ਪੁਲਸ ਤੇ ਖੁਫੀਆ ਏਜੰਸੀਆਂ ਦੀ ਉੱਡੀ ਨੀਂਦ, ਗਸ਼ਤ ਤੇ ਤਲਾਸ਼ੀ ਮੁਹਿੰਮ ਤੇਜ਼

Friday, Jun 08, 2018 - 05:58 AM (IST)

ਲੁਧਿਆਣਾ(ਸਲੂਜਾ)-ਰੇਲਵੇ ਫਿਰੋਜ਼ਪੁਰ ਮੰਡਲ ਨੂੰ ਜੰਮੂ-ਕਸ਼ਮੀਰ ਦੀ ਇਕ ਅੱਤਵਾਦੀ ਜਥੇਬੰਦੀ ਵੱਲੋਂ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ, ਜੀ. ਆਰ. ਪੀ., ਆਰ. ਪੀ. ਐੱਫ., ਪੰਜਾਬ ਪੁਲਸ ਸਮੇਤ ਖੁਫੀਆ ਏਜੰਸੀਆਂ ਦੀ ਨੀਂਦ ਉੱਡ ਗਈ ਹੈ। ਜਾਣਕਾਰੀ ਮੁਤਾਬਕ ਇਹ ਧਮਕੀ ਮਿਲਣ ਤੋਂ ਬਾਅਦ ਸਥਾਨਕ ਰੇਲਵੇ ਸਟੇਸ਼ਨ ਦੇ ਅੰਦਰ ਅਤੇ ਬਾਹਰ ਪੁਲਸ ਦੀ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਹਰ ਯਾਤਰੀ ਦੇ ਸਾਮਾਨ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਰੇਲ ਯਾਤਰੀਆਂ ਅਤੇ ਰੇਲਵੇ ਸਟੇਸ਼ਨ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸਿਵਲ ਯੂਨੀਫਾਰਮ ਵਿਚ ਵੀ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਰਾਤ ਦੇ ਸਮੇਂ ਵੀ ਪੁਲਸ ਦੀ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਰੇਲਵੇ ਸਟੇਸ਼ਨ ਦੇ ਦਾਖਲਾ ਗੇਟਾਂ 'ਤੇ ਸੁਰੱਖਿਆ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਕੈਂਪਸ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਤੇ ਵੀ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਦੇ ਅਧਿਕਾਰੀਆਂ ਨੇ ਨਜ਼ਰ ਰੱਖੀ ਹੋਈ ਹੈ। ਰੇਲਵੇ ਗੋਦਾਮ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਜਾਣ ਵਾਲੇ ਸਾਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਦੇ ਨਾਲ ਹੀ ਯਾਤਰੀਆਂ ਨੂੰ ਵੀ ਇਹ ਪੁਰਜ਼ੋਰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਉਹ ਕਿਸੇ ਸ਼ੱਕੀ ਵਿਅਕਤੀ ਜਾਂ ਕਿਸੇ ਸ਼ੱਕੀ ਚੀਜ਼ ਨੂੰ ਦੇਖਣ ਤਾਂ ਬਿਨਾਂ ਕਿਸੇ ਦੇਰੀ ਦੇ ਪੁਲਸ ਨੂੰ ਸੂਚਨਾ ਦੇਣ।


Related News