ਪੈਟਰੋਲ ਪੰਪ ਦਫਤਰ ਦੇ ਸ਼ੀਸ਼ਿਆਂ ਪਿੱਛੇ ਹੁੰਦੀਆਂ ਸਨ ਅੱਤਵਾਦੀ ਗਤੀਵਿਧੀਆਂ

Wednesday, Dec 06, 2017 - 04:57 AM (IST)

ਪੈਟਰੋਲ ਪੰਪ ਦਫਤਰ ਦੇ ਸ਼ੀਸ਼ਿਆਂ ਪਿੱਛੇ ਹੁੰਦੀਆਂ ਸਨ ਅੱਤਵਾਦੀ ਗਤੀਵਿਧੀਆਂ

ਲੁਧਿਆਣਾ(ਮਹੇਸ਼)-ਨਗਰ ਦੇ ਪਾਸ਼ ਇਲਾਕੇ ਸ਼ਿਵਾਜੀ ਨਗਰ ਕੋਲ ਸਮਰਾਲਾ ਚੌਕ ਤੋਂ ਸਿਰਫ 2 ਕਿਲੋਮੀਟਰ ਦੂਰ ਸਥਿਤ ਇਕ ਪੈਟਰੋਲ ਪੰਪ, ਜਿਸ ਵਿਚ ਲੋਕ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਵਿਚ ਤੇਲ ਪਵਾਉਂਦੇ ਸਨ, ਕਿਸੇ ਨੂੰ ਕੀ ਪਤਾ ਸੀ ਕਿ ਪੈਟਰੋਲ ਪੰਪ ਦੇ ਦਫਤਰ ਦੇ ਸ਼ੀਸ਼ਿਆਂ ਪਿੱਛੇ ਅੱਤਵਾਦੀ ਗਤੀਵਿਧੀਆਂ ਹੁੰਦੀਆਂ ਸਨ। ਅੱਤਵਾਦ ਦਾ ਇਹ ਕਾਲਾ ਕਾਰੋਬਾਰ ਕੋਈ ਹੋਰ ਨਹੀਂ ਬਲਕਿ ਇਥੋਂ ਦਾ ਮੈਨੇਜਰ ਅਨਿਲ ਕੁਮਾਰ ਉਰਫ ਕਾਲਾ ਕਰਦਾ ਸੀ, ਜਿਸ ਨੂੰ ਥਾਣਾ ਸਲੇਮ ਟਾਬਰੀ ਦੀ ਪੁਲਸ ਨੇ 27 ਨਵੰਬਰ ਨੂੰ ਬਹੁ-ਚਰਚਿਤ ਪਾਦਰੀ ਕਤਲ ਕੇਸ ਵਿਚ ਗ੍ਰਿਫਤਾਰ ਕੀਤਾ ਸੀ। ਇਸ ਦੀਆਂ ਗਤੀਵਿਧੀਆਂ ਦਾ ਕੁਝ ਦਿਨ ਪਹਿਲਾਂ ਪਤਾ ਲੱਗਾ ਸੀ। ਜਦੋਂ ਇਸ ਪੈਟਰੋਲ ਪੰਪ ਦੇ ਮਾਲਕ ਖਤਰਨਾਕ ਗੈਂਗਸਟਰ ਧਰਮਿੰਦਰ ਉਰਫ ਗੁਗਨੀ ਨੇ ਪੁਲਸ ਦੀ ਸਖ਼ਤੀ ਅੱਗੇ ਕਈ ਰਾਜ਼ ਉਗਲੇ ਸਨ। ਭੋਲਾ-ਭਾਲਾ ਦਿਖਣ ਵਾਲਾ ਕਰੀਬ 48 ਸਾਲਾ ਅਨਿਲ ਕੁਮਾਰ ਅੰਦਰੋਂ ਇੰਨਾ ਖਤਰਨਾਕ ਸੀ ਕਿ ਆਪਣੇ ਬਾਸ ਗੁਗਨੀ ਦੇ ਕਹਿਣ 'ਤੇ ਇਹ 5 ਵਾਰ ਸ਼ੱਕੀ ਲੋਕਾਂ ਤੋਂ ਹਥਿਆਰਾਂ ਦਾ ਲੈਣ-ਦੇਣ ਕਰ ਚੁੱਕਾ ਹੈ, ਜਿਸ ਵਿਚ 9 ਐੱਮ. ਐੱਮ. ਦੇ 30 ਅਤੇ 32 ਬੋਰ ਦੇ ਪਿਸਤੌਲ ਵੀ ਸ਼ਾਮਲ ਹਨ। ਹਾਲ ਦੀ ਘੜੀ ਥਾਣਾ ਸਲੇਮ ਟਾਬਰੀ ਵਿਚ ਦੋਸ਼ੀ ਦੇ ਪੁਲਸ ਰਿਮਾਂਡ ਦਾ ਸਮਾਂ ਖਤਮ ਹੋ ਗਿਆ ਅਤੇ ਉਸ ਨੂੰ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ 2016 ਦੇ ਜੁਲਾਈ ਮਹੀਨੇ ਵਿਚ ਦਰਜ ਹੋਏ ਕਤਲ ਦੇ ਯਤਨ ਅਤੇ ਆਰਮਜ਼ ਐਕਟ ਦੇ ਕੇਸ ਵਿਚ 2 ਦਿਨ ਦੇ ਰਿਮਾਂਡ 'ਤੇ ਲਿਆ ਹੈ, ਜਿਸ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਰਕਰ 'ਤੇ ਜਾਨਲੇਵਾ ਹਮਲਾ ਹੋਇਆ ਸੀ। ਇਕ ਸੀਨੀਅਰ ਅਧਿਕਾਰੀ ਨੇ 'ਜਗ ਬਾਣੀ' ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਹੋਈ ਪੁੱਛਗਿੱਛ ਵਿਚ ਦੋਸ਼ੀ ਨੇ ਇਹ ਖੁਲਾਸਾ ਕੀਤਾ ਹੈ ਕਿ ਉਹ ਮੂਲ ਰੂਪ 'ਚ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਇਲਾਕੇ ਦਾ ਰਹਿਣ ਵਾਲਾ ਹੈ। ਇਨ੍ਹੀਂ ਦਿਨੀਂ ਉਹ ਆਪਣੇ ਪਰਿਵਾਰ ਸਮੇਤ ਮੇਹਰਬਾਨ ਜਗੀਰਪੁਰ ਰੋਡ ਸਥਿਤ ਗੌਤਮ ਕਾਲੋਨੀ ਵਿਚ ਰਹਿ ਰਿਹਾ ਹੈ, ਜਿਥੋਂ ਕੁਝ ਹੀ ਦੂਰੀ 'ਤੇ ਗੁਗਨੀ ਦਾ ਫਾਰਮ ਹਾਊਸ ਹੈ। ਉਹ ਗੁਗਨੀ ਨੂੰ ਸਾਲ 2001 ਤੋਂ ਜਾਣਦਾ ਸੀ। ਉਸ ਦਾ ਪਿਤਾ ਬਲਵੰਤ ਸਿੰਘ ਅਤੇ ਚਾਚਾ ਹਰਨੇਕ ਸਿੰਘ ਸਰਪੰਚ ਰਹਿ ਚੁੱਕੇ ਹਨ। ਉਹ ਉਸ ਦੇ ਫਾਰਮ ਹਾਊਸ 'ਤੇ ਆਮ ਕਰ ਕੇ ਆਇਆ-ਜਾਇਆ ਕਰਦਾ ਸੀ। ਗੁਗਨੀ ਵੀ ਉਸ ਦੇ ਘਰ ਆਉਂਦਾ-ਜਾਂਦਾ ਸੀ। 2 ਦਹਾਕੇ ਪਹਿਲਾਂ ਉਸ ਦਾ ਵਿਆਹ ਮੰਜੂ ਨਾਲ ਹੋਇਆ ਸੀ। ਉਸ ਦਾ ਬੇਟਾ ਯੋਗੇਸ਼ ਅਤੇ ਬੇਟੀ ਕਾਜਲ ਹੈ। ਇਸੇ ਦੌਰਾਨ ਉਸ ਨੇ ਗੁਗਨੀ 'ਤੇ ਆਪਣਾ ਵਿਸ਼ਵਾਸ ਬਣਾ ਲਿਆ ਅਤੇ ਉਸ ਦਾ ਖਾਸ ਬਣ ਗਿਆ। ਗੁਗਨੀ ਨੇ 2011 ਵਿਚ ਉਸ ਨੂੰ ਪੈਟਰੋਲ ਪੰਪ 'ਤੇ ਮੈਨੇਜਰ ਰੱਖ ਲਿਆ। ਗੁਗਨੀ ਦੇ ਸਾਰੇ ਪੈਸਿਆਂ ਦੇ ਲੈਣ-ਦੇਣ ਦਾ ਹਿਸਾਬ ਉਸੇ ਕੋਲ ਹੁੰਦਾ ਸੀ। ਗੁਗਨੀ ਦੇ ਇਸ਼ਾਰੇ 'ਤੇ ਹੀ ਉਸ ਨੇ ਹਥਿਆਰਾਂ ਦੀ ਖਰੀਦੋ-ਫਰੋਖ਼ਤ ਕੀਤੀ ਅਤੇ ਉਸੇ ਦੇ ਕਹਿਣ 'ਤੇ ਉਸ ਨੇ ਸ਼ਾਰਪ ਸ਼ੂਟਰ ਹਰਦੀਪ ਸਿੰਘ ਉਰਫ ਸ਼ੇਰਾ ਦੇ ਸਾਥੀ ਰਮਨਦੀਪ ਸਿੰਘ ਬੁੱਗਾ ਨੂੰ ਪਿਸਤੌਲਾਂ ਮੁਹੱਈਆ ਕਰਵਾਈਆਂ। ਇਕ ਪਿਸਤੌਲ ਖ਼ਰਾਬ ਨਿਕਲਣ 'ਤੇ ਰਮਨਦੀਪ ਉਸ ਨੂੰ ਵਾਪਸ ਵੀ ਕਰ ਕੇ ਗਿਆ ਸੀ। 2015 ਤੋਂ ਲੈ ਕੇ 2017 ਤੱਕ ਉਸ ਨੇ ਇਨ੍ਹਾਂ ਹਥਿਆਰਾਂ ਦੀ ਸਪਲਾਈ ਕੀਤੀ। ਇਹ ਸਭ ਉਸ ਨੇ ਗੁਗਨੀ ਦੇ ਇਸ਼ਾਰੇ 'ਤੇ ਕੀਤਾ, ਜੋ ਕਿ ਉਸ ਨੂੰ ਜੇਲ ਵਿਚ ਬੈਠਾ ਹੀ ਹੁਕਮ ਦਿੰਦਾ ਸੀ। ਉਹ ਆਪ ਕਦੇ ਹਥਿਆਰ ਲੈਣ ਨਹੀਂ ਗਿਆ। ਉਸ ਨੂੰ ਹਥਿਆਰ ਦੇਣ ਅਤੇ ਲੈਣ ਵਾਲੇ ਆਪ ਹੀ ਪੈਟਰੋਲ ਪੰਪ 'ਤੇ ਆਉਂਦੇ ਸਨ। ਗੁਗਨੀ ਉਸ ਨੂੰ ਸਿਰਫ ਹੁਕਮ ਦਿੰਦਾ ਸੀ ਕਿ ਫਲਾਣੇ ਰੰਗ ਦੀ ਪੈਂਟ ਕਮੀਜ਼ ਪਹਿਨੀ ਇਕ ਨੌਜਵਾਨ ਆਵੇਗਾ, ਉਸ ਨੂੰ ਹਥਿਆਰ ਦੇਣੇ ਹਨ। ਉਹ ਉਸ ਤੋਂ ਬਿਨਾਂ ਪੁੱਛਗਿੱਛ ਕੀਤੇ ਹਥਿਆਰ ਦੇ ਦਿੰਦਾ ਸੀ।
ਜੇਲ ਦੀ ਡਿਓੜੀ 'ਚ ਮਿਲਦਾ ਸੀ ਗੁਗਨੀ ਨੂੰ
ਅਧਿਕਾਰੀ ਨੇ ਦੱਸਿਆ ਕਿ ਜਦੋਂ ਵੀ ਗੁਗਨੀ ਦੀ ਅਦਾਲਤ ਵਿਚ ਪੇਸ਼ੀ ਹੁੰਦੀ ਸੀ। ਅਨਿਲ ਹਮੇਸ਼ਾ ਉਸ ਨੂੰ ਮਿਲਣ ਲਈ ਜਾਇਆ ਕਰਦਾ ਸੀ। ਇੰਨਾ ਹੀ ਨਹੀਂ, ਅਨਿਲ ਉਸ ਨੂੰ ਜੇਲ ਵਿਚ ਵੀ ਮਿਲਣ ਲਈ ਜਾਇਆ ਕਰਦਾ ਸੀ। ਚਾਹੇ ਉਹ ਨਾਭਾ ਜੇਲ ਵਿਚ ਹੋਵੇ ਜਾਂ ਫਿਰ ਲੁਧਿਆਣਾ ਜੇਲ 'ਚ। ਜੇਲ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਕਾਰਨ ਉਹ ਜੇਲ ਦੀ ਡਿਓੜੀ ਵਿਚ ਹੀ ਗੁਗਨੀ ਨਾਲ ਕਈ ਘੰਟੇ ਏਕਾਂਤ ਵਿਚ ਗੱਲਬਾਤ ਕਰਦਾ ਸੀ, ਜਿਸ ਦੀ ਐਂਟਰੀ ਜੇਲ ਵਿਜ਼ੀਟਰ ਰਜਿਸਟਰ ਵਿਚ ਵੀ ਨਹੀਂ ਹੁੰਦੀ ਸੀ। ਅਨਿਲ ਨੇ ਪੁੱਛਗਿੱਛ ਵਿਚ ਇਹ ਵੀ ਖੁਲਾਸਾ ਕੀਤਾ ਹੈ ਕਿ ਕਈ ਵਾਰ ਗੁਗਨੀ ਜੇਲ ਦੇ ਅੰਦਰੋਂ ਮੋਬਾਇਲ 'ਤੇ ਉਸ ਨੂੰ ਹੁਕਮ ਦਿਆ ਕਰਦਾ ਸੀ।
ਮੈਨੇਜਰ ਦੇ ਕਬਜ਼ੇ 'ਚੋਂ ਬਰਾਮਦ ਹੋਈਆਂ ਲੈਣ-ਦੇਣ ਦੀਆਂ 2 ਡਾਇਰੀਆਂ
ਪੁਲਸ ਅਧਿਕਾਰੀ ਨੇ ਦੱਸਿਆ ਕਿ ਮੈਨੇਜਰ ਦੇ ਕਬਜ਼ੇ 'ਚੋਂ 2 ਡਾਇਰੀਆਂ ਬਰਾਮਦ ਹੋਈਆਂ ਹਨ, ਜਿਸ ਵਿਚ ਲੱਖਾਂ ਰੁਪਏ ਦੇ ਲੈਣ-ਦੇਣ ਦਾ ਹਿਸਾਬ-ਕਿਤਾਬ ਹੈ, ਜਿਸ ਦੀ ਛਾਣਬੀਣ ਕੀਤੀ ਜਾ ਰਹੀ ਹੈ। ਪਾਦਰੀ ਕਤਲ ਕੇਸ 'ਚ ਜੋੜੀ ਸਖ਼ਤ ਧਾਰਾ ਪਾਦਰੀ ਕਤਲ ਕੇਸ ਵਿਚ ਪੁਲਸ ਨੇ ਅਨਲਾਅਫੁਲ ਐਕਟੀਵਿਟੀਜ਼ 10/11/16 ਪ੍ਰੀਵੈਂਸ਼ਨ ਐਕਟ 2008 ਦੀ ਸਖ਼ਤ ਧਾਰਾ ਜੋੜ ਦਿੱਤੀ ਹੈ। ਇਹ ਧਾਰਾ ਉਸ ਸਮੇਂ ਲਾਈ ਜਾਂਦੀ ਹੈ, ਜਦੋਂ ਕਿਸੇ ਅਪਰਾਧ ਪਿੱਛੇ ਦੇਸ਼ ਵਿਰੋਧੀ ਤਾਕਤਾਂ ਦਾ ਹੱਥ ਸਾਹਮਣੇ ਆਉਂਦਾ ਹੈ।
15 ਲੱਖ ਮਿਲੇ ਸਨ ਰਮਨਦੀਪ ਨੂੰ
ਪੰਜਾਬ ਵਿਚ ਪਿਛਲੇ 2 ਸਾਲਾਂ ਵਿਚ ਟੀਚਾ ਮਿਥ ਕੇ ਕੀਤੇ ਕਤਲਾਂ ਦੇ ਕੇਸ ਵਿਚ ਗ੍ਰਿਫਤਾਰ ਕੀਤੇ ਗਏ ਸ਼ੱਕੀ ਅੱਤਵਾਦੀ ਰਮਨਦੀਪ ਸਿੰਘ ਉਰਫ ਬੁੱਗਾ ਨੂੰ 15 ਲੱਖ ਰੁਪਏ ਮਿਲੇ ਹਨ। ਇਹ ਸਨਸਨੀਖੇਜ਼ ਖੁਲਾਸਾ ਹੁਣ ਤੱਕ ਹੋਈ ਜਾਂਚ ਵਿਚ ਹੋਇਆ ਹੈ, ਜਿਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਪਰ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਇਹ ਰਾਸ਼ੀ ਆਨ ਰਿਕਾਰਡ ਸਾਹਮਣੇ ਆਈ ਹੈ, ਜੋ ਕਿ ਕਈ ਮਾਧਿਅਮਾਂ ਨਾਲ ਉਸ ਤੱਕ ਪੁੱਜੀ।
ਨੋਟੀਫਿਕੇਸ਼ਨ ਤੋਂ ਬਾਅਦ ਸਾਰੇ ਦੋਸ਼ੀ ਸੌਂਪ ਦਿੱਤੇ ਜਾਣਗੇ ਐੱਨ. ਆਈ. ਏ. ਨੂੰ
ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਅਤੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਚਾਹੇ ਜਾਂਚ ਦਾ ਜ਼ਿੰਮਾ ਐੱਨ. ਆਈ. ਏ. ਨੂੰ ਦੇਣ ਦਾ ਐਲਾਨ ਕਰ ਦਿੱਤਾ ਹੈ ਪਰ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਜਦੋਂ ਤੱਕ ਗ੍ਰਹਿ ਮੰਤਰਾਲੇ ਵੱਲੋਂ ਕੋਈ ਨੋਟੀਫਿਕੇਸ਼ਨ ਨਹੀਂ ਆਉਂਦਾ, ਉਦੋਂ ਤੱਕ ਸ਼ੇਰਾ ਅਤੇ ਰਮਨਦੀਪ ਨੂੰ ਛੱਡ ਕੇ ਬਾਕੀ ਗ੍ਰਿਫਤਾਰ ਕੀਤੇ ਦੋਸ਼ੀ ਪੁਲਸ ਹਿਰਾਸਤ 'ਚ ਰਹਿਣਗੇ ਅਤੇ ਪੁਲਸ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ। ਜਿਉਂ ਹੀ ਨੋਟੀਫਿਕੇਸ਼ਨ ਮਿਲ ਜਾਵੇਗਾ, ਸਾਰੇ ਦੋਸ਼ੀਆਂ ਅਤੇ ਦਸਤਾਵੇਜ਼ਾਂ ਨੂੰ ਐੱਨ. ਆਈ. ਏ. ਦੇ ਹਵਾਲੇ ਕਰ ਦਿੱਤਾ ਜਾਵੇਗਾ।


Related News