ਪੰਜਾਬ ’ਚ 45 ਗੈਂਗਸਟਰ ਸਰਗਰਮ, ਗਾਇਕਾਂ ਤੇ ਅਭਿਨੇਤਾਵਾਂ ਤੋਂ ਲੈ ਵੀ ਚੁੱਕੇ ਨੇ 10-10 ਲੱਖ ਦੀ ਰੰਗਦਾਰੀ

Saturday, Jun 04, 2022 - 05:35 PM (IST)

ਪੰਜਾਬ ’ਚ 45 ਗੈਂਗਸਟਰ ਸਰਗਰਮ, ਗਾਇਕਾਂ ਤੇ ਅਭਿਨੇਤਾਵਾਂ ਤੋਂ ਲੈ ਵੀ ਚੁੱਕੇ ਨੇ 10-10 ਲੱਖ ਦੀ ਰੰਗਦਾਰੀ

ਜਲੰਧਰ (ਨੈਸ਼ਨਲ ਡੈਸਕ)– ਪੰਜਾਬ ਪੁਲਸ ਦਾ ਅਨੁਮਾਨ ਹੈ ਕਿ ਸੂਬੇ ਵਿਚ ਘੱਟੋ-ਘੱਟ 45 ਗੈਂਗਸਟਰ ਸਰਗਰਮ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਭਾਰਤ ਅਤੇ ਵਿਦੇਸ਼ ਵਿਚ ਬੈਠੇ ਗੈਂਗਸਟਰ ਕਾਂਟ੍ਰੈਕਟ ਕਿਲਿੰਗ ਲਈ ਨੌਜਵਾਨਾਂ ਨੂੰ ਕੰਮ ’ਤੇ ਰੱਖ ਰਹੇ ਹਨ। ਇਸ ਤੋਂ ਇਲਾਵਾ ਗੈਂਗਸਟਰਾਂ ਦੇ ਅੰਤਰਰਾਜੀ ਸਬੰਧ ਪੁਲਸ ਲਈ ਸਿਰਦਰਦ ਸਾਬਤ ਹੋ ਰਹੇ ਹਨ।
ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਘੱਟੋ-ਘੱਟ 6 ਪੰਜਾਬੀ ਗਾਇਕਾਂ ਅਤੇ ਅਭਿਨੇਤਾਵਾਂ ਨੇ ਇਨ੍ਹਾਂ ਗੈਂਗਸਟਰਾਂ ਨੂੰ 2 ਮਹੀਨਿਆਂ ’ਚ 10-10 ਲੱਖ ਰੁਪਏ ਦੀ ਸੁਰੱਖਿਆ ਰਾਸ਼ੀ (ਰੰਗਦਾਰੀ) ਦਾ ਭੁਗਤਾਨ ਕੀਤਾ ਹੈ। ਇਸ ਤਰ੍ਹਾਂ ਦੀਆਂ ਖ਼ਬਰਾਂ ਤੋਂ ਹੱਕੀ-ਬੱਕੀ ਸੂਬਾ ਪੁਲਸ ਨੇ ਐਂਟੀ-ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ਼.) ਦਾ ਗਠਨ ਕੀਤਾ ਹੈ, ਜੋ ਇਨ੍ਹਾਂ ਗੈਂਗਸਟਰਾਂ ਦੀਆਂ ਸਰਗਰਮੀਆਂ ਬਾਰੇ ਨਵੇਂ ਸਿਰਿਓਂ ਜਾਂਚ ਕਰੇਗੀ।

ਜੇਲ੍ਹਾਂ ’ਚ ਬੰਦ ਹਨ 250 ਗੈਂਗਸਟਰ
ਇਕ ਮੀਡੀਆ ਰਿਪੋਰਟ ’ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪੁਲਸ ਨੇ ਕੁਝ ਸਾਲ ਪਹਿਲਾਂ ਸੂਬੇ ’ਚ 545 ਗੈਂਗਸਟਰਾਂ ਨੂੰ ਸੂਚੀਬੱਧ ਕੀਤਾ ਸੀ। ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਜੈਪਾਲ ਵਰਗੇ ਵੱਡੇ ਅਪਰਾਧੀਆਂ ਦਾ ਸਫ਼ਾਇਆ ਕਰਦੇ ਹੋਏ ਪੁਲਸ ਨੇ ਉਨ੍ਹਾਂ ਵਿਚੋਂ 500 ਖ਼ਿਲਾਫ਼ ਕਾਰਵਾਈ ਕੀਤੀ ਸੀ। ਉਨ੍ਹਾਂ ਵਿਚੋਂ ਘੱਟੋ-ਘੱਟ 250 ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਹਨ, ਜਦੋਂਕਿ ਹੋਰ ਪੰਜਾਬ ਤੋਂ ਭੱਜ ਗਏ ਹਨ। 4 ਸਾਲਾਂ ’ਚ 6 ਵੱਖ-ਵੱਖ ਗਿਰੋਹ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਸਾਹਮਣੇ ਆਏ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਗਿਰੋਹਾਂ ਬਾਰੇ ਮੁੜ ਮੁਲਾਂਕਣ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਸੰਗਰੂਰ ਜ਼ਿਮਨੀ ਚੋਣ ਲਈ ‘ਆਪ’ ਨੇ ਐਲਾਨਿਆ ਉਮੀਦਵਾਰ

ਫਿਲਮ ਇੰਡਸਟਰੀ ’ਚ ਕਰ ਰਹੇ ਹਨ ਨਿਵੇਸ਼
ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਗਿਰੋਹਾਂ ਨੇ ਪੰਜਾਬ ਦੇ ਵਧਦੇ-ਫੁਲਦੇ ਸੰਗੀਤ ਅਤੇ ਫਿਲਮ ਇੰਡਸਟਰੀ ’ਚ ਨਿਵੇਸ਼ ਕੀਤਾ ਹੈ। ਉਨ੍ਹਾਂ ਦੇ ਵਿੱਤੀ ਦਾਅ ਉੱਚੇ ਹਨ, ਇਸ ਲਈ ਉਹ ਗਾਇਕਾਂ ਅਤੇ ਅਭਿਨੇਤਾਵਾਂ ਨੂੰ ਡਿਸਟ੍ਰੀਬਿਊਸ਼ਨ ਦੇ ਅਧਿਕਾਰ ਹਾਸਲ ਕਰਨ ਲਈ ਧਮਕਾਉਂਦੇ ਹਨ। ਗੈਂਗਸਟਰਾਂ ਨੇ ਸੂਬੇ ਦੇ ਛੋਟੇ ਸ਼ਹਿਰਾਂ ’ਚ ਵੱਖ-ਵੱਖ ਲੀਗਾਂ ਦੇ ਕਬੱਡੀ ਖਿਡਾਰੀਆਂ ’ਤੇ ਹਮਲਾ ਕਰਕੇ ਉਨ੍ਹਾਂ ਦਾ ਕਤਲ ਵੀ ਕਰ ਦਿੱਤਾ ਹੈ। ਪੁਲਸ ਨੂੰ ਕੁਝ ਅਪਰਾਧੀਆਂ ਦੀਆਂ ਜੇਲ੍ਹਾਂ ਵਿਚ ਚੱਲ ਰਹੀਆਂ ਕਾਰਵਾਈਆਂ ਬਾਰੇ ਪਤਾ ਹੈ। ਪਿਛਲੇ ਸਾਲ ਜੇਲ੍ਹਾਂ ’ਚੋਂ 2900 ਤੋਂ ਵੱਧ ਮੋਬਾਇਲ ਫੋਨ ਬਰਾਮਦ ਕੀਤੇ ਗਏ ਸਨ। ਇਸ ਸਾਲ ਦੀ ਗਿਣਤੀ 1300 ਹੈ। ਲਾਰੈਂਸ ਬਿਸ਼ਨੋਈ ਅਤੇ ਬੰਬੀਹਾ ਗਰੁੱਪ ਦੀ ਅਗਵਾਈ ’ਚ ਗਿਰੋਹ ਦੇ ਮੈਂਬਰ ਇਕ-ਦੂਜੇ ਦਾ ਵਿਰੋਧ ਕਰਦੇ ਹਨ ਅਤੇ ਵਿਰੋਧੀ ਮੈਂਬਰਾਂ ਅਤੇ ਉਨ੍ਹਾਂ ਨਾਲ ਸਬੰਧਤ ਲੋਕਾਂ ਨੂੰ ਮਾਰਨ ਦਾ ਕੋਈ ਮੌਕਾ ਨਹੀਂ ਛੱਡਦੇ। ਪੁਲਸ ਸੂਤਰਾਂ ਨੇ ਦੱਸਿਆ ਕਿ ਹੋਰ ਸੂਬਿਆਂ ਦੇ ਗਿਰੋਹ ਪੰਜਾਬ ਵਿਚਲੇ ਗਿਰੋਹਾਂ ਨਾਲ ਜੁੜ ਰਹੇ ਹਨ। ਹਰੇਕ ਗਿਰੋਹ ਆਪਣਾ ਦਬਦਬਾ ਸਾਬਤ ਕਰਨਾ ਚਾਹੁੰਦਾ ਹੈ। ਹਾਲਾਂਕਿ ਇਸ ਤੋਂ ਵੀ ਵੱਡੀ ਚਿੰਤਾ ਇਹ ਹੈ ਕਿ ਇਹ ਗਿਰੋਹ ਗੈਂਗਸਟਰ ਅਤੇ ਅੱਤਵਾਦੀ ਸੰਗਠਨਾਂ ਦੇ ਸੰਪਰਕ ’ਚ ਹਨ, ਜੋ ਉਨ੍ਹਾਂ ਨੂੰ ਸਰਹੱਦ ਪਾਰ ਤੋਂ ਹਥਿਆਰ ਸਪਲਾਈ ਕਰਦੇ ਹਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਭਾਈ ਮਰਦਾਨਾ ਦੀਵਾਨ ਹਾਲ 'ਚੋਂ ਮਿਲੀ ਬਜ਼ੁਰਗ ਦੀ ਲਾਸ਼

ਪੰਜਾਬ ਗੈਂਗਵਾਰ ਦਾ ਸੇਕ ਐੱਨ. ਸੀ. ਆਰ. ਤਕ ਪਹੁੰਚਿਆ
ਮੂਸੇਵਾਲਾ ਹੱਤਿਆਕਾਂਡ ਤੋਂ ਬਾਅਦ ਪੰਜਾਬ ਦੇ ਜਿਨ੍ਹਾਂ 2 ਗੈਂਗਸਟਰਾਂ ਦਰਮਿਆਨ ਦਬਦਬੇ ਨੂੰ ਲੈ ਕੇ ਸ਼ੁਰੂ ਹੋਈ ਜੰਗ ਦਾ ਖ਼ੁਲਾਸਾ ਹੋਇਆ ਹੈ, ਉਸ ਦਾ ਸੇਕ ਹੁਣ ਐੱਨ. ਸੀ. ਆਰ. ਤਕ ਪਹੁੰਚ ਗਿਆ ਹੈ। ਦੋਵਾਂ ਪਾਸਿਆਂ ਦੇ ਇਨ੍ਹਾਂ ਦੇ ਮਦਦਗਾਰ ਮੰਨੇ ਜਾਣ ਵਾਲੇ ਐੱਨ. ਸੀ. ਆਰ. ਦੇ ਗੈਂਗਸਟਰਾਂ ਦਰਮਿਆਨ ਹੁਣ ਗੈਂਗਵਾਰ ਦਾ ਡਰ ਵਧ ਗਿਆ ਹੈ। ਇਸ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਦਿੱਲੀ ਪੁਲਸ ਅਲਰਟ ਮੋਡ ’ਤੇ ਹੈ ਅਤੇ ਉਸ ਨੇ ਦੋਵਾਂ ਗੈਂਗਾਂ ਦੇ ਮੈਂਬਰਾਂ ’ਤੇ ਤਿੱਖੀ ਨਜ਼ਰ ਗੱਡੀ ਹੋਈ ਹੈ।

ਖ਼ਾਸ ਗੱਲ ਇਹ ਹੈ ਕਿ ਪੰਜਾਬ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਦਵਿੰਦਰ ਬੰਬੀਹਾ ਗੈਂਗ ਦਰਮਿਆਨ ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਆਪਣਾ-ਆਪਣਾ ਸਿੱਕਾ ਜਮਾਉਣ ਲਈ ਚੱਲ ਰਹੀ ਵਜੂਦ ਦੀ ਲੜਾਈ ’ਚ ਦੋਵਾਂ ਧੜ੍ਹਿਆਂ ਨੂੰ ਐੱਨ. ਸੀ. ਆਰ. ਦੇ ਟਾਪ ਟੈੱਨ ਗੈਂਗਸਟਰਾਂ ਦਾ ਧੜ੍ਹਾ ਸੁਪੋਰਟ ਕਰ ਰਿਹਾ ਹੈ। ਇਸ ਵਿਚ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ 5 ਗੈਂਗਸਟਰ ਖੜ੍ਹੇ ਹਨ ਤਾਂ ਦਵਿੰਦਰ ਬੰਬੀਹਾ ਗੈਂਗ ਵੱਲੋਂ ਬਿਸ਼ਨੋਈ ਧੜ੍ਹੇ ਦੇ 5 ਗੈਂਗਸਟਰ ਤਿਆਰ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਚੱਲ ਰਹੀ ਵਜੂਦ ਦੀ ਇਸ ਲੜਾਈ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਆਰਮੇਨੀਆ ਅਤੇ ਕੈਨੇਡਾ ਤੋਂ ਚਲਾਇਆ ਜਾ ਰਿਹਾ ਹੈ। ਇਸ ਵਿਚ ਲਾਰੈਂਸ ਬਿਸ਼ਨੋਈ ਦੇ ਇਸ਼ਾਰੇ ’ਤੇ ਕੈਨੇਡਾ ’ਚ ਬੈਠਾ ਗੈਂਗਸਟਰ ਗੋਲਡੀ ਬਰਾੜ ਗੈਂਗ ਦੀ ਕਮਾਨ ਸੰਭਾਲ ਰਿਹਾ ਹੈ ਤਾਂ ਦੂਜੇ ਪਾਸੇ ਦਵਿੰਦਰ ਬੰਬੀਹਾ ਦੇ ਐਨਕਾਊਂਟਰ ’ਚ ਮਾਰੇ ਜਾਣ ਤੋਂ ਬਾਅਦ ਲੱਕੀ ਪਟਿਆਲ ਆਰਮੇਨੀਆ ਤੋਂ ਗਿਰੋਹ ਨੂੰ ਚਲਾ ਰਿਹਾ ਹੈ।

ਇਹ ਵੀ ਪੜ੍ਹੋ: ਘਾਤਕ ਹਥਿਆਰਾਂ ਦਾ ਗੜ੍ਹ ਬਣ ਰਿਹਾ ਪੰਜਾਬ, ਪਾਕਿਸਤਾਨ ਤੋਂ ਡਰੋਨ ਜ਼ਰੀਏ ਪਹੁੰਚ ਰਹੇ ਹਥਿਆਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News