ।

ਸੁਖਮਲ ਲਾਂਚਿੰਗ ਪੈਡ 'ਤੇ 5 ਤੋਂ 6 ਅਤੇ ਅਭਿਆਲ 'ਤੇ 3 ਤੋਂ 4 ਅੱਤਵਾਦੀ ਦੇ ਹਰਕਤ 'ਚ ਆਉਣ ਦੀ ਸੂਚਨਾ ਹੈ। ਇਨ੍ਹਾਂ ਅੱਤਵਾਦੀਆਂ ਦੇ ਜੰਮੂ 'ਚ ਦਾਖਲ ਹੋਣ ਤੋਂ ਬਾਅਦ ਪੰਜਾਬ 'ਚ ਦਾਖਲ ਹੋਣ ਦੀ ਯੋਜਨਾ ਹੈ। ਏਜੰਸੀਆਂ ਦੇ ਇਨਪੁਟ ਤੋਂ ਬਾਅਦ ਪੰਜਾਬ ਅਤੇ ਜੰਮੂ-ਕਸ਼ਮੀਰ ਪੁਲਸ ਨੇ ਅਲਰਟ ਦੇ ਤੌਰ 'ਤੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ ਅਤੇ ਸੂਬੇ ਦੀਆਂ ਸਰਹੱਦਾਂ 'ਤੇ ਆਉਣ-ਜਾਣ ਵਾਲੇ ਵਾਹਨਾਂ ਦੀ ਮੁਸਤੈਦੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ।


author

Babita

Content Editor

Related News