ਅੱਤਵਾਦੀਆਂ ਨੂੰ ਮਾਰਨ ਤੇ ਗੈਂਗਸਟਰਾਂ ਨੂੰ ਫੜਨ ਵਾਲੇ ਮੁਲਾਜ਼ਮ ਨੂੰ ਡਿਸਮਿਸ ਕੀਤੇ ਜਾਣ ਨਾਲ ਵਿਭਾਗ ''ਚ ਭੱਜ-ਦੌੜ

07/24/2017 12:34:11 PM

ਲੁਧਿਆਣਾ (ਪੰਕਜ) : ਦਰਜਨਾਂ ਖਤਰਨਾਕ ਗੈਂਗਸਟਰਾਂ ਨੂੰ ਫੜਨ 'ਚ ਅਹਿਮ ਭੂਮਿਕਾ ਨਿਭਾਉਣ ਸਮੇਤ ਪੰਜਾਬ 'ਚ ਅੱਤਵਾਦ ਦੌਰਾਨ ਕਈ ਵਾਰ ਖਤਰਨਾਕ ਅੱਤਵਾਦੀਆਂ ਨਾਲ ਸਿੱਧਾ ਮੁਕਾਬਲਾ ਕਰਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਵਾਲੇ ਇਕ ਪੁਲਸ ਮੁਲਾਜ਼ਮ, ਜਿਸ ਨੂੰ ਬੀਤੇ ਮਹੀਨੇ ਵਿਭਾਗ ਵੱਲੋਂ ਪ੍ਰਮੋਟ ਕਰ ਕੇ ਏ. ਐੱਸ. ਆਈ. ਰੈਂਕ ਨਾਲ ਨਿਵਾਜਿਆ ਗਿਆ ਸੀ, ਨੂੰ ਵਿਭਾਗ ਵਿਰੋਧੀ ਗਤੀਵਿਧੀਆਂ 'ਚ ਨਾਮਜ਼ਦ ਕਰ ਕੇ ਪੁਲਸ ਕਮਿਸ਼ਨਰ ਵੱਲੋਂ ਸਿੱਧਾ ਨੌਕਰੀ ਤੋਂ ਡਿਸਮਿਸ ਕਰਨ ਦੀ ਖ਼ਬਰ ਨਾਲ ਪੁਲਸ ਵਿਭਾਗ 'ਚ ਹੇਠਲੇ ਪੱਧਰ ਦੇ ਕਰਮਚਾਰੀਆਂ ਦਾ ਮਨੋਬਲ ਡਿਗਦਾ ਦਿਖਾਈ ਦੇ ਰਿਹਾ ਹੈ।
ਵਫਾਦਾਰ ਅਤੇ ਅਨੁਸ਼ਾਸਿਤ ਮੰਨੇ ਜਾਣ ਵਾਲੀ ਪੰਜਾਬ ਪੁਲਸ ਹਾਲਾਂਕਿ ਜਨਤਕ ਤੌਰ 'ਤੇ ਇਸ ਫੈਸਲੇ 'ਤੇ ਟੀਕਾ-ਟਿੱਪਣੀ ਨਹੀਂ ਕਰ ਰਹੀ ਪਰ ਅੰਦਰਖਾਤੇ ਉੱਚ ਅਧਿਕਾਰੀਆਂ ਨੇ ਇਸ ਫੈਸਲੇ ਦੇ ਵਿਰੋਧ ਵਿਚ ਗੁਫਤਗੂ ਹੋਣ ਦੀ ਚਰਚਾ ਹੈ। ਸੂਤਰਾਂ ਦੀ ਮੰਨੀਏ ਤਾਂ ਨਸ਼ੇ ਦੇ ਆਦੀ ਇਕ ਦੋਸ਼ੀ ਦੇ ਪਿਤਾ, ਜੋ ਕਿ ਪੁਲਸ ਮੁਖ਼ਬਰ ਹਨ ਅਤੇ ਕਈ ਵਾਰ ਪੁਲਸ ਲਈ ਸੰਜੀਵਨੀ ਬੂਟੀ ਬਣਿਆ ਸੀ, ਸਾਰਾ ਮਾਮਲਾ ਉਸ ਦੇ ਨਾਲ ਜੁੜਿਆ ਹੈ। ਉਸ ਦੇ ਬੇਟੇ ਨੂੰ ਫੜਨ ਗਈ ਪੁਲਸ ਪਾਰਟੀ ਦੀ ਫੋਨ 'ਤੇ ਗੱਲ ਕਰਵਾਉਣ ਦੀ ਗਲਤੀ ਏ. ਐੱਸ. ਆਈ. ਕੰਵਲਜੀਤ ਲਈ ਸਰਾਪ ਸਾਬਿਤ ਹੋਈ ਅਤੇ ਉਸ ਨੂੰ ਵਿਭਾਗ ਤੋਂ ਡਿਸਮਿਸ ਕਰ ਦਿੱਤਾ ਗਿਆ। ਅੱਤਵਾਦ ਦੇ ਦੌਰ ਵਿਚ ਵਿਭਾਗ 'ਚ ਬਤੌਰ ਕਾਂਸਟੇਬਲ ਨੌਕਰੀ ਕਰਨ ਵਾਲੇ ਕੰਵਲਜੀਤ ਨੇ ਵੱਖ-ਵੱਖ ਥਾਣਿਆਂ ਵਿਚ ਡਿਊਟੀ ਦੌਰਾਨ 19 ਬਲਾਈਂਡ ਮਡਰ ਹੱਲ ਕਰਨ ਦਾ ਰਿਕਾਰਡ ਦਰਜ ਹੈ। ਇੰਨਾ ਹੀ ਨਹੀਂ ਅੱਤਵਾਦ ਦੌਰਾਨ ਡੇਹਲੋਂ ਥਾਣਾ ਦੇ ਅਧੀਨ ਪੈਂਦੇ ਪਿੰਡ ਮੇਰਨਾ 'ਚ ਏਰੀਆ ਕਮਾਂਡਰ ਵਧੇਲ ਸਿੰਘ ਅਬੂਵਾਲਾ ਦੀ ਅਗਵਾਈ 'ਚ ਸ਼ਾਮਲ 15 ਹੋਰ ਖਤਰਨਾਕ ਅੱਤਵਾਦੀਆਂ ਨਾਲ ਹੋਏ ਸਿੱਧੇ ਮੁਕਾਬਲੇ ਵਾਲੀ ਟੀਮ 'ਚ ਵੀ ਕੰਵਲਜੀਤ ਸਿੰਘ ਸ਼ਾਮਲ ਸੀ, ਜਿਸ 'ਚ ਇਕ ਹੈੱਡਕਾਂਸਟੇਬਲ ਦੀ ਮੌਤ ਅਤੇ ਦੂਜਾ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਸੀ। ਇੰਸ. ਸਮਸ਼ੇਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ 'ਚ ਸ਼ਾਮਲ ਕੰਵਲਜੀਤ ਨੇ ਅੱਤਵਾਦੀਆਂ ਨਾਲ ਹੋਏ ਸਿੱਧੇ ਦੋ ਮੁਕਾਬਲਿਆਂ 'ਚ ਜਾਨ ਦੀ ਬਾਜ਼ੀ ਲਗਾਈ ਸੀ। ਵਿਭਾਗ ਵੱਲੋਂ ਉਸ ਨੂੰ ਪ੍ਰਸ਼ੰਸਾ ਪੱਤਰ ਅਤੇ ਨਕਦ ਇਨਾਮ ਵੀ ਦਿੱਤਾ ਗਿਆ ਸੀ। ਇਨ੍ਹਾਂ ਮੁਕਾਬਲਿਆਂ ਵਿਚ ਪੁਲਸ ਨੇ ਕੁੱਲ 5 ਨਾਮੀ ਅੱਤਵਾਦੀ ਮਾਰ ਦਿੱਤੇ ਸਨ, ਜਿਨ੍ਹਾਂ 'ਚ ਕਈਆਂ ਦੇ ਸਿਰ 'ਤੇ ਲੱਖਾਂ ਰੁਪਏ ਦਾ ਨਕਦ ਇਨਾਮ ਸੀ। ਪੰਜਾਬ 'ਚ ਇਕ ਨਾਮੀ ਸ਼ਖਸੀਅਤ ਨੂੰ ਅਗਵਾ ਕਰਕੇ ਸਿੰਘਾਪੁਰ 'ਚ 10 ਕਰੋੜ ਦੀ ਫਿਰੌਤੀ ਵਸੂਲਣ ਵਾਲੇ ਗੈਂਗਸਟਰ ਨਾਲ ਬਿਆਸ ਏਰੀਆ 'ਚ ਹੋਏ ਪੁਲਸ ਐਨਕਾਊਂਟਰ ਵਾਲੀ ਟੀਮ 'ਚ ਸ਼ਾਮਲ ਇਸ ਕਰਮਚਾਰੀ ਦੇ ਖਾਤੇ 'ਚ ਜਿਥੇ ਦਰਜਨਾਂ ਗੈਂਗ ਬਰੇਕ ਕਰਨ ਦਾ ਰਿਕਾਰਡ ਹੈ। ਉਥੇ ਵੱਖ-ਵੱਖ ਮਾਮਲਿਆਂ ਵਿਚ ਪੀ. ਓ. ਕਰਾਰ ਦਿੱਤੇ ਜਾ ਚੁੱਕੇ ਅਪਰਾਧੀਆਂ ਨੂੰ ਵੀ ਇਨ੍ਹਾਂ ਨੇ ਗ੍ਰਿਫਤਾਰ ਕੀਤਾ ਸੀ।
ਮੁੱਖ ਮੰਤਰੀ ਵੱਲੋਂ ਗੈਂਗਸਟਰਾਂ ਖਿਲਾਫ ਗਠਿਤ ਐੱਸ. ਟੀ. ਐੱਫ. ਟੀਮ 'ਚ ਸ਼ਾਮਲ ਇਸ ਕਰਮਚਾਰੀ ਨੇ ਪੰਜਾਬ ਵਿਚ ਅੱਤਵਾਦ ਦਾ ਦੂਜਾ ਨਾਂ ਬਣ ਚੁੱਕੇ ਗੈਂਗਸਟਰ ਗੋਰੂ ਬੱਚਾ ਨੂੰ ਗ੍ਰਿਫਤਾਰ ਕਰਨ 'ਚ ਅਹਿਮ ਰੋਲ ਅਦਾ ਕੀਤਾ ਸੀ, ਜਿਸ 'ਤੇ ਉਸ ਨੂੰ ਡੀ. ਜੀ. ਪੀ. ਵੱਲੋਂ ਪ੍ਰਮੋਟ ਕਰਕੇ ਏ. ਐੱਸ. ਆਈ. ਬਣਾਇਆ ਗਿਆ ਸੀ। ਇੰਨਾ ਹੀ ਨਹੀਂ ਫਿਰੋਜ਼ਪੁਰ ਏਰੀਆ 'ਚ ਕਈ ਕਤਲਾਂ 'ਚ ਨਾਮਜ਼ਦ ਖਤਰਨਾਕ ਗੈਂਗਸਟਰ ਬੱਗਾ ਖਾਨ ਅਤੇ ਗੋਇਆ ਖਾਨ ਨੂੰ ਦਬੋਚਣ 'ਚ ਇਸ ਦਾ ਵਿਸ਼ੇਸ਼ ਰੋਲ ਸੀ।


Related News