ਦਹਿਸ਼ਤ ਦੇ ਪ੍ਰਛਾਵੇਂ ਹੇਠ ਜਿਊ ਰਹੇ ਹਨ ਵਣਕਰਨਪੁਰ ਵਾਸੀ

08/21/2018 1:38:20 AM

ਤਲਵਾੜਾ,   (ਜ.ਬ.)-  ਪਿੰਡ ਵਣਕਰਨਪੁਰ ਵਾਸੀ ਅੱਜਕਲ ਦਹਿਸ਼ਤ ਦੇ ਪ੍ਰਛਾਵੇਂ ਹੇਠ ਜਿਊ ਰਹੇ ਹਨ।  ਅੱਜ ਸਵੇਰੇ ਲੋਕਾਂ ਵਿਚ ਉਸ ਸਮੇਂ ਭਾਜੜ ਮਚ ਗਈ ਜਦੋਂ ਕੁਝ ਲੋਕਾਂ ਨੂੰ ਜਾਨੋਂ ਮਾਰਨ ਦੇ ਧਮਕੀ ਭਰੇ ਪੱਤਰ ਪਿੰਡ ਦੀਆਂ ਗਲੀਆਂ ’ਚ ਪਏ ਮਿਲੇ। ਇਨ੍ਹਾਂ ਪੱਤਰਾਂ ’ਚ ਪਿੰਡ ਦੇ 80 ਸਾਲ ਦੇ ਬਜ਼ੁਰਗ ਤੋਂ ਲੈ ਕੇ 8 ਮਹੀਨੇ ਤੱਕ ਦੇ ਬੱਚਿਆਂ ਦੇ ਨਾਂ ਲਿਖ ਕੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸਿੱਧੇ ਤੌਰ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। 

ਹਾਦਸਾ ਵਾਪਰਨ ’ਤੇ ਪ੍ਰਸ਼ਾਸਨ ਸਿਰ ਹੋਵੇਗੀ ਜ਼ਿੰਮੇਵਾਰੀ
ਸਰਪੰਚ ਰਾਕੇਸ਼ ਕੁਮਾਰ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਅੱਜ  ਸਵੇਰੇ ਉਸ ਸਮੇਂ ਤਾਂ ਹੱਦ ਹੀ ਹੋ ਗਈ ਜਦੋਂ ਪੱਥਰਾਂ ਦੇ ਨਾਲ-ਨਾਲ ਪਿੰਡ ਦੀਆਂ ਗਲੀਆਂ ’ਚੋਂ ਫੋਟੋਸਟੇਟ ਕੀਤੇ ਹੋਏ ਪੱਤਰ ਹੱਥ ਲੱਗੇ, ਜਿਨ੍ਹਾਂ ’ਤੇ ਮੁਹੱਲੇ ਦੇ ਕੁਝ ਵਿਅਕਤੀਆਂ ਦੇ ਨਾਂ ਲਿਖ ਕੇ ਕਿਹਾ ਗਿਆ ਹੈ ਕਿ ਬਹੁਤ ਜਲਦ ਇਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ। ਸਰਪੰਚ ਸਮੇਤ ਲੋਕਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਪੁਲਸ ਸਟੇਸ਼ਨ ਵਿਚ ਕਈ ਵਾਰ ਅਰਜ਼ੀ ਦਿੱਤੀ ਹੈ ਅਤੇ ਪੁਲਸ ਮੌਕਾ ਦੇਖਣ ਵੀ ਆਈ  ਪਰ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ’ਚ ਕੋਈ ਵੱਡਾ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਸਿਰ ਹੋਵੇਗੀ।

ਪਿੰਡ ’ਚ ਰਾਤ ਨੂੰ ਹੁੰਦਾ ਹੈ ਪਥਰਾਅ
ਸਰਪੰਚ ਰਾਕੇਸ਼ ਕੁਮਾਰ ਤੇ ਪਿੰਡ ਦੇ ਮੁਹੱਲਾ ਪਲਿਆਲਾ (ਸਾਂਡਪੁਰ) ਵਾਸੀਆਂ ਨਵਨੀਸ਼ ਕੁਮਾਰ, ਪਿਆਰੇ ਲਾਲ, ਸੁਨੀਲ ਕੁਮਾਰ ਆਦਿ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਪਿੰਡ ’ਚ ਕਈ ਵਾਰ ਰਾਤ ਸਮੇਂ ਪਥਰਾਅ ਵੀ ਹੁੰਦਾ ਹੈ ਅਤੇ ਕਦੇ ਜੰਗਲ ’ਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਹਨ। ਰਾਤ ਅੱਠ ਵਜੇ ਤੋਂ ਬਾਅਦ ਸਵੇਰੇ ਢਾਈ ਵਜੇ ਤੱਕ ਵੀ ਪਥਰਾਅ ਹੁੰਦਾ ਹੈ। ਮੁਹੱਲੇ ’ਚ ਚਾਰੇ ਪਾਸਿਓਂ ਪੱਥਰ ਆਉਂਦੇ ਹਨ, ਜਿਸ ਨਾਲ ਕਈ ਘਰਾਂ ਦਾ ਨੁਕਸਾਨ ਹੋ ਚੁੱਕਾ ਹੈ। ਸ਼ੀਸ਼ੇ, ਖਿਡ਼ਕੀਆਂ ਆਦਿ ਟੁੱਟ ਚੁੱਕੀਆਂ ਹਨ। ਇੰਨਾ ਹੀ ਨਹੀਂ ਬੀਤੇ ਦਿਨੀਂ ਪਿਆਰੇ ਲਾਲ ਦੇ ਘਰ ’ਚ ਚੋਰੀ ਵੀ ਹੋ ਚੁੱਕੀ ਹੈ   ਪਰ ਪ੍ਰਸ਼ਾਸਨ  ਵੱਲੋਂ ਇਸ ਦਿਸ਼ਾ ਵਿਚ ਕੀਤੀ ਕੋਈ ਕਾਰਵਾਈ ਨਜ਼ਰ ਨਹੀਂ ਆਉਂਦੀ। 
ਕੀ ਕਹਿੰਦੇ ਹਨ ਥਾਣਾ ਮੁਖੀ
ਇਸ ਸਬੰਧੀ  ਜਦੋਂ ਥਾਣਾ ਤਲਵਾਡ਼ਾ ਦੇ ਐੱਸ. ਐੱਚ. ਓ. ਵਿਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਖੁਦ ਮੌਕਾ ਦੇਖ ਕੇ ਆਏ ਹਨ। ਜਾਂਚ-ਪਡ਼ਤਾਲ ਚੱਲ ਰਹੀ ਹੈ ਅਤੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।


Related News