ਲੁਟੇਰਿਆਂ ਨੇ ਮੋਟਰਸਾਈਕਲ ਸਵਾਰਾਂ ''ਤੇ ਚਲਾਈਆਂ ਗੋਲੀਆਂ, ਇਕ ਜ਼ਖਮੀ
Saturday, Jun 15, 2019 - 01:45 PM (IST)

ਤਰਨਤਾਰਨ (ਰਾਜੂ) : ਤਰਨਤਾਰਨ ਤੋਂ ਪਿੰਡ ਮਾਲਚੱਕ ਨੂੰ ਜਾ ਰਹੇ ਮੋਟਰਸਾਈਕਲ ਸਵਾਰ ਨੌਜਵਾਨਾਂ 'ਤੇ ਪਿੰਡ ਬਾਠ ਨੇੜੇ ਦੋ ਨਕਾਬਪੋਸ਼ ਲੁਟੇਰਿਆਂ ਵਲੋਂ ਲੁੱਟ-ਖੋਹ ਕਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਇਕ ਵਿਅਕਤੀ ਦੇ ਛੱਰੇ ਲੱਗਣ ਕਾਰਣ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਪੁਲਸ ਵਲੋਂ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਤਾਜਬੀਰ ਸਿੰਘ ਪੁੱਤਰ ਰਾਜਬੀਰ ਸਿੰਘ ਨਿਵਾਸੀ ਮਾਲ ਚੱਕ ਨੇ ਦੱਸਿਆ ਕਿ ਉਹ ਆਪਣੇ ਚਾਚੇ ਦਿਲਬਾਗ ਸਿੰਘ ਨਾਲ ਬੁਲਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਤਰਨਤਾਰਨ ਤੋਂ ਪਿੰਡ ਮਾਲਚੱਕ ਨੂੰ ਜਾ ਰਹੇ ਸੀ। ਜਦੋਂ ਪਿੰਡ ਬਾਠ ਦੀਆਂ ਮੜੀਆਂ ਕੋਲ ਪਹੁੰਚੇ ਤਾਂ ਇਕ ਪਲਸਰ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਉਨ੍ਹਾਂ ਨੂੰ ਮੋਟਰਸਾਈਕਲ ਰੋਕਣ ਲਈ ਕਿਹਾ ਪਰ ਉਨ੍ਹਾਂ ਨੇ ਮੋਟਰਸਾਈਕਲ ਭਜਾ ਲਿਆ ਤਾਂ ਪਿੱਛੋਂ ਉਕਤ ਲੁਟੇਰਿਆਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਉਨ੍ਹਾਂ 'ਤੇ 4-5 ਫਾਇਰ ਕੀਤੇ ਅਤੇ ਉਸ ਦੇ ਚਾਚੇ ਦਿਲਬਾਗ ਸਿੰਘ ਦੇ ਪੱਟ 'ਚ ਛੱਰੇ ਲੱਗਣ ਕਾਰਣ ਉਹ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਕਤ ਲੁਟੇਰੇ ਫਰਾਰ ਹੋ ਗਏ ਅਤੇ ਉਸ ਨੇ ਚਾਚੇ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਇਸ ਸਬੰਧੀ ਏ. ਐੱਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ 'ਤੇ ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।